
ਭੁਬਨੇਸ਼ਵਰ, 20 ਫਰਵਰੀ – ਆਪਣੀ ਪਿਛਲੀ ਹਾਰ ਤੋਂ ਸਬਕ ਲੈਂਦਿਆਂ ਭਾਰਤੀ ਪੁਰਸ਼ ਹਾਕੀ ਟੀਮ ਨੇ ਗੁਰਜੰਟ ਸਿੰਘ ਦੇ ਸ਼ਾਨਦਾਰ ਫੀਲਡ ਗੋਲ ਦੀ ਮਦਦ ਨਾਲ ਅੱਜ ਐੱਫਆਈਐੱਚ ਪ੍ਰੋ ਲੀਗ ਦੇ ਮੈਚ ਵਿੱਚ ਵਿਸ਼ਵ ਚੈਂਪੀਅਨ ਜਰਮਨੀ ਨੂੰ 1-0 ਨਾਲ ਮਾਤ ਦਿੱਤੀ। ਬੀਤੇ ਦਿਨ ਜਰਮਨੀ ਨੇ ਭਾਰਤ ਨੂੰ 4-1 ਨਾਲ ਹਰਾਇਆ ਸੀ। ਗੁਰਜੰਟ ਨੇ ਖੇਡ ਦੇ ਚੌਥੇ ਮਿੰਟ ਵਿੱਚ ਗੋਲ ਕੀਤਾ। ਭਾਰਤੀ ਟੀਮ ਆਪਣੇ ਪਿਛਲੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਉਭਰ ਕੇ ਸ਼ਾਨਦਾਰ ਖੇਡੀ। ਉਸ ਨੇ ਪਹਿਲੇ ਮਿੰਟ ਤੋਂ ਹੀ ਦਬਦਬਾ ਬਣਾ ਲਿਆ ਅਤੇ ਚੌਥੇ ਕੁਆਰਟਰ ਤੋਂ ਇਲਾਵਾ ਜਰਮਨ ਟੀਮ ਨੂੰ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ।
ਚੌਥੇ ਕੁਆਰਟਰ ਵਿੱਚ ਜਰਮਨੀ ਨੇ ਬਰਾਬਰੀ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਪਰ ਨਾਕਾਮ ਰਿਹਾ। ਉਸ ਨੂੰ ਆਖਰੀ ਕੁਆਰਟਰ ਵਿੱਚ ਮਿਲੇ ਪੰਜ ਪੈਨਲਟੀ ਕਾਰਨਰਾਂ ਸਮੇਤ ਕੁੱਲ ਸੱਤ ਪੈਨਲਟੀ ਕਾਰਨਰ ਮਿਲੇ ਪਰ ਭਾਰਤੀ ਡਿਫੈਂਸ ਬਹੁਤ ਚੌਕਸ ਦਿਖਾਈ ਦਿੱਤਾ। ਭਾਰਤ ਨੂੰ ਵੀ ਦੋ ਪੈਨਲਟੀ ਕਾਰਨਰ ਮਿਲੇ ਪਰ ਉਹ ਵੀ ਗੋਲ ਨਹੀਂ ਕਰ ਸਕਿਆ। ਇਸ ਜਿੱਤ ਤੋਂ ਬਾਅਦ ਭਾਰਤ ਚਾਰ ਮੈਚਾਂ ’ਚੋਂ ਛੇ ਅੰਕਾਂ ਨਾਲ ਪ੍ਰੋ ਲੀਗ ਟੇਬਲ ਵਿੱਚ ਸੱਤਵੇਂ ਸਥਾਨ ’ਤੇ ਹੈ, ਜਦਕਿ ਜਰਮਨੀ ਛੇ ਮੈਚਾਂ ’ਚੋਂ ਸੱਤ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ। ਭਾਰਤ ਹੁਣ ਸ਼ੁੱਕਰਵਾਰ ਨੂੰ ਆਇਰਲੈਂਡ ਨਾਲ ਭਿੜੇਗਾ।
ਹਾਕੀ: ਭਾਰਤੀ ਮਹਿਲਾ ਟੀਮ ਮੁੜ ਸਪੇਨ ਹੱਥੋਂ ਹਾਰੀ
ਭੁਬਨੇਸ਼ਵਰ: ਭਾਰਤੀ ਮਹਿਲਾ ਹਾਕੀ ਟੀਮ ਨੂੰ ਅੱਜ ਇੱਥੇ ਐੱਫਆਈਐੱਚ ਪ੍ਰੋ ਲੀਗ ਵਿੱਚ ਸਪੇਨ ਹੱਥੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਭਾਰਤ ਦੀ ਸਪੇਨ ਹੱਥੋਂ ਲਗਾਤਾਰ ਦੂਜੀ ਹਾਰ ਹੈ। ਬੀਤੇ ਦਿਨ ਵੀ ਸਪੇਨ ਨੇ ਮੇਜ਼ਬਾਨ ਟੀਮ ਨੂੰ 4-3 ਨਾਲ ਹਰਾਇਆ ਸੀ।