ਭਿ੍ਰਸ਼ਟਾਚਾਰ ਤਰੱਕੀਆਂ ’ਤੇ!

ਟਰਾਂਸਪੇਰੈਂਸੀ ਇੰਟਰਨੈਸ਼ਨਲ ਵੱਲੋਂ 2024 ਲਈ ਜਾਰੀ ਭਿ੍ਰਸ਼ਟਾਚਾਰ ਧਾਰਨਾ ਸੂਚਕ ਅੰਕ ਦੱਸਦਾ ਹੈ ਕਿ ਭਿ੍ਰਸ਼ਟਾਚਾਰ ਦੇ ਮਾਮਲੇ ਵਿੱਚ ਕਿਹੜਾ ਦੇਸ਼ ਕਿੱਥੇ ਖੜ੍ਹਾ ਹੈ। ਇਸ ਮੁਤਾਬਕ ਦੁਨੀਆ ਦੇ 180 ਦੇਸ਼ਾਂ ਵਿੱਚ ਭਾਰਤ 96ਵੇਂ ਸਥਾਨ ’ਤੇ ਹੈ। ਰਿਪੋਰਟ ਮੁਤਾਬਕ 2012 ਦੇ ਬਾਅਦ 32 ਦੇਸ਼ ਆਪਣੇ ਭਿ੍ਰਸ਼ਟਾਚਾਰ ਦੇ ਪੱਧਰ ਵਿੱਚ ਵਰਨਣਯੋਗ ਕਮੀ ਲਿਆਏ ਹਨ, ਪਰ 148 ਦੇਸ਼ਾਂ ਵਿੱਚ ਭਿ੍ਰਸ਼ਟਾਚਾਰ ਸਥਿਰ ਚੱਲ ਰਿਹਾ ਹੈ ਜਾਂ ਉਸ ਦੀ ਸਥਿਤੀ ਹੋਰ ਖਰਾਬ ਹੁੰਦੀ ਜਾ ਰਹੀ ਹੈ। ਸਭ ਤੋਂ ਘੱਟ ਭਿ੍ਰਸ਼ਟ ਦੇਸ਼ਾਂ ਵਿੱਚ ਡੈਨਮਾਰਕ ਟਾਪ ’ਤੇ ਹੈ ਅਤੇ ਉਸ ਦੇ ਬਾਅਦ ਫਿਨਲੈਂਡ ਤੇ ਸਿੰਗਾਪੁਰ ਆਉਦੇ ਹਨ। ਭਾਰਤ ਦੇ ਗੁਆਂਢੀਆਂ ’ਚ ਪਾਕਿਸਤਾਨ (135) ਤੇ ਸ੍ਰੀਲੰਕਾ (121) ਆਪਣੀ-ਆਪਣੀ ਘਟੀਆ ਰੈਂਕਿੰਗ ਨਾਲ ਜੂਝ ਰਹੇ ਹਨ, ਜਦਕਿ ਬੰਗਲਾਦੇਸ਼ ਦੀ ਰੈਂਕਿੰਗ ਹੋਰ ਵੀ ਥੱਲੇ 149 ’ਤੇ ਹੈ।

ਚੀਨ 76ਵੇਂ ਸਥਾਨ ’ਤੇ ਹੈ। ਦੁਨੀਆ-ਭਰ ਵਿੱਚ ਭਿ੍ਰਸ਼ਟਾਚਾਰ ਦਾ ਔਸਤ ਪੱਧਰ 43 ਸਾਲ ਤੋਂ ਸਥਿਰ ਹੈ। ਇਨ੍ਹਾਂ ਵਿੱਚੋਂ ਦੋ-ਤਿਹਾਈ ਤੋਂ ਵੱਧ ਦੇਸ਼ਾਂ ਦਾ ਸਕੋਰ 50 ਤੋਂ ਹੇਠਾਂ ਹੈ। ਅਰਬਾਂ ਲੋਕ ਅਜਿਹੇ ਦੇਸ਼ਾਂ ਵਿੱਚ ਰਹਿੰਦੇ ਹਨ, ਜਿੱਥੇ ਭਿ੍ਰਸ਼ਟਾਚਾਰ ਜੀਵਨ ਨੂੰ ਨਸ਼ਟ ਕਰ ਰਿਹਾ ਹੈ ਅਤੇ ਮਨੁੱਖੀ ਹੱਕਾਂ ਨੂੰ ਕਮਜ਼ੋਰ ਕਰ ਰਿਹਾ ਹੈ।
ਭਿ੍ਰਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ ਦੀ 2015 ਤੋਂ ਚੱਲੀ ਆ ਰਹੀ ਗਿਰਾਵਟ ਹੈਰਾਨ ਕਰਨ ਵਾਲੀ ਹੈ। 2014 ਵਿੱਚ ਮੋਦੀ ਦੀ ਅਗਵਾਈ ’ਚ ਭਾਜਪਾ ਯੂ ਪੀ ਏ-2 ਸਰਕਾਰ ਨੂੰ ਭਿ੍ਰਸ਼ਟਾਚਾਰ ਲਈ ਬਦਨਾਮ ਕਰਕੇ ਸੱਤਾ ਵਿੱਚ ਆਈ ਸੀ।

ਮੋਦੀ ਦਾ ਨਾਅਰਾ ਸੀਨਾ ਖਾਊਂਗਾ, ਨਾ ਖਾਨੇ ਦੂੰਗਾ। ਇਹ ਨਾਅਰਾ ਜੁਮਲਾ ਹੀ ਸਾਬਤ ਹੋਇਆ ਹੈ। 2015 ਵਿੱਚ ਭਾਰਤ ਭਿ੍ਰਸ਼ਟਾਚਾਰ ਦੇ ਮਾਮਲੇ ’ਚ 76ਵੇਂ, 2016 ਵਿੱਚ 79ਵੇਂ, 2017 ਵਿੱਚ 81ਵੇਂ, 2018 ਵਿੱਚ 78ਵੇਂ, 2019 ਵਿੱਚ 80ਵੇਂ, 2020 ਵਿੱਚ 86ਵੇਂ, 2021 ਵਿੱਚ 85ਵੇਂ ਤੇ 2023 ਵਿੱਚ 93ਵੇਂ ਸਥਾਨ ’ਤੇ ਆ ਗਿਆ ਸੀ। ਸਾਫ ਹੈ ਕਿ ਮੋਦੀ ਸਰਕਾਰ ’ਚ ਭਿ੍ਰਸ਼ਟਾਚਾਰ ਹਰ ਸਾਲ ‘ਤਰੱਕੀ’ ਕਰ ਰਿਹਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਦੁਨੀਆ ਭਰ ਵਿੱਚ ਵੱਡੀ ਗਿਣਤੀ ’ਚ ਲੋਕ ਤਾਪਮਾਨ ਵਧਣ ਦੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰ ਰਹੇ ਹਨ, ਕਿਉਕਿ ਤਮਾਮ ਦੇਸ਼ਾਂ ਵਿੱਚ ਗ੍ਰੀਨ ਹਾਊਸ ਗੈਸ ਪੈਦਾ ਕਰਨ ਵਿੱਚ ਕਟੌਤੀ ਲਈ ਜਿਹੜਾ ਫੰਡ ਦਿੱਤਾ ਜਾਂਦਾ ਹੈ, ਉਹ ਭਿ੍ਰਸ਼ਟਾਚਾਰ ਦੀ ਗੰਗਾ ਵਿੱਚ ਵਹਿ ਜਾਂਦਾ ਹੈ।

ਅਜਿਹੇ ਫੰਡ ਦੀ ਜੰਮ ਕੇ ਦੁਰਵਰਤੋਂ ਹੁੰਦੀ ਹੈ। ਇਸ ਭਿ੍ਰਸ਼ਟਾਚਾਰ ਕਾਰਨ ਜਲਵਾਯੂ ਪਰਿਵਰਤਨ ਸੰਕਟ ਨਾਲ ਨਿੱਬੜਨ ਦੇ ਮਕਸਦ ਨਾਲ ਬਣਾਈਆਂ ਗਈਆਂ ਨੀਤੀਆਂ ਨੂੰ ਲਾਗੂ ਕਰਨ ਵਿੱਚ ਅੜਿੱਕਾ ਪੈਂਦਾ ਹੈ ਤੇ ਪਰਿਆਵਰਣ ਨੂੰ ਨੁਕਸਾਨ ਪੁੱਜਦਾ ਹੈ। ਭਿ੍ਰਸ਼ਟਾਚਾਰ ਉੱਭਰਦਾ ਹੋਇਆ ਸੰਸਾਰ ਖਤਰਾ ਹੈ, ਜਿਹੜਾ ਵਿਕਾਸ ਨੂੰ ਕਮਜ਼ੋਰ ਕਰਨ ਨਾਲੋਂ ਕਿਤੇ ਵੱਧ ਲੋਕਤੰਤਰ ਨੂੰ ਕਮਜ਼ੋਰ ਕਰਦਾ ਹੈ ਤੇ ਅਸਥਿਰਤਾ ਲਿਆਉਦਾ ਹੈ ਅਤੇ ਮਨੁੱਖੀ ਹੱਕਾਂ ਦੀ ਉਲੰਘਣਾ ਵੀ ਇਸ ਨਾਲ ਹੁੰਦੀ ਹੈ। ਰਿਪੋਰਟ ਵਿੱਚ ਸਲਾਹ ਦਿੱਤੀ ਗਈ ਹੈ ਕਿ ਕੌਮਾਂਤਰੀ ਭਾਈਚਾਰੇ ਤੇ ਹਰ ਦੇਸ਼ ਨੂੰ ਭਿ੍ਰਸ਼ਟਾਚਾਰ ਨਾਲ ਨਿੱਬੜਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

ਸਾਂਝਾ ਕਰੋ

ਪੜ੍ਹੋ

ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ‘ਚ

*ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਆਰਥਕ ਤੰਗੀ ਸਮੇਂ ਬਣਦੀ ਹੈ...