ਅਮਰਤਾ ਵੱਲ ਨੂੰ…
(ਕਰਮ ਜਦ ਨਿਹਫ਼ਲ ਹੁੰਦੇ ਲੱਗਣ ਤਾਂ ਧਰਮ ਦਾ ਗਲ਼ਬਾ ਵਧਣ ਲਗਦਾ ਹੈ)
ਜੀ ਨਹੀਂ!
ਉਹ
ਡਰੇ ਹੋਏ ਨਹੀਂ ਸਨ
ਉਹ
ਅੰਧਭਗਤ ਵੀ ਨਹੀਂ ਸਨ
ਧਰਮ ਸੀ
ਉਨ੍ਹਾਂ ਦੀ ਜਿੰਦਗੀ ‘ਚ
ਸਿਰਫ਼
ਆਟੇ ‘ਚ ਲੂਣ ਬਰੋਬਰ
ਧਰਮ ਸਭ ਕੁਸ਼ ਨਹੀਂ ਸੀ
ਸਭ ਕੁਸ਼ ਤਾਂ ਸੀ
ਉਨ੍ਹਾਂ ਦੀ ਮਿਹਨਤ
ਮਜ਼ੂਰੀ
ਥੋੜ੍ਹੀ ਹਿੰਮਤ
ਥੋੜ੍ਹੀ ਮਜ਼ਬੂਰੀ
ਅਤੇ
ਟੁੱਟੀਆਂ ਹੋਈਆਂ
ਆਸਥਾਵਾਂ
ਫ਼ੁਰਸਤ ਦੇ ਵਕ਼ਤ
ਥੋੜ੍ਹਾ ਧਰਮ
ਵਧੇਰੇ ਕਰਮ
ਢੇਰ ਸਾਰੀ ਸ਼ਰਮ
ਜੋ ਸੀ ਨੈਣਾਂ ‘ਚ ਵੱਸੀ
ਬਣਕੇ ਹਮਕਦਮ
ਉਹ ਨਹਾਉਂਦੇ ਸਨ
ਆਮ ਤੌਰ ‘ਤੇ
ਆਪਣੇ ਹੀ
ਪਸੀਨੇ ਨਾਲ
ਕਦੇ ਕਦੇ
ਖ਼ੂਨ ‘ਚ ਵੀ
ਬੇਵਜ੍ਹਾ
ਤਰਸਦੇ ਸੀ
ਜੂਨ ‘ਚ ਵੀ
ਬਰਸਾਤ ਹੋਈ
ਤਾਂ ਜਿਉਂ ਪਏ
ਨਹੀਂ ਤਾਂ
ਬੀਤ ਜਾਂਦਾ ਸੀ
ਪੂਰਾ ਸਾਲ
ਮਰਨ ‘ਚ ਹੀ
ਮੁੱਕ ਜਾਂਦਾ ਸੀ
ਪੋਹ-ਮਾਘ ਤੱਕ
ਤਿਣਕਾ-ਤਿਣਕਾ ਕਰਕੇ
ਹੋਇਆ ਜਮ੍ਹਾਂ
ਕੁਸ਼ ਵੀ ਖਾਸ ਨਹੀਂ
ਬਦਲਿਆ
ਸਦੀਆਂ ਤੋਂ
ਉਨ੍ਹਾਂ ਦੀ ਹਾਲਤ ‘ਚ
ਭੀਖ ‘ਚ
ਚਾਰ-ਮੁੱਠੀ ਅਨਾਜ
ਖਾਲੀ ਗੈਸ ਸਿਲੰਡਰ
ਤੇ ਸਾਹ ਲੈਣ ਜੋਗੀ
ਹਵਾ
ਨਾ ਹਸਪਤਾਲ
ਨਾ ਦਾਰੂ ਨਾ ਦਵਾ
ਜਿਉਣ ਲਈ
ਹੰਭਲਾ ਮਾਰਦੇ
ਝੂਲਦੇ-ਝੂਮਦੇ
ਉੱਪਰ ਵਾਲੇ ਦੀ
ਦਇਆ-ਕਰੂਰਤਾ
ਵਿਚਕਾਰ
ਉਨ੍ਹਾਂ ਨੂੰ
ਨਾ ਉਮੀਦ ਰਹੀ
ਰਾਜਾ ਤੋਂ
ਨਾ ਵਜ਼ੀਰ ‘ਤੋਂ
ਨਾ ਸੱਤਾ ਤੋਂ
ਨਾ ਰਾਜ-ਪ੍ਰਬੰਧ ਤੋਂ
ਉਹ ਸਨ
ਦਰ ਦਰ
ਠੁਕਰਾਏ
ਦੁਰਕਾਰੇ
ਭਜਾਏ
ਉਨ੍ਹਾਂ ਨੂੰ ਲੱਗਿਆ
ਕਿ ਸ਼ਾਇਦ
ਕੁਸ਼ ਬਦਲ ਜਾਵੇ
ਇਸ ਇਸ਼ਨਾਨ ਨਾਲ ਹੀ
ਜਿਸ ਤਰ੍ਹਾਂ ਨਾਲ
ਭਰਿਆ ਗਿਆ ਸੀ
ਧਰਮ
ਉਨ੍ਹਾਂ ਦੀਆਂ ਨਸਾਂ ‘ਚ
ਉਸਦੀ ਪੀਨਕ ‘ਚ
ਅਤੇ
ਨਰਕ ਭਰੀ ਜ਼ਿੰਦਗੀ ‘ਚ
ਚੁਟਕੀ ਭਰ
ਸਵਰਗ ਮਿਲਾਉਣ ਦੀ
ਹਵਸ ‘ਚ
ਉਹ ਪਹੁੰਚੇ ਸਨ
ਨਹਾਉਣ
ਬੜੀ ਮੁਸ਼ੱਕਤ ਨਾਲ
ਨਹਾਏ ਜ਼ਰੂਰ
ਪਰ ਇਹ
ਆਖਰੀ ਇਸ਼ਨਾਨ ਸੀ
ਉਨ੍ਹਾਂ ਦਾ
ਆਏ ਸੀ
ਗਠੜੀਆਂ ਲੱਦ ਕੇ
ਘਰ ਪਹੁੰਚੇ
ਗਠੜੀਆਂ ਵਾਂਗੂੰ
ਕਿਹਾ ਜਾਂਦਾ ਹੈ
ਇਸ ਮੌਸਮ ‘ਚ
ਅੰਮ੍ਰਿਤ ਬਰਸਦਾ ਹੈ
ਆਸਮਾਨ ਤੋਂ
ਪਰ
ਅੰਮ੍ਰਿਤ ਹੁੰਦੈ
ਸਿਰਫ਼ ਦੇਵਤਿਆਂ ਲਈ
ਤੇ
ਦੇਵਤਿਆਂ ਵਰਗੇ
ਮਹਾਂਪੁਰਸ਼ਾਂ ਲਈ
ਗਲਤੀ ਨਾਲ
ਜੇ ਰਾਖ਼ਸ਼ ਪੀ ਲੇ
ਤਾਂ ਕੱਟ ਲਿਆ ਜਾਂਦਾ ਹੈ
ਉਸਦਾ ਸਿਰ
ਜਦਕਿ ਉਨ੍ਹਾਂ ਦੀ ਵੀ
ਕੋਈ ਘੱਟ ਨਹੀਂ ਸੀ
ਮਿਹਨਤ-ਮੁਸ਼ੱਕਤ
ਅੰਮ੍ਰਿਤ ਪੈਦਾ ਕਰਨ ‘ਚ
ਪਰੰਤੂ
ਅੰਮ੍ਰਿਤ ਤਾਂ
ਮੁੱਢ-ਕਦੀਮ ਤੋਂ ਹੀ
ਪਹੁੰਚ ਤੋਂ ਬਾਹਰ ਸੀ
ਅਦਨੇ ਜਿਹੇ
ਤੁੱਛ,ਹੀਣ ਬੰਦੇ ਲਈ
ਮਨੁੱਖ ਨਾਸ਼ਵਾਨ ਹੈ
ਅਮਰਤਾ ਤਾਂ
ਇੱਕ ਛਲਾਵਾ ਹੈ
ਇੱਕ ਸੁਪਨਾ ਹੈ
ਕਿੱਥੇ ਸੱਚ ਹੁੰਦੇ ਨੇ
ਸੁਪਨੇ
ਤੇ ਉਹ ਵੀ
ਨਿਤਾਣੇ ਪ੍ਰਾਣੀਆਂ ਦੇ
ਚੁਟਕੀ ਭਰ
ਲੈਣ ਲਈ
ਗਵਾ ਲੈਂਦੇ ਨੇ
ਕਿੰਨਾ ਕੁੱਝ
ਵਿਚਾਰੇ ਨਹੀਂ ਜਾਣਦੇ
ਕਿ
ਅੰਮ੍ਰਿਤ ਦੀਆਂ
ਕਥਾ-ਕਹਾਣੀਆਂ
ਹੁੰਦੀਆਂ ਨੇ
ਸਿਰਫ਼ ਸੁਣਨ ਲਈ
ਖਰਾਬ ਮੌਸਮ ‘ਚ
ਮਿਲ ਜਾਵੇ
ਪੀਣ ਲਈ
ਸਾਫ਼ ਪਾਣੀ ਵੀ
ਤਾਂ ਸਮਝੋ
ਅੰਮ੍ਰਿਤ ਹੀ ਹੈ
ਜੇ ਹੈਸੀਅਤ ਨਾ ਹੋਵੇ
ਸੁਪਨੇ ਖ਼ਰੀਦਣ ਦੀ
ਤਾਂ ਨਾ ਗੁਜ਼ਰੋ
ਬਾਜ਼ਾਰ ਵਿਚਦੀ
ਨਹੀਂ ਤਾਂ
ਖ਼ਬਰ ਤੱਕ ਨਹੀਂ ਲੱਭੇਗੀ
ਵਿਕੇ ਹੋਏ ਅਖ਼ਬਾਰਾਂ ‘ਚ
ਗੁਜ਼ਰ ਜਾਣ ਦੀ
ਹੂਬ ਨਾਥ
ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)