
ਪੈਰਿਸ ’ਚ ਹੋ ਰਿਹਾ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸਿਖਰ ਸੰਮੇਲਨ ਜਿਸ ਦੀ ਸਹਿ-ਪ੍ਰਧਾਨਗੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ, ਅਹਿਮ ਮੋੜ ’ਤੇ ਹੋ ਰਿਹਾ ਹੈ। ਦੁਨੀਆ ਭਰ ’ਚ ਏਆਈ ਲਈ ਚੱਲ ਰਹੇ ਤਕੜੇ ਮੁਕਾਬਲੇ ਦਰਮਿਆਨ ਕਿਫ਼ਾਇਤੀ ਅਤੇ ਬੁਨਿਆਦੀ ਚੀਨੀ ਡੀਪਸੀਕ ਮਾਡਲ ਦੀ ਮਚਾਈ ਹਲਚਲ ਮਗਰੋਂ ਹੁਣ ਸਾਰਿਆਂ ਦਾ ਧਿਆਨ ਇਸ ਖੇਡ ਦੇ ਨਿਯਮ ਘੜਨ ’ਤੇ ਕੇਂਦਰਿਤ ਹੋ ਚੁੱਕਾ ਹੈ। ਫਰਾਂਸੀਸੀ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਕਿਹਾ ਹੈ ਕਿ ਏਆਈ ਕਿਸੇ ਦਾ ਏਕਾਧਿਕਾਰ ਨਹੀਂ ਹੋ ਸਕਦਾ ਤੇ ਇਸ ਨੂੰ ਸਾਂਝੇ ਸ਼ਾਸਕੀ ਢਾਂਚੇ ਤਹਿਤ ਚਲਾਇਆ ਜਾਣਾ ਚਾਹੀਦਾ ਹੈ।
ਇਸ ਸੰਮੇਲਨ ਦਾ ਮੰਤਵ ਏਆਈ ਦੀਆਂ ਸੰਭਾਵਨਾਵਾਂ ਦਾ ਪੂਰਾ ਫ਼ਾਇਦਾ ਚੁੱਕਣਾ ਹੈ ਤਾਂ ਕਿ ਹਰੇਕ ਦਾ ਲਾਭ ਹੋਵੇ ਜਦੋਂਕਿ ਇਸ ’ਚ ਕਈ ਖ਼ਤਰੇ ਵੀ ਹਨ। ਅਸਲ ’ਚ ਪੈਰਿਸ ਵਿੱਚ ਏਆਈ ਦੁਆਲੇ ਦੀ ਭੂ-ਰਾਜਨੀਤੀ ਪੂਰੀ ਤਰ੍ਹਾਂ ਪ੍ਰਦਰਸ਼ਿਤ ਹੋਵੇਗੀ ਕਿਉਂਕਿ ਤਕਨੀਕੀ ਸਰਬਸੱਤਾ ਦੀ ਇਸ ਜੰਗ ’ਚ ਚੀਨੀ ਦਖ਼ਲ ਨਾਲ ਅਮਰੀਕੀ ਦਬਦਬੇ ਨੂੰ ਸੱਟ ਵੱਜੀ ਹੈ। ਦੁਨੀਆ ਭਰ ਦੇ ਆਗੂਆਂ, ਕਾਰੋਬਾਰੀਆਂ ਤੇ ਮਾਹਿਰਾਂ ਲਈ ਇਹ ਪਰਖ਼ ਦੀ ਘੜੀ ਹੋਵੇਗੀ ਕਿ ਤੇਜ਼ੀ ਨਾਲ ਪ੍ਰਫੁੱਲਿਤ ਹੋ ਰਹੀ ਇਸ ਤਕਨੀਕ ਦੇ ਵਿਕਾਸ ਨੂੰ ਸੇਧਿਤ ਕਰਨ ਲਈ ਉਹ ਕਿਸ ਤਰ੍ਹਾਂ ਵਿਆਪਕ ਸਹਿਮਤੀ ਬਣਾਉਂਦੇ ਹਨ।
ਸੰਨ 2023 ਵਿੱਚ ਬਰਤਾਨੀਆ ਦੇ ਸਿਖ਼ਰ ਸੰਮੇਲਨ ਵਿੱਚ 28 ਮੁਲਕਾਂ ਨੇ ਏਆਈ ਦੇ ਖ਼ਤਰਿਆਂ ਨਾਲ ਨਜਿੱਠਣ ਦਾ ਅਹਿਦ ਕੀਤਾ ਸੀ। ਪਿਛਲੇ ਸਾਲ ਦੱਖਣੀ ਕੋਰੀਆ ਵਿੱਚ ਇੱਕ ਹੋਰ ਅਹਿਦ ਲਿਆ ਗਿਆ ਸੀ ਕਿ ਖੋਜ ਨੂੰ ਅੱਗੇ ਵਧਾਉਣ ਲਈ ਸਰਕਾਰੀ ਏਆਈ ਸਲਾਮਤੀ ਸੰਸਥਾਵਾਂ ਦਾ ਢਾਂਚਾ ਸਥਾਪਿਤ ਕੀਤਾ ਜਾਵੇਗਾ। ਇਹ ਐਲਾਨਨਾਮੇ ਗ਼ੈਰ-ਰਸਮੀ ਹੀ ਸਨ ਤੇ ਇਨ੍ਹਾਂ ਨੂੰ ਅਧਿਕਾਰਤ ਰੂਪ ਨਹੀਂ ਦਿੱਤਾ ਗਿਆ। ਕੋਈ ਸ਼ੱਕ ਨਹੀਂ ਕਿ ਏਆਈ ਦੇ ਮੁਕਾਬਲੇ ਨਾਲ ਵੱਡੇ ਹਿੱਤ ਜੁੜੇ ਹੋਣ ਦੇ ਮੱਦੇਨਜ਼ਰ ਇਸ ਤਰ੍ਹਾਂ ਦੇ ਐਲਾਨਾਂ ਦੇ ਪ੍ਰਭਾਵੀ ਹੋਣ ਤੇ ਵਿਆਪਕ ਬਦਲਾਓ ਦਾ ਕਾਰਨ ਬਣਨ ਦੀ ਸੰਭਾਵਨਾ ਮੱਧਮ ਹੀ ਹੈ।
ਪੈਰਿਸ ’ਚ ਵੀ ਕੋਈ ਲਾਜ਼ਮੀ ਨਿਯਮ ਸ਼ਾਇਦ ਹੀ ਉੱਭਰ ਕੇ ਸਾਹਮਣੇ ਆਏ। ਫਿਰ ਵੀ ਏਆਈ ਚਲਾਉਣ ਨਾਲ ਸਬੰਧਿਤ ਆਲਮੀ ਸੰਵਾਦ ’ਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਪ੍ਰਗਤੀ ਏਆਈ ਵੱਲੋਂ ਖੜ੍ਹੇ ਕੀਤੇ ਜਾ ਰਹੇ ਗੰਭੀਰ ਖ਼ਤਰਿਆਂ ਦਾ ਟਾਕਰਾ ਕਰਨ ’ਚ ਸਹਾਈ ਹੋਵੇਗੀ। ਇਸ ਤਰ੍ਹਾਂ ਦੇ ਸੰਵਾਦ ਨੂੰ ਕਾਇਮ ਰੱਖਣਾ ਬੇਹੱਦ ਮਹੱਤਵਪੂਰਨ ਹੈ। ਪੈਰਿਸ ਸਿਖਰ ਸੰਮੇਲਨ ਦੇ ਏਜੰਡੇ ’ਚ ਵੱਧ ਨੈਤਿਕ, ਜਮਹੂਰੀ ਤੇ ਵਾਤਾਵਰਨ ਪੱਖੀ ਏਆਈ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਹ ਉਦੇਸ਼ ਭਾਵੇਂ ਵਿਹਾਰਕ ਨਾ ਜਾਪਦੇ ਹੋਣ, ਫਿਰ ਵੀ ਇਹ ਘੱਟ ਮਹੱਤਵਪੂਰਨ ਨਹੀਂ। ਭਵਿੱਖ ’ਚ ਇਨ੍ਹਾਂ ਦੀ ਭੂਮਿਕਾ ਬੇਹੱਦ ਅਹਿਮ ਸਾਬਿਤ ਹੋ ਸਕਦੀ ਹੈ।