
ਕਟਕ (ਓਡੀਸ਼ਾ), 10 ਫਰਵਰੀ – ਭਾਰਤ ਅਤੇ ਇੰਗਲੈਂਡ ਵਿਚਾਲੇ ਐਤਵਾਰ ਨੂੰ ਬਾਰਾਬਤੀ ਸਟੇਡੀਅਮ ‘ਚ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਵਨਡੇ ਖੇਡਿਆ ਗਿਆ। ਇਸ ਮੈਚ ‘ਚ ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਇਸ ਹਾਰ ਦੇ ਨਾਲ ਹੀ ਇੰਗਲੈਂਡ ਟੀਮ ਦੇ ਨਾਂ ਭਾਰਤ ਦਾ ਇੱਕ ਸ਼ਰਮਨਾਕ ਰਿਕਾਰਡ ਜੁੜ ਗਿਆ।
300+ ਦਾ ਸਕੋਰ ਬਣਾ ਕੇ ਸਭ ਤੋਂ ਵੱਧ ਹਾਰਾਂ ਵਾਲੀ ਟੀਮ ਬਣ ਗਈ ਇੰਗਲੈਂਡ
ਦੂਜੇ ਵਨਡੇ ‘ਚ ਭਾਰਤ ਖਿਲਾਫ ਮਿਲੀ ਹਾਰ ਦੇ ਨਾਲ ਹੀ ਇੰਗਲੈਂਡ ਦੀ ਟੀਮ ਵਨਡੇ ‘ਚ 300 ਤੋਂ ਜ਼ਿਆਦਾ ਦਾ ਸਕੋਰ ਬਣਾ ਕੇ ਸਭ ਤੋਂ ਜ਼ਿਆਦਾ ਮੈਚ ਹਾਰਨ ਵਾਲੀ ਟੀਮ ਬਣ ਗਈ ਹੈ। ਵਨਡੇ ‘ਚ 300 ਤੋਂ ਜ਼ਿਆਦਾ ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਦੀ ਇਹ 28ਵੀਂ ਹਾਰ ਸੀ। ਇੰਗਲੈਂਡ ਨੇ ਹੁਣ ਤੱਕ ਵਨਡੇ ‘ਚ 99 ਵਾਰ 300+ ਸਕੋਰ ਬਣਾਏ ਹਨ, ਜਿਸ ‘ਚੋਂ 69 ਵਾਰ ਉਹ ਜਿੱਤਿਆ ਹੈ ਅਤੇ 28 ਵਾਰ ਹਾਰਿਆ ਹੈ। ਭਾਰਤ ਨੇ ਉਸ ਤੋਂ ਇਹ ਅਣਚਾਹੇ ਰਿਕਾਰਡ ਬਣਾਇਆ
ਭਾਰਤ ਦਾ ਅਣਚਾਹੇ ਰਿਕਾਰਡ ਹੁਣ ਇੰਗਲੈਂਡ ਦੇ ਨਾਂ
ਇਸ ਤੋਂ ਪਹਿਲਾਂ ਇਹ ਸ਼ਰਮਨਾਕ ਰਿਕਾਰਡ 27 ਹਾਰਾਂ ਨਾਲ ਭਾਰਤ ਦੇ ਨਾਂ ਸੀ। ਭਾਰਤ ਨੇ ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ 300 ਤੋਂ ਵੱਧ 136 ਵਾਰ ਸਕੋਰ ਬਣਾਏ ਹਨ। ਜਿਸ ‘ਚੋਂ ਉਸ ਨੇ 106 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਉਸ ਨੂੰ 27 ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਰੋਹਿਤ ਸ਼ਰਮਾ ਨੇ 32ਵਾਂ ਵਨਡੇ ਲਗਾਇਆ ਸੈਂਕੜਾ
ਇਸ ਮੈਚ ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਪਣੀ ਗੁਆਚੀ ਹੋਈ ਫਾਰਮ ਨੂੰ ਮੁੜ ਹਾਸਲ ਕਰ ਲਿਆ ਹੈ। ਇੰਗਲੈਂਡ ਵੱਲੋਂ ਦਿੱਤੇ 305 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰੋਹਿਤ ਨੇ 119 ਦੌੜਾਂ ਦੀ ਪਾਰੀ ਖੇਡੀ ਜਿਸ ਵਿੱਚ 12 ਚੌਕੇ ਤੇ 7 ਛੱਕੇ ਸ਼ਾਮਲ ਸਨ। ਉਸ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤੀ ਟੀਮ ਨੇ 44.3 ਓਵਰਾਂ ‘ਚ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।