
ਪਟਨਾ, 6 ਫਰਵਰੀ – ਰਾਹੁਲ ਗਾਂਧੀ ਨੇ ਬੁੱਧਵਾਰ ਕਿਹਾ ਕਿ ਉਹ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਨ ਜਦੋਂ ਦਲਿਤ ਤੇ ਕਮਜ਼ੋਰ ਵਰਗ ਭਾਰਤ ਦੇ ਹਰੇਕ ਅਦਾਰੇ ਵਿੱਚ ਲੀਡਰਸ਼ਿਪ ਅਹੁਦਾ ਸੰਭਾਲਣਗੇ। ਇਸ ਦੌਰਾਨ ਉਨ੍ਹਾ ਨੇ ਦੇਸ਼ਵਿਆਪੀ ਜਾਤੀ ਜਨਗਣਨਾ ਦੀ ਲੋੜ ਨੂੰ ਦੁਹਰਾਇਆ। ਉਨ੍ਹਾ ਇੱਥੇ ਸੁਤੰਤਰਤਾ ਸੈਨਾਨੀ ਜਗਲਾਲ ਚੌਧਰੀ ਦੇ ਜਨਮ ਦਿਨ ਸਮਾਗਮ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਅਤੇ ਆਰ ਐੱਸ ਐੱਸ ਸੰਵਿਧਾਨ ਦੇ ਵਿਰੁੱਧ ਹਨ, ਕਿਉਂਕਿ ਇਹ ਦਲਿਤਾਂ ਅਤੇ ਦੱਬੇ-ਕੁਚਲੇ ਲੋਕਾਂ ਦੇ ਅਧਿਕਾਰਾਂ ਦੀ ਗਾਰੰਟੀ ਦਿੰਦਾ ਹੈ।
ਉਨ੍ਹਾ ਕਿਹਾ ਕਿ ਦੇਸ਼ ਦੇ ਮੌਜੂਦਾ ਸੱਤਾ ਢਾਂਚੇ ਤੇ ਸੰਸਥਾਵਾਂ ’ਚ ਦਲਿਤਾਂ ਅਤੇ ਦੱਬੇ-ਕੁਚਲੇ ਲੋਕਾਂ ਦੀ ਕੋਈ ਭਾਗੀਦਾਰੀ ਨਹੀਂ ਹੈ। ਦਲਿਤਾਂ, ਘੱਟਗਿਣਤੀਆਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਸਹੀ ਗਿਣਤੀ ਦੀ ਪਛਾਣ ਕਰਨ ਲਈ ਪੂਰੇ ਭਾਰਤ ਵਿੱਚ ਜਾਤੀ ਜਨਗਣਨਾ ਦੀ ਲੋੜ ਹੈ।