ਨਵੀਂ ਦਿੱਲੀ, 4 ਫਰਵਰੀ – ਅਮਰੀਕਾ ’ਚੋਂ ਡਿਪੋਰਟ ਕੀਤੇ ਦੋ ਸੌ ਦੇ ਕਰੀਬ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਰਵਾਨਾ ਹੋਇਆ ਅਮਰੀਕੀ ਫੌਜੀ ਮਾਲਵਾਹਕ ਜਹਾਜ਼ ਬੁੱਧਵਾਰ ਸਵੇਰੇ 9 ਵਜੇ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਉਤਰੇਗਾ। ਸੂਤਰਾਂ ਨੇ ਕਿਹਾ ਕਿ ਇਨ੍ਹਾਂ ਗੈਰਕਾਨੂੰਨੀ ਪਰਵਾਸੀਆਂ ਵਿਚੋਂ ਬਹੁਤੇ ਪੰਜਾਬ ਜਾਂ ਨੇੜਲੇ ਰਾਜਾਂ ਨਾਲ ਸਬੰਧਤ ਹਨ। ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਇਹ ਪਹਿਲੀ ਵਾਰ ਹੈ ਜਦੋਂ ਇੰਨੀ ਵੱਡੀ ਗਿਣਤੀ ਵਿਚ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਵਾਪਸ ਭੇਜਿਆ ਗਿਆ ਹੈ। ਟਰੰਪ ਨੇ 20 ਜਨਵਰੀ ਨੂੰ ਰਾਸ਼ਟਰਪਤੀ ਵਜੋਂ ਹਲਫ਼ ਲਿਆ ਸੀ। ਅਮਰੀਕੀ ਫੌਜੀ ਮਾਲਵਾਹਕ ਜਹਾਜ਼ ਸੀ-17 ਗਲੋਬਮਾਸਟਰ ਵਿਚ 200 ਵਿਅਕਤੀ ਸਵਾਰ ਹਨ। ਜਹਾਜ਼ ਦੇ ਅੰਮ੍ਰਿਤਸਰ ਵਿਚ ਲੈਂਡ ਕਰਨ ਤੋਂ ਪਹਿਲਾਂ ਰਾਹ ਵਿਚ ਜਰਮਨੀ ਦੇ ਰੈਮਸਟੇਨ ਹਵਾਈ ਬੇਸ ’ਤੇ ਈਂਧਣ ਭਰਾਏ ਜਾਣ ਦੀ ਸੰਭਾਵਨਾ ਹੈ।
ਉੁਂਝ ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਗੈਰ-ਕਾਨੂੰਨੀ ਪਰਵਾਸੀਆਂ ਨੂੰ ਭਾਰਤ ਭੇਜਣ ਲਈ ਫੌਜੀ ਮਾਲਵਾਹਕ ਜਹਾਜ਼ ਦੀ ਵਰਤੋਂ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬੀਤੇ ਵਿਚ ਡਿਪੋਰਟ ਕਰਨ ਲਈ ਕਮਰਸ਼ਲ ਜਹਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। C17 ਨਿਯਮਤ ਵਪਾਰਕ ਜਹਾਜ਼ਾਂ ਵਾਂਗ ਜੈੱਟ ਇੰਜਣਾਂ ਦੀ ਵਰਤੋਂ ਕਰਦਾ ਹੈ। ਇਸ ਵਿੱਚ ਇੱਕ ਟਾਇਲਟ ਹੈ ਅਤੇ ਸੀਟਾਂ ਅਮਰੀਕੀ ਸੈਨਿਕਾਂ ਦੀ ਆਵਾਜਾਈ ਮੁਤਾਬਕ ਡਿਜ਼ਾਈਨਡ ਹਨ। ਭਾਰਤੀ ਹਵਾਈ ਸੈਨਾ ਵੀ ਢੋਆ-ਢੁਆਈ ਲਈ ਇਹੀ ਜਹਾਜ਼ ਵਰਤਦੀ ਹੈ।
ਨਵੀਂ ਦਿੱਲੀ ਵਿੱਚ ਅਮਰੀਕੀ ਅੰਬੈਸੀ ਦੇ ਬੁਲਾਰੇ ਨੇ ਕਿਹਾ, ‘‘ਯੂਨਾਈਟਿਡ ਸਟੇਟਸ ਆਪਣੀਆਂ ਸਰਹੱਦਾਂ ’ਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖ਼ਤ ਕਰ ਰਿਹਾ ਹੈ ਅਤੇ ਗੈਰਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ।’’ ਅਮਰੀਕਾ ਨੇ ਨਵੰਬਰ 2024 ਵਿੱਚ 18,000 ਗੈਰਕਾਨੂੰਨੀ ਪਰਵਾਸੀਆਂ ਦੀ ਇੱਕ ਸੂਚੀ ਸਾਂਝੀ ਕੀਤੀ ਸੀ ਜਿਨ੍ਹਾਂ ਨੂੰ ਵਾਪਸ ਭਾਰਤ ਭੇਜਣ ਦੀ ਲੋੜ ਸੀ।