ਲੋਕ ਸਭਾ ਸੋਮਵਾਰ ਤੱਕ ਮੁਲਤਵੀ, ਵਿੱਤ ਮੰਤਰੀ ਵੱਲੋਂ ਸਦਨ ਵਿਚ ਫਾਇਨਾਂਸ ਬਿੱਲ ਪੇਸ਼

ਨਵੀਂ ਦਿੱਲੀ, 1 ਫਰਵਰੀ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕੇਂਦਰੀ ਬਜਟ ਪੇਸ਼ ਕੀਤੇ ਜਾਣ ਮਗਰੋਂ ਲੋਕ ਸਭਾ 3 ਫਰਵਰੀ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਉਂਝ ਸਦਨ ਦੀ ਕਾਰਵਾਈ ਅੱਗੇ ਪਾਉਣ ਤੋਂ ਪਹਿਲਾਂ ਸੀਤਾਰਮਨ ਵੱਲੋਂ ਲੋਕ ਸਭਾ ਵਿਚ ਫਾਇਨਾਂਸ ਬਿੱਲ 2025 ਪੇਸ਼ ਕੀਤਾ ਗਿਆ। ਵਿੱਤ ਮੰਤਰੀ ਨੇ ਕੇਂਦਰੀ ਬਜਟ 2025-26 ਪੇਸ਼ ਕਰਦਿਆਂ ਖੇਤੀਬਾੜੀ, ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ (MSMEs), ਨਿਵੇਸ਼ ਅਤੇ ਬਰਾਮਦ ’ਤੇ ਜ਼ੋਰ ਦਿੰਦੇ ਹੋਏ ਭਾਰਤ ਦੇ ਨਿਰੰਤਰ ਆਰਥਿਕ ਵਿਸਤਾਰ ਲਈ ਇੱਕ ਰੋਡਮੈਪ ਦੀ ਰੂਪਰੇਖਾ ਤਿਆਰ ਕੀਤੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਰਣਨੀਤਕ ਸੁਧਾਰ ਰੁਜ਼ਗਾਰ ਸਿਰਜਣ, ਸਵੈ-ਨਿਰਭਰਤਾ ਅਤੇ ਵਧੀ ਹੋਈ ਵਿਸ਼ਵ ਮੁਕਾਬਲੇਬਾਜ਼ੀ ਲਈ ਉਤਪ੍ਰੇਰਕ ਵਜੋਂ ਕੰਮ ਕਰਨਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਜਟ ਵਿਕਾਸ ਨੂੰ ਰਫ਼ਤਾਰ ਦੇਣ ਅਤੇ ਵਿਕਸਤ ਭਾਰਤ ਬਣਨ ਵੱਲ ਭਾਰਤ ਦੀਆਂ ਇੱਛਾਵਾਂ ਨੂੰ ਅੱਗੇ ਵਧਾਉਣ ਵੱਲ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਮੱਧ ਵਰਗ ਅਰਥਚਾਰੇ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਉਨ੍ਹਾਂ 12 ਲੱਖ ਰੁਪਏ ਦੀ ਆਮਦਨ ਤੱਕ ਕੋਈ ਇਨਕਮ ਟੈਕਸ ਨਾ ਲਗਾਉਣ ਦਾ ਐਲਾਨ ਕੀਤਾ।

ਸਾਂਝਾ ਕਰੋ

ਪੜ੍ਹੋ