ਜਲਵਾਯੂ ਸੰਕਟ ਦੀ ਸਿਆਸੀ ਤੇ ਸਮਾਜਿਕ ਕੀਮਤ/ਸ਼ਿਆਮ ਸਰਨ

ਦਿਨੋ ਦਿਨ ਤੇਜ਼ ਹੋ ਰਹੀ ਜਲਵਾਯੂ ਤਬਦੀਲੀ ਦੇ ਸਾਡੇ ਗ੍ਰਹਿ ਦੇ ਚੌਗਿਰਦੇ, ਸਾਡੇ ਅਰਥਚਾਰਿਆਂ ਅਤੇ ਸਾਡੀਆਂ ਊਰਜਾ, ਸਿਹਤ ਤੇ ਖ਼ੁਰਾਕ ਪ੍ਰਣਾਲੀਆਂ ਲਈ ਨਿਕਲਣ ਵਾਲੇ ਸਿੱਟਿਆਂ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹੋ ਗਏ ਹਾਂ। ਬੇਰੋਕ ਜਲਵਾਯੂ ਤਬਦੀਲੀ ਅਤੇ ਆਲਮੀ ਤਪਸ਼ ਦੇ ਸਿਆਸੀ ਅਤੇ ਸਮਾਜਿਕ ਸਿੱਟਿਆਂ ਨੂੰ ਬਹੁਤ ਘੱਟ ਲੋਕਾਂ ਨੇ ਸਮਝਿਆ ਅਤੇ ਪਛਾਣਿਆ ਹੈ। ਇਨ੍ਹਾਂ ਸਿੱਟਿਆਂ ਨੇ ਸਮਾਜਾਂ ਨੂੰ ਪਹਿਲਾਂ ਹੀ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਉਹ ਸਿਆਸੀ ਗਤੀਮਾਨ ਬਦਲ ਰਹੇ ਹਨ। ਦੇਸ਼ਾਂ ਦੇ ਅੰਦਰ ਅਤੇ ਬਾਹਰ ਵੀ ਜਲਵਾਯੂ ਤਬਦੀਲੀ ਨੇ ਆਮਦਨ ਤੇ ਸੰਪਤੀ ਦੀਆਂ ਨਾ-ਬਰਾਬਰੀਆਂ ਨੂੰ ਤੇਜ਼ ਕਰ ਦਿੱਤਾ ਹੈ। ਵਧਦੇ ਤਾਪਮਾਨ ਨਾਲ ਸਿੱਝਣ ਦੀਆਂ ਸਮੱਰਥਾ ਵਿੱਚ ਪਾੜੇ ਵਧ ਰਹੇ ਹਨ; ਮਸਲਨ, ਮਹਿੰਗੇ ਏਅਰਕੰਡੀਸ਼ਨਿੰਗ ਰਾਹੀਂ ਜ਼ਿਆਦਾ ਤਪਸ਼ ਵਾਲੇ ਖੇਤਰਾਂ ਤੋਂ ਨਿਸਬਤਨ ਘੱਟ ਪ੍ਰਭਾਵਿਤ ਖੇਤਰਾਂ ਵਿੱਚ ਜਾਣ ਅਤੇ ਗ਼ੈਰ-ਹੰਢਣਸਾਰ ਜੀਵਨ ਸ਼ੈਲੀਆਂ ਨੂੰ ਬਰਕਰਾਰ ਰੱਖਣ ਲਈ ਖ਼ਤਮ ਹੁੰਦੇ ਜਾ ਰਹੇ ਸਰੋਤਾਂ ਨੂੰ ਭੋਟਣ ਦੀ ਯੋਗਤਾ ਤੇ ਸਮੱਰਥਾ, ਫਿਰ ਭਾਵੇਂ ਅੰਤ ਨੂੰ ਲੁੱਟੇ ਪੁੱਟੇ ਇਸ ਗ੍ਰਹਿ ’ਤੇ ਸਮੁੱਚੀ ਮਾਨਵਤਾ ਹੀ ਡੁੱਬ ਜਾਵੇਗੀ।

ਕੁਝ ਲੋਕਾਂ ਦਾ ਖਿਆਲ ਹੈ ਕਿ ਮਸਨੂਈ ਬੁੱਧੀ (ਏਆਈ) ਜਲਵਾਯੂ ਤਬਦੀਲੀ ਦਾ ਕੋਈ ਨਾ ਕੋਈ ਹੱਲ ਲੱਭ ਲਵੇਗੀ। ਇਹ ਸਿਰੇ ਦਾ ਘੁਮੰਡ ਹੈ, ਹੋਰ ਕੁਝ ਵੀ ਨਹੀਂ। ਵਾਰ-ਵਾਰ ਕੁਦਰਤ ਦੀਆਂ ਸ਼ਕਤੀਆਂ ਨੇ ਮਨੁੱਖੀ ਢਾਂਚਿਆਂ ਨੂੰ ਤੁੱਛ ਸਿੱਧ ਕੀਤਾ ਹੈ ਅਤੇ ਹੁਣ ਇਹ ਹੋਰ ਵੀ ਜ਼ਿਆਦਾ ਸ਼ਿੱਦਤ ਨਾਲ ਵਾਪਰੇਗਾ ਕਿਉਂਕਿ ਸਾਡੇ ਗ੍ਰਹਿ ਉੱਪਰ ਜੀਵਨ ਨੂੰ ਆਪੋ ਵਿੱਚ ਜੋੜਨ ਵਾਲੀਆਂ ਤੰਦਾਂ ਨੂੰ ਖ਼ੁਦ ਇਨਸਾਨ ਨੇ ਤੋਡਿ਼ਆ ਮਰੋਡਿ਼ਆ ਹੈ। ਸਾਡੀ ਧਰਤੀ ਸਾਡੀ ਵਿਰਾਟ ਆਕਾਸ਼ ਗੰਗਾ ਦਾ ਕਿਣਕਾ ਮਾਤਰ ਹੈ ਤੇ ਸਾਡੀ ਆਕਾਸ਼ ਗੰਗਾ ਅਗਾਂਹ ਬ੍ਰਹਿਮੰਡ ਦੀ ਵਿਆਪਕਤਾ ਦਾ ਅੰਸ਼ ਮਾਤਰ ਹੈ। ਜੇ ਸਾਡੀ ਧਰਤੀ ਲੋਪ ਵੀ ਹੋ ਗਈ ਤਾਂ ਬ੍ਰਹਿਮੰਡ ਕਾਲ ਵਿੱਚ ਇਹ ਮਾਮੂਲੀ ਜਿਹੀ ਘਟਨਾ ਤੋਂ ਵੱਧ ਨਹੀਂ ਹੋਵੇਗੀ। ਅਸਲ ਵਿੱਚ ਨਿਰਮਾਣਤਾ ਦੀ ਇਹੀ ਕਮੀ ਹੈ ਜਿਸ ਵਿੱਚੋਂ ਮੌਜੂਦਾ ਵਾਤਾਵਰਨਕ ਸੰਕਟ ਉਪਜਿਆ ਹੈ ਅਤੇ ਜਲਵਾਯੂ ਤਬਦੀਲੀ ਮਹਿਜ਼ ਇਸ ਦਾ ਤਿੱਖਾ ਇਜ਼ਹਾਰ ਹੈ।

ਜਲਵਾਯੂ ਤਬਦੀਲੀ ਸਮਾਜਾਂ ਨੂੰ ਕਿਵੇਂ ਬਦਲ ਰਹੀ ਹੈ? ਜਲਵਾਯੂ ਤਬਦੀਲੀ ਮੌਸਮੀ ਪੈਟਰਨ ਅਤੇ ਜ਼ਰਖੇਜ਼ ਜ਼ਮੀਨਾਂ ਨੂੰ ਬਦਲ ਰਹੀ ਹੈ। ਮਿਸਾਲ ਦੇ ਤੌਰ ’ਤੇ ਅਫਰੀਕਾ ਵਿੱਚ ਖੇਤੀਯੋਗ ਜ਼ਮੀਨਾਂ ਖੁਸ਼ਕ ਤੇ ਮਾਰੂਥਲ ਬਣ ਰਹੀਆਂ ਹਨ। ਇਸ ਕਰ ਕੇ ਵੱਡੀ ਤਾਦਾਦ ਵਿੱਚ ਲੋਕ ਦੇਸ਼ਾਂ ਦੇ ਅੰਦਰ ਅਤੇ ਬਾਹਰ ਵੀ ਹਿਜਰਤ ਕਰਨ ਲਈ ਮਜਬੂਰ ਹਨ। ਪਰਿਵਾਰ ਟੁੱਟ ਰਹੇ ਹਨ ਅਤੇ ਬੱਚੇ ਕੁਪੋਸ਼ਣ ਤੇ ਬੇਤਹਾਸ਼ਾ ਮਨੋਵਿਗਿਆਨਕ ਸੰਤਾਪ ਹੰਢਾਅ ਰਹੇ ਹਨ ਅਤੇ ਸਮੁੱਚਾ ਸਮਾਜਿਕ ਤਾਣਾ-ਬਾਣਾ ਬਿਖਰ ਰਿਹਾ ਹੈ।

ਬਿਪਤਾ ਵਿੱਚ ਘਿਰੇ ਲੋਕਾਂ ਨੂੰ ਮੁੱਠੀ ਭਰ ਲੋਕਾਂ ਵੱਲੋਂ ਹਿੰਸਾ ਤੇ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਅਤੇ ਫਿਰ ਕੁਝ ਹੋਰ ਸਮੂਹਾਂ ਵੱਲੋਂ ਉਨ੍ਹਾਂ ਨੂੰ ਵੰਗਾਰਿਆ ਜਾਂਦਾ ਹੈ। ਕਿਸੇ ਭਾਈਚਾਰੇ ਨੂੰ ਡਰਾ ਕੇ ਇਕਜੁੱਟ ਰੱਖਣ ਲਈ ਦਮਨਕਾਰੀ ਸ਼ਕਤੀ ਇਕਮਾਤਰ ਔਜ਼ਾਰ ਬਣ ਗਈ ਹੈ। ਸਰਹੱਦਾਂ ਪਾਰ ਕਰ ਜਾਣ ਵਾਲਿਆਂ ਦਾ ਹਿੰਸਾ ਅਤੇ ਸ਼ੋਸ਼ਣ ਤੋਂ ਖਹਿੜਾ ਨਹੀਂ ਛੁਟਦਾ ਅਤੇ ਉੱਥੇ ਪਰਵਾਸ ਦਾ ਮੁੱਦਾ ‘ਬਾਹਰਲਿਆਂ’ ਪ੍ਰਤੀ ਡਰ ਫੈਲਾ ਕੇ ਸਿਆਸੀ ਲਾਮਬੰਦੀ ਦਾ ਔਜ਼ਾਰ ਬਣ ਗਿਆ ਹੈ ਜਿਵੇਂ ਅੱਜ ਕੱਲ੍ਹ ਕਈ ਪੱਛਮੀ ਦੇਸ਼ਾਂ ਵਿੱਚ ਹੋ ਰਿਹਾ ਹੈ। ਮੂਲ ਦੇਸ਼ ਅਤੇ ਪਰਵਾਸੀਆਂ ਦੇ ਟਾਗਰੈੱਟ ਦੋਵੇਂ ਦੇਸ਼ਾਂ ਵਿੱਚ ਸਮਾਜਾਂ ਦੀ ਸਥਿਰਤਾ ਭੰਗ ਹੋ ਜਾਂਦੀ ਹੈ। ਪਰਿਵਾਰਾਂ ਦੇ ਖਿੰਡ-ਪੁੰਡ ਜਾਣ ਨਾਲ ਉਨ੍ਹਾਂ ਦੇ ਮੈਂਬਰ ਆਪਣੀ ਸੇਧ ਅਤੇ ਪਛਾਣ ਗੁਆ ਬਹਿੰਦੇ ਹਨ।

ਨਾ-ਬਰਾਬਰੀ ਭਰੇ ਸਮਾਜ ਅਸਥਿਰ ਸਮਾਜ ਹੁੰਦੇ ਹਨ; ਉਹ ਦਮਨ ਅਤੇ ਨਾਇਨਸਾਫ਼ੀ ਦੇ ਪੀੜਤ ਹੁੰਦੇ ਹਨ, ਉਹ ਅਕਸਰ ਹਿੰਸਕ ਹੁੰਦੇ ਹਨ ਅਤੇ ਜਮਹੂਰੀ ਰਾਜ ਪ੍ਰਬੰਧ ਨੂੰ ਕਾਇਮ ਨਹੀਂ ਰੱਖ ਸਕਦੇ। ਸਥਿਰਤਾ ਦਾ ਮਤਲਬ ਖੜੋਤ ਨਹੀਂ ਹੁੰਦਾ। ਇਸ ਦਾ ਮਤਲਬ ਸੁਚਾਰੂ ਢੰਗ ਨਾਲ ਤਬਦੀਲੀ ਅਤੇ ਅਗਾਂਹਵਧੂ ਸਮਾਜਾਂ ਤੋਂ ਹੁੰਦਾ ਹੈ। ਆਪਣੇ ਤੋਂ ਵੱਖਰੇ ਦਿਸਣ ਵਾਲਿਆਂ ਤੋਂ ਖ਼ਤਰੇ ਅਤੇ ਬਾਹਰਲਿਆਂ ਤੋਂ ਡਰ ਦੀ ਭਾਵਨਾ ਨਿਰੰਕੁਸ਼ ਸ਼ਾਸਨ ਨੂੰ ਵਾਜਬੀਅਤ ਦਿੰਦੀ ਹੈ। ਲੋਕ ਆਪਣੇ ਹੀ ਹੱਕਾਂ ਨੂੰ ਸੀਮਤ ਜਾਂ ਮੁਲਤਵੀ ਕਰਨ ਵਿਚ ਲੋਕ ਉਦੋਂ ਸ਼ਾਮਿਲ ਹੋ ਜਾਂਦੇ ਹਨ ਜਦੋਂ ਉਹ ਉਨ੍ਹਾਂ ਲੋਕਾਂ ਦੇ ਹੱਕਾਂ ਨੂੰ ਕੁਚਲਣ ’ਤੇ ਤਾਲੀਆਂ ਵਜਾਉਣ ਲੱਗ ਪੈਂਦੇ ਹਨ ਜਿਨ੍ਹਾਂ ਨੂੰ ਉਹ ‘ਬਿਗਾਨੇ’ ਸਮਝਦੇ ਹਨ। ਪਾਪੂਲਿਜ਼ਮ/ਭੀੜਤੰਤਰ ਇਸ ਰੋਗ ਦਾ ਦੂਜਾ ਨਾਂ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਜਲਵਾਯੂ ਸੰਕਟ ਜੋ ਅਜੋਕੇ ਸਮੇਂ ਵਾਤਾਵਰਨ ਸਬੰਧੀ ਦੁਨੀਆ ਅੱਗੇ ਖੜ੍ਹਾ ਸਭ ਤੋਂ ਵੱਡਾ ਸੰਕਟ ਹੈ, 18ਵੀਂ ਸਦੀ ਦੀ ਸਨਅਤੀ ਕ੍ਰਾਂਤੀ ’ਚੋਂ ਨਿਕਲੇ ਆਰਥਿਕ ਵਿਕਾਸ ਦੇ ਜੈਵਿਕ ਈਂਧਨ ਆਧਾਰਿਤ ਨਮੂਨੇ ਦਾ ਨਾ ਟਾਲਿਆ ਜਾ ਸਕਣ ਵਾਲਾ ਨਤੀਜਾ ਹੈ। ਇਹ ਸਮੇਂ ਦੇ ਨਾਲ ਸਾਧਨਾਂ ਤੇ ਊਰਜਾ ਉੱਤੇ ਵੱਧ ਨਿਰਭਰ ਹੁੰਦਾ ਗਿਆ ਅਤੇ ਆਲਮੀ ਤਪਸ਼ ਤੇ ਵਿਆਪਕ ਵਾਤਾਵਰਨ ਸੰਕਟ ਲਈ ਮੁੱਖ ਤੌਰ ’ਤੇ ਜ਼ਿੰਮੇਵਾਰ ਹੈ।

ਜਲਵਾਯੂ ਤਬਦੀਲੀ ਗ੍ਰੀਨਹਾਊਸ ਗੈਸਾਂ ਦਾ ਨਤੀਜਾ ਹੈ, ਮੁੱਖ ਤੌਰ ’ਤੇ ਕਾਰਬਨ ਡਾਇਆਕਸਾਈਡ ਜੋ ਸਨਅਤੀ ਯੁੱਗ ਦੀ ਸ਼ੁਰੂਆਤ ਤੋਂ ਬਾਅਦ ਧਰਤੀ ਦੇ ਉੱਪਰੀ ਵਾਯੂਮੰਡਲ ਵਿੱਚ ਇਕੱਠੀ ਹੁੰਦੀ ਗਈ ਹੈ। ਕਾਰਬਨ ਡਾਇਆਕਸਾਈਡ ਸੈਂਕੜੇ ਵਰ੍ਹਿਆਂ ਤੋਂ ਵੀ ਵੱਧ ਵਾਯੂਮੰਡਲ ਵਿੱਚ ਠਹਿਰੀ ਰਹਿੰਦੀ ਹੈ, ਹੌਲੀ-ਹੌਲੀ ਹੀ ਮੁੱਕਦੀ ਹੈ ਤੇ ਵਰਤਮਾਨ ਕਾਰਬਨ ਨਿਕਾਸੀ ਇਸ ’ਚ ਹੋਰ ਵਾਧਾ ਕਰਦੀ ਜਾਂਦੀ ਹੈ। ਇਸ ਨੂੰ ਮਾਪਣ ਦਾ ਤਰੀਕਾ ਹੈ ਹਵਾ ’ਚ ਮਿਲਣ ਵਾਲੇ ਕਣ ਪ੍ਰਤੀ ਅਣੂ (ਪੀਪੀਐੱਮ)। ਪੀਪੀਐੱਮ ਦੀ ਘਣਤਾ ਜਿੰਨੀ ਜ਼ਿਆਦਾ ਹੋਵੇਗੀ, ਆਲਮੀ ਤਪਸ਼ ਵੀ ਓਨੀ ਹੀ ਵੱਧ ਹੋਵੇਗੀ। ਉਦਯੋਗਕ ਕ੍ਰਾਂਤੀ ਤੋਂ ਪਹਿਲਾਂ ਧਰਤੀ ਦੇ ਵਾਤਾਵਰਨ ਵਿੱਚ ਗ੍ਰੀਨਹਾਊਸ ਗੈਸਾਂ 260-280 ਪੀਪੀਐੱਮ ਹੁੰਦੀਆਂ ਸਨ। ਅੱਜ ਇਹ ਗਿਣਤੀ 422 ਹੈ। ਪੀਪੀਐੱਮ ’ਚ ਹੋਣ ਵਾਲਾ ਵਾਧਾ ਆਲਮੀ ਪੱਧਰ ’ਤੇ ਔਸਤ ਤਾਪਮਾਨ ’ਚ ਹੋਣ ਵਾਲੇ ਵਾਧੇ ਨਾਲ ਜੁਡਿ਼ਆ ਹੋਇਆ ਹੈ।

ਜਲਵਾਯੂ ਤਬਦੀਲੀ ’ਤੇ ਬਣੇ ਕੌਮਾਂਤਰੀ ਪੈਨਲ ਜੋ ਪੂਰੀ ਦੁਨੀਆ ’ਚੋਂ ਜੁੜੇ ਜਲਵਾਯੂ ਵਿਗਿਆਨੀਆਂ ਦਾ ਗਰੁੱਪ ਹੈ, ਦਾ ਕਹਿਣਾ ਹੈ ਕਿ ਸਦੀ ਦੇ ਅੱਧ ਤੱਕ ਆਲਮੀ ਔਸਤ ਤਾਪਮਾਨ ਨੂੰ 2 ਡਿਗਰੀ ਸੈਲਸੀਅਸ ਦੇ ਵਾਧੇ ਤੱਕ ਸੀਮਤ ਕਰਨ ਲਈ 450 ਪੀਪੀਐੱਮ ਦਾ ਪੱਧਰ ਕਿਸੇ ਵੀ ਕੀਮਤ ਉੱਤੇ ਪਾਰ ਨਹੀਂ ਹੋਣ ਦੇਣਾ ਚਾਹੀਦਾ। ਇਸ ਤੋਂ ਉੱਪਰ ਦਾ ਕੋਈ ਵੀ ਵਾਧਾ ਭੂਮੰਡਲ ਦੇ ਵਾਤਾਵਰਨ ਲਈ ਵਿਨਾਸ਼ਕਾਰੀ ਹੋਵੇਗਾ ਤੇ ਇਸ ਦੀ ਪੂਰਤੀ ਨਹੀਂ ਹੋ ਸਕੇਗੀ। ਪੀਪੀਐੱਮ ਪੱਧਰ ਅਜੇ ਵੀ 2 ਪੀਪੀਐੱਮ ਪ੍ਰਤੀ ਸਾਲ ਦੀ ਦਰ ਨਾਲ ਵੱਧ ਰਿਹਾ ਹੈ; ਇਸ ਦਾ ਮਤਲਬ ਹੈ, 450 ਦੀ ਸੀਮਾ 17 ਸਾਲਾਂ ਵਿੱਚ ਪਾਰ ਹੋ ਜਾਵੇਗੀ।

ਆਈਪੀਸੀਸੀ ਦੀ 2019 ਵਿੱਚ ਆਈ ਵਿਸ਼ੇਸ਼ ਰਿਪੋਰਟ ਵਿੱਚ ਚਿਤਾਵਨੀ ਸੀ ਕਿ 1.5 ਡਿਗਰੀ ਸੈਲਸੀਅਸ ਦਾ ਵਾਧਾ ਵੀ ਖ਼ਤਰਨਾਕ ਹੋਵੇਗਾ ਤੇ ਇਸ ਦੇ ਕਈ ਅਜਿਹੇ ਸਿੱਟੇ ਨਿਕਲਣਗੇ ਜਿਨ੍ਹਾਂ ਦੀ ਪੂਰਤੀ ਕਦੇ ਨਹੀਂ ਹੋ ਸਕੇਗੀ। ਇਸ ਲਈ ਇਹ ਸੀਮਾ ਪਾਰ ਨਹੀਂ ਹੋਣੀ ਚਾਹੀਦੀ ਪਰ ਇਸ ਦਾ ਮਤਲਬ ਹੈ ਕਿ ਗ੍ਰੀਨਹਾਊਸ ਗੈਸਾਂ ’ਤੇ ਫੌਰੀ ਬੰਨ੍ਹ ਲਾਉਣਾ ਪਏਗਾ ਜਿਸ ਦੀ ਅਸਲ ’ਚ ਨੇੜ ਭਵਿੱਖ ਵਿੱਚ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਲੰਘੇ ਵਰ੍ਹੇ 2024 ਨੇ ਸਭ ਤੋਂ ਗਰਮ ਸਾਲ ਹੋਣ ਦਾ ਰਿਕਾਰਡ ਬਣਾ ਦਿੱਤਾ ਹੈ ਤੇ ਇਸ ਸਾਲ ਵੀ ਇੱਕ ਹੋਰ ਰਿਕਾਰਡ ਬਣ ਸਕਦਾ ਹੈ।

ਉਨ੍ਹਾਂ ਆਮ ਲੋਕਾਂ ’ਤੇ ਸਭ ਤੋਂ ਬੁਰੇ ਅਸਰ ਹੋ ਰਹੇ ਹਨ ਜਿਹੜੇ ਏਅਰ-ਕੰਡੀਸ਼ਨਿੰਗ ’ਤੇ ਖ਼ਰਚ ਨਹੀਂ ਕਰ ਸਕਦੇ, ਖੁੱਲ੍ਹੇ ਆਸਮਾਨ ਹੇਠ ਕੰਮ ਤੇ ਸਫ਼ਰ ਕਰਨਾ ਪੈਂਦਾ ਹੈ ਅਤੇ ਬਚਾਅ ਲਈ ਸੁਹਾਵਣੀਆਂ ਥਾਵਾਂ ਵੱਲ ਨਹੀਂ ਜਾ ਸਕਦੇ। ਸਾਡੇ ਸਮਾਜ ’ਚ ਨਾ-ਬਰਾਬਰੀ ਵਧ ਗਈ ਹੈ ਤੇ ਇਸ ਨੇ ਸਮਤਾਵਾਦੀ ਭਾਵ ਤੇ ਭਾਈਚਾਰੇ ਦੇ ਜਜ਼ਬੇ ਨੂੰ ਸੱਟ ਮਾਰੀ ਹੈ ਜੋ ਕਿਸੇ ਵੀ ਲੋਕਰਾਜੀ ਹਕੂਮਤ ਦੀ ਬੁਨਿਆਦ ਹੁੰਦੇ ਹਨ। ਦੁਬਈ ’ਚ 2023 ਵਿਚ ਹੋਈ ਯੂਐੱਨਐੱਫਸੀਸੀਸੀ ਦੀ ‘ਕਾਨਫਰੰਸ ਆਫ ਪਾਰਟੀਜ਼’ (ਸੀਓਪੀ) ’ਚ ਪਹਿਲੀ ਵਾਰ ਇਹ ਮੰਨਿਆ ਗਿਆ ਹੈ ਕਿ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਸਾਨੂੰ ‘ਊਰਜਾ ਢਾਂਚਿਆਂ ’ਚ ਜੈਵਿਕ ਈਂਧਨਾਂ ਤੋਂ ਵਾਜਿਬ, ਤਰਕਸੰਗਤ ਤੇ ਮੁਨਾਸਿਬ ਢੰਗ’ ਨਾਲ ਦੂਰ ਜਾਣਾ ਪਏਗਾ।

ਇਸ ਮਿਸਾਲੀ ਫ਼ੈਸਲੇ ਨੇ ਉਮੀਦ ਜਗਾਈ ਸੀ ਕਿ ਆਖ਼ਿਰ, ਦੁਨੀਆ ਹੋਰ ਜਲਵਾਯੂ ਤਬਦੀਲੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇਗੀ। ਇਹ ਉਮੀਦ ਜਲਦੀ ਹੀ ਖੋਟੀ ਸਾਬਿਤ ਹੋ ਗਈ। ਨਵੰਬਰ 2024 ਵਿੱਚ ਬਾਕੂ ’ਚ ਹੋਏ ਅਗਲੇ ਸੀਓਪੀ ’ਚ, ਤੇਲ ਉਤਪਾਦਕ ਤੇ ਬਰਾਮਦਕਾਰ ਮੁਲਕ ਊਰਜਾ ਪਰਿਵਰਤਨ ਦੀ ਇਸ ਵਚਨਬੱਧਤਾ ਦੀ ਤਸਦੀਕ ਨੂੰ ਰੋਕਣ ’ਚ ਸਫਲ ਹੋ ਗਏ। ਉਸ ਤੋਂ ਬਾਅਦ ਟਰੰਪ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ ਅਤੇ ਇੱਕ ਵਾਰ ਫਿਰ ਪੈਰਿਸ ਜਲਵਾਯੂ ਸੰਧੀ ਤੋਂ ਪਰ੍ਹੇ ਹੋ ਗਏ ਹਨ, ਅਮਰੀਕਾ ਵਿੱਚ ਬੇਰੋਕ ਤੇਲ-ਗੈਸ ਦੀ ਤਲਾਸ਼ ਤੇ ਉਤਪਾਦਨ ਦਾ ਵਾਅਦਾ ਕੀਤਾ ਗਿਆ। ਸੰਸਾਰ ਦੀਆਂ ਸਭ ਤੋਂ ਤਾਕਤਵਰ ਕਾਰਪੋਰੇਟ ਇਕਾਈਆਂ ਜਿਨ੍ਹਾਂ ਨੇ 2050 ਤੱਕ ਨਿਕਾਸੀ ਨੂੰ ਮਨਫ਼ੀ ਕਰਨ ਦੇ ਟੀਚੇ ਉਤਸ਼ਾਹਿਤ ਕਰਨ ’ਤੇ ਸਹੀ ਪਾਈ ਸੀ, ਸਾਰੀਆਂ ਆਪਣੀ ਵਚਨਬੱਧਤਾ ਤੋਂ ਮੁੱਕਰ ਚੁੱਕੀਆਂ ਹਨ।

ਸਾਂਝਾ ਕਰੋ

ਪੜ੍ਹੋ