ਨਵੀਂ ਦਿੱਲੀ, 1 ਫਰਵਰੀ – ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਸ਼ੁੱਕਰਵਾਰ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਸੰਸਦ ਵਿੱਚ ਆਪਣੇ ਭਾਸ਼ਣ ਦੇ ਅੰਤ ਤੱਕ ਬਹੁਤ ਥੱਕ ਗਈ ਸੀ ਅਤੇ ਕਾਫ਼ੀ ਮੁਸ਼ਕਲ ਨਾਲ ਬੋਲ ਰਹੀ ਸੀ। ਉਨ੍ਹਾ ਦੇ ਇਸ ਬਿਆਨ ’ਤੇ ਭਾਰੀ ਵਿਵਾਦ ਖੜ੍ਹਾ ਹੋ ਗਿਆ। ਉਨ੍ਹਾ ਦੇ ਬਿਆਨ ਦੀ ਰਾਸ਼ਟਰਪਤੀ ਭਵਨ ਨੇ ਤਿੱਖੀ ਨਿਖੇਧੀ ਕੀਤੀ ਹੈ। ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਸੋਨੀਆ ਨੂੰ ਇਸ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਸੋਨੀਆ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਵੱਲੋਂ ਰਾਸ਼ਟਰਪਤੀ ਦੇ ਭਾਸ਼ਣ ’ਤੇ ਟਿੱਪਣੀ ਕਰਨ ਲਈ ਆਖੇ ਜਾਣ ’ਤੇ ਇਹ ਗੱਲ ਆਖੀ। ਉਨ੍ਹਾ ਕਿਹਾਵਿਚਾਰੀ ਔਰਤ, ਰਾਸ਼ਟਰਪਤੀ ਅੰਤ ਤੱਕ ਬਹੁਤ ਥੱਕ ਗਈ ਸੀ।
ਉਹ ਬਹੁਤ ਮੁਸ਼ਕਲ ਨਾਲ ਬੋਲ ਸਕਦੀ ਸੀ, ਮਾੜੀ ਚੀਜ਼। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਹਿਲਾਂ ਕੋਈ ਟਿੱਪਣੀ ਨਹੀਂ ਕੀਤੀ, ਪਰ ਜਦੋਂ ਸੋਨੀਆ ਨੇ ਆਪਣੀ ਟਿੱਪਣੀ ਕੀਤੀ, ਤਾਂ ਰਾਹੁਲ ਨੇ ਕਿਹਾਰਾਸ਼ਟਰਪਤੀ ਵਾਰ-ਵਾਰ ਉਹੀ ਗੱਲ ਦੁਹਰਾ ਰਹੇ ਸਨ। ਰਾਸ਼ਟਰਪਤੀ ਮੁਰਮੂ ’ਤੇ ਸੋਨੀਆ ਦੀ ਟਿੱਪਣੀ ਤੋਂ ਕੁਝ ਪਲ ਬਾਅਦ ਭਾਜਪਾ ਮੁਖੀ ਜੇ ਪੀ ਨੱਢਾ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਸਿਖਰਲੇ ਸੰਵਿਧਾਨਕ ਅਹੁਦੇ ਦਾ ਅਪਮਾਨ ਕਰਨ ’ਤੇ ਆ ਗਈ ਹੈ। ਉਨ੍ਹਾ ਕਿਹਾਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਰਾਸ਼ਟਰਪਤੀ ਦਾ ਹਵਾਲਾ ਦੇਣ ਲਈ ਸ਼ਬਦ ‘ਮਾੜੀ ਚੀਜ਼’ ਦੀ ਵਰਤੋਂ ਬਹੁਤ ਹੀ ਅਪਮਾਨਜਨਕ ਹੈ ਅਤੇ ਵਿਰੋਧੀ ਧਿਰ ਵੱਲੋਂ ਸਰਵਉੱਚ ਸੰਵਿਧਾਨਕ ਅਹੁਦੇ ਦੀ ਸ਼ਾਨ ਪ੍ਰਤੀ ਨਿਰੰਤਰ ਅਣਦੇਖੀ ਨੂੰ ਉਜਾਗਰ ਕਰਦੀ ਹੈ।
ਬਦਕਿਸਮਤੀ ਨਾਲ ਇਹ ਕੋਈ ਇਕੱਲੀ ਘਟਨਾ ਨਹੀਂ। ਉਨ੍ਹਾ ਕਿਹਾ, ‘ਜਦੋਂ ਰਾਸ਼ਟਰਪਤੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰ ਰਹੇ ਸਨ, ਤਾਂ ਆਪਣੀ ਜਗੀਰੂ ਮਾਨਸਿਕਤਾ ਤੋਂ ਪ੍ਰੇਰਿਤ ਵਿਰੋਧੀ ਧਿਰ ਨੇ ਪੱਛੜੇ ਵਰਗਾਂ ਅਤੇ ਔਰਤਾਂ ਦੇ ਸਸ਼ਕਤੀਕਰਨ ਦਾ ਮਜ਼ਾਕ ਉਡਾਇਆ, ਜਦੋਂਕਿ ਇਹ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਲਿਆਂਦੀ ਗਈ ਇੱਕ ਸ਼ਾਨਦਾਰ ਤਬਦੀਲੀ ਹੈ। ਰਾਸ਼ਟਰਪਤੀ ਭਵਨ ਨੇ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਸੰਸਦ ਨੂੰ ਸੰਬੋਧਨ ’ਤੇ ਕਾਂਗਰਸ ਆਗੂਆਂ ਦੀਆਂ ਟਿੱਪਣੀਆਂ ਸਪੱਸ਼ਟ ਤੌਰ ’ਤੇ ਉੱਚ ਅਹੁਦੇ ਦੀ ਸ਼ਾਨ ਨੂੰ ਠੇਸ ਪਹੁੰਚਾਉਂਦੀਆਂ ਹਨ ਅਤੇ ਇਸ ਲਈ ਇਹ ਅਸਵੀਕਾਰਨਯੋਗ ਹਨ।
ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਹੋ ਸਕਦਾ ਹੈ ਕਿ ਇਹ ਆਗੂ ‘ਹਿੰਦੀ ਵਰਗੀਆਂ ਭਾਰਤੀ ਭਾਸ਼ਾਵਾਂ ਵਿੱਚ ਮੁਹਾਵਰੇ ਅਤੇ ਬੋਲ-ਚਾਲ’ ਦੇ ਤਰੀਕੇ ਤੋਂ ਜਾਣੂ ਨਹੀਂ ਸਨ ਅਤੇ ਇਸ ਤਰ੍ਹਾਂ ਇੱਕ ਗਲਤ ਪ੍ਰਭਾਵ ਪੈਦਾ ਹੋਇਆ ਹੈ। ਰਾਸ਼ਟਰਪਤੀ ਦਫ਼ਤਰ ਨੇ ਕਿਹਾਕਿਸੇ ਵੀ ਹਾਲਤ ਵਿੱਚ, ਅਜਿਹੀਆਂ ਟਿੱਪਣੀਆਂ ਬੇਸੁਆਦੀਆਂ, ਮੰਦਭਾਗੀਆਂ ਸਨ ਅਤੇ ਇਨ੍ਹਾਂ ਤੋਂ ਪੂਰੀ ਤਰ੍ਹਾਂ ਬਚਿਆ ਜਾਣਾ ਚਾਹੀਦਾ ਸੀ। ਗੌਰਤਲਬ ਹੈ ਕਿ ਸ਼ੁੱਕਰਵਾਰ ਰਾਸ਼ਟਰਪਤੀ ਵੱਲੋਂ ਸਾਂਝੇ ਅਜਲਾਸ ਨੂੰ ਸੰਬੋਧਨ ਕੀਤੇ ਜਾਣ ਤੋਂ ਤੁਰੰਤ ਬਾਅਦ ਕਾਂਗਰਸ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਵਾਡਰਾ ਨੂੰ ਭਾਸ਼ਣ ’ਤੇ ਚਰਚਾ ਕਰਦੇ ਦੇਖਿਆ ਗਿਆ।
ਸੋਨੀਆ ਗਾਂਧੀ ਨੇ ਕਥਿਤ ਤੌਰ ’ਤੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਕਿਹਾ, ‘ਵਿਚਾਰੀ ਔਰਤ, ਰਾਸ਼ਟਰਪਤੀ, ਅੰਤ ਤੱਕ ਬਹੁਤ ਥੱਕ ਗਈ ਸੀ। ਮਾੜੀ ਚੀਜ਼, ਉਹ ਮੁਸ਼ਕਲ ਨਾਲ ਬੋਲ ਸਕਦੀ ਸੀ। ਰਾਸ਼ਟਰਪਤੀ ਭਵਨ ਨੇ ਰਾਸ਼ਟਰਪਤੀ ਦੇ ਸੰਸਦ ਵਿੱਚ ਭਾਸ਼ਣ ’ਤੇ ਮੀਡੀਆ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾਕਾਂਗਰਸ ਪਾਰਟੀ ਦੇ ਕੁਝ ਪ੍ਰਮੁੱਖ ਨੇਤਾਵਾਂ ਨੇ ਅਜਿਹੀਆਂ ਟਿੱਪਣੀਆਂ ਕੀਤੀਆਂ ਹਨ, ਜੋ ਸਪੱਸ਼ਟ ਤੌਰ ’ਤੇ ਉੱਚ ਅਹੁਦੇ ਦੀ ਸ਼ਾਨ ਨੂੰ ਠੇਸ ਪਹੁੰਚਾਉਂਦੀਆਂ ਹਨ ਅਤੇ ਇਸ ਲਈ ਇਹ ਅਸਵੀਕਾਰਨਯੋਗ ਹਨ।