
ਪੰਚਕੂਲਾ, 28 ਜਨਵਰੀ – ਫ਼ਰੀਦਾਬਾਦ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ.ਸੀ.ਬੀ.) ਦੀ ਟੀਮ ਨੇ ਬੀਤੀ ਰਾਤ ਹਰਿਆਣਾ ਦੇ ਪੰਚਕੂਲਾ ਵਿਚ ਪੰਚਾਇਤੀ ਰਾਜ ਵਿਭਾਗ ਦੇ ਇਕ ਸੇਵਾਮੁਕਤ ਲੇਖਾ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਏ.ਸੀ.ਬੀ ਨੇ ਉਸ ਦੇ ਘਰੋਂ 3.60 ਕਰੋੜ ਰੁਪਏ ਦੀ ਨਕਦੀ ਅਤੇ ਵੱਡੀ ਮਾਤਰਾ ਵਿਚ ਸੋਨੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। ਏ.ਸੀ.ਬੀ ਦੀ ਟੀਮ ਨੇ ਉਸੇ ਰਾਤ ਸੇਵਾਮੁਕਤ ਅਧਿਕਾਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਆਪਣੇ ਨਾਲ ਫ਼ਰੀਦਾਬਾਦ ਲੈ ਗਈ। ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਸੇਵਾਮੁਕਤ ਲੇਖਾ ਅਧਿਕਾਰੀ ਸ਼ਮਸ਼ੇਰ ਸਿੰਘ ਮੂਲ ਰੂਪ ਵਿਚ ਕੈਥਲ ਜ਼ਿਲ੍ਹੇ ਦੇ ਚੌਸਾਲਾ ਪਿੰਡ ਦਾ ਰਹਿਣ ਵਾਲਾ ਹੈ। ਇਸ ਵੇਲੇ ਉਹ ਪੰਚਕੂਲਾ ਦੇ ਸੈਕਟਰ-26 ਵਿਚ ਰਹਿ ਰਿਹਾ ਸੀ। ਫ਼ਰੀਦਾਬਾਦ ਦੀ ਏ.ਸੀ.ਬੀ ਟੀਮ ਰਾਤ ਨੂੰ ਪੰਚਕੂਲਾ ਪਹੁੰਚੀ ਸੀ ਤਾਂ ਜੋ ਸ਼ਮਸ਼ੇਰ ਸਿੰਘ ਨੂੰ ਸਬੰਧਤ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਜਾ ਸਕੇ। ਜਦੋਂ ਟੀਮ ਸ਼ਮਸ਼ੇਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਉਸ ਦੇ ਘਰ ਪਹੁੰਚੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਜਿਸ ਤਹਿਤ ਉਨ੍ਹਾਂ ਨੇ ਸ਼ਮਸ਼ੇਰ ਸਿੰਘ ਦੇ ਘਰ ਦੀ ਤਲਾਸ਼ੀ ਲਈ। ਇਸ ਦੌਰਾਨ ਘਰ ’ਚੋਂ 3.60 ਕਰੋੜ ਰੁਪਏ ਨਕਦ ਅਤੇ ਸੋਨੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਟੀਮ ਨੇ ਸਾਰਾ ਸਾਮਾਨ ਅਪਣੇ ਕਬਜ਼ੇ ਵਿਚ ਲੈ ਲਿਆ ਅਤੇ ਸ਼ਮਸ਼ੇਰ ਸਿੰਘ ਨੂੰ ਅਪਣੇ ਨਾਲ ਲੈ ਗਈ।