ਲੋਹ ਯੁੱਗ ਦੀ ਸ਼ੁਰੂਆਤ 5300 ਸਾਲ ਪਹਿਲਾਂ ਤਾਮਿਲਨਾਡੂ ’ਚ ਹੋਈ ਸੀ

ਚੇਨਈ, 24 ਜਨਵਰੀ – ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਵੀਰਵਾਰ ਐਲਾਨਿਆ ਕਿ ਲੋਹ ਯੁੱਗ ਦੀ ਸ਼ੁਰੂਆਤ ਤਾਮਿਲਨਾਡੂ ’ਚ 5300 ਸਾਲ ਪਹਿਲਾਂ ਹੋਈ ਸੀ। ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਲੋਹ ਯੁੱਗ ਦੀ ਸ਼ੁਰੂਆਤ 3200 ਸਾਲ ਪਹਿਲਾਂ ਮੱਧ-ਪੂਰਬ ਅਤੇ ਦੱਖਣ-ਪੂਰਬੀ ਯੂਰਪ ਵਿੱਚ ਹੋਈ ਸੀ। ਉਨ੍ਹਾ ਕਿਹਾਮੈਂ ਦੁਨੀਆ ਨੂੰ ਦੱਸ ਰਿਹਾ ਹਾਂ ਕਿ ਤਾਮਿਲਨਾਡੂ ਵਿੱਚ ਲੋਹੇ ਨੂੰ ਗਲਾਉਣ ਦੀ ਤਕਨੀਕ 5300 ਸਾਲ ਪਹਿਲਾਂ ਵਿਕਸਤ ਕੀਤੀ ਗਈ ਸੀ। ਇਹ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਦੱਖਣੀ ਭਾਰਤ, ਖਾਸਕਰ ਤਾਮਿਲਨਾਡੂ ਵਿੱਚ ਲਗਭਗ 3345 ਈਸਾ ਪੂਰਵ ਲੋਹੇ ਦੀ ਸ਼ੁਰੂਆਤ ਹੋਈ ਸੀ। ਤਾਮਿਲਨਾਡੂ ਦੇ ਸ਼ਿਵਾਗਲਾਈ ਤੋਂ ਇਕੱਤਰ ਕੀਤੇ ਗਏ ਨਮੂਨਿਆਂ ਨੂੰ ਵਿਸ਼ਲੇਸ਼ਣ ਲਈ ਪੁਣ ਤੇ ਫਲੋਰੀਡਾ ਸਣੇ ਦੁਨੀਆ ਦੀਆਂ ਸਰਵਸ੍ਰੇਸ਼ਠ ਪ੍ਰਯੋਗਸ਼ਾਲਾਵਾਂ ’ਚ ਘੱਲਿਆ ਗਿਆ ਸੀ। ਪ੍ਰਯੋਗਸ਼ਾਲਾਵਾਂ ਦੀਆਂ ਲੱਭਤਾਂ ਦੀ ਤਾਮਿਲਨਾਡੂ ਦੇ ਪੁਰਾਤਤਵ ਵਿਭਾਗ ਨੇ ਵੀ ਅਧਿਐਨ ਕੀਤਾ ਤੇ ਉਨ੍ਹਾਂ ਨੂੰ ਸਹੀ ਪਾਇਆ।

ਸਟਾਲਿਨ ਨੇ ਦੱਸਿਆ ਕਿ ਇਨ੍ਹਾਂ ਲੱਭਤਾਂ ਨੂੰ ‘ਦੀ ਐਂਟੀਕੁਇਟੀ ਆਫ ਆਇਰਨ’ ਨਾਂਅ ਦੀ ਪੁਸਤਕ ਵਿੱਚ ਸੰਕਲਤ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਕੌਮੀ ਪੱਧਰ ਦੇ ਪੁਰਾਤਤਵ ਮਾਹਰਾਂ ਦੀ ਰਾਇ ਸ਼ਾਮਲ ਹੈ, ਜਿਨ੍ਹਾਂ ਵਿਸ਼ਲੇਸ਼ਣ ਦੇ ਨਤੀਜਿਆਂ ਦੀ ਸਮੀਖਿਆ ਕੀਤੀ। ਮੁੱਖ ਮੰਤਰੀ ਨੇ ਚੱਲ ਰਹੀ ਖੋਜ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਕਿਹਾਵੱਖ-ਵੱਖ ਥਾਵਾਂ ਤੋਂ ਕੱਢੀਆਂ ਲੋਹ ਕਲਾਕਿ੍ਰਤਾਂ ਦੀ ਧਾਤੂਕਰਮ ਵਿਸ਼ਲੇਸ਼ਣ ਨਾਲ ਹੀ ਲੋਹ ਧਾਤ ਯੁਕਤ ਪੁਰਾਤਾਤਵਿਕ ਥਾਵਾਂ ’ਤੇ ਭਵਿੱਖ ਦੀ ਖੁਦਾਈ, ਇਨ੍ਹਾਂ ਖੋਜਾਂ ਨੂੰ ਬਲ ਪ੍ਰਦਾਨ ਕਰੇਗੀ। ਇਹ ਕੋਸ਼ਿਸ਼ਾਂ ਇਨ੍ਹਾਂ ਨਤੀਜਿਆਂ ਦਾ ਸਮਰਥਨ ਕਰਨ ਲਈ ਵਧੇਰੇ ਸਬੂਤ ਤੇ ਸਪੱਸ਼ਟਤਾ ਪ੍ਰਦਾਨ ਕਰਨਗੀਆਂ ਤੇ ਅਸੀਂ ਭਰੋਸੇ ਨਾਲ ਅਜਿਹੇ ਮਜ਼ਬੂਤ ਸਬੂਤ ਦੀ ਉਡੀਕ ਕਰ ਰਹੇ ਹਾਂ। ਸਟਾਲਿਨ ਨੇ ਇਨ੍ਹਾਂ ਖੋਜਾਂ ਦੇ ਮਹੱਤਵ ’ਤੇ ਰੌਸ਼ਨੀ ਪਾਉਦਿਆਂ ਜ਼ੋਰ ਦੇ ਕੇ ਕਿਹਾ ਕਿ ਧਾਤ ਤੋਂ ਲੋਹਾ ਕੱਢਣ ਦੀ ਤਕਨੀਕ ਪਹਿਲੀ ਵਾਰ ਤਾਮਿਲਨਾਡੂ ਵਿੱਚ ਵਿਸ਼ਵ ਪੱਧਰ ’ਤੇ ਪੇਸ਼ ਕੀਤੀ ਗਈ ਸੀ। ਉਨ੍ਹਾ ਕਿਹਾਅਸੀਂ ਵਿਗਿਆਨਕ ਤੌਰ ’ਤੇ ਸਥਾਪਤ ਕੀਤਾ ਹੈ ਕਿ ਲੋਹਾ 5300 ਸਾਲ ਪਹਿਲਾਂ ਤਾਮਿਲ ਖੇਤਰ ਵਿੱਚ ਪੇਸ਼ ਕੀਤਾ ਗਿਆ ਸੀ। ਇਹ ਤਾਮਿਲ ਲੋਕਾਂ, ਤਾਮਿਲਨਾਡੂ ਤੇ ਤਾਮਿਲ ਭੂਮੀ ਲਈ ਬਹੁਤ ਮਾਣ ਵਾਲੀ ਗੱਲ ਹੈ।

ਸਾਂਝਾ ਕਰੋ

ਪੜ੍ਹੋ