ਮੁੰਬਈ, 15 ਜਨਵਰੀ – ਔਰਤਾਂ ਵਿਰੁੱਧ ਅਪਰਾਧ ਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਅਹਿਮ ਟਿੱਪਣੀ ਕੀਤੀ ਹੈ। ਦਰਅਸਲ, ਬੰਬੇ ਹਾਈਕੋਰਟ ਦੀ ਇਹ ਟਿੱਪਣੀ ਲੜਕੀ ਦਾ ਪਿੱਛਾ ਕਰਨ ਦੇ ਮਾਮਲੇ ਵਿੱਚ ਆਈ ਹੈ। ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਇੱਕ ਵਾਰ ਲੜਕੀ ਦਾ ਪਿੱਛਾ ਕਰਨਾ ਅਪਰਾਧ ਨਹੀਂ ਹੈ ਪਰ ਕਾਨੂੰਨੀ ਤੌਰ ‘ਤੇ ਕਿਸੇ ਦਾ ਲਗਾਤਾਰ ਪਿੱਛਾ ਕਰਨਾ ਅਪਰਾਧ ਮੰਨਿਆ ਜਾਵੇਗਾ। ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਕਿਹਾ ਕਿ ਸਿਰਫ਼ ਇੱਕ ਵਾਰ ਪਿੱਛਾ ਕਰਨਾ ਅਪਰਾਧ ਨਹੀਂ ਹੈ। ਜਸਟਿਸ ਜੀਏ ਸਨਪ ਨੇ ਜਿਨਸੀ ਸ਼ੋਸ਼ਣ ਦੇ ਦੋ 19 ਸਾਲਾ ਮੁਲਜ਼ਮਾਂ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਹ ਟਿੱਪਣੀ ਕੀਤੀ। ਇਨ੍ਹਾਂ ਦੋਵਾਂ ‘ਤੇ 14 ਸਾਲਾ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਤੇ ਉਸ ਦੇ ਘਰ ਜ਼ਬਰਦਸਤੀ ਦਾਖਲ ਹੋਣ ਦਾ ਦੋਸ਼ ਸੀ। ਜਨਵਰੀ 2020 ਵਿੱਚ ਮੁੱਖ ਮੁਲਜ਼ਮ ਨੇ ਨਾਬਾਲਗ ਲੜਕੀ ਦਾ ਪਿੱਛਾ ਕੀਤਾ ਤੇ ਉਸ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕੀਤੀ।
ਹਾਲਾਂਕਿ ਇਹ ਆਪਣੇ ਆਪ ਵਿੱਚ ਇੱਕ ਅਪਰਾਧ ਮੰਨਿਆ ਜਾਂਦਾ ਸੀ। ਪਰ ਬੰਬੇ ਹਾਈ ਕੋਰਟ ਨੇ ਦੋਵਾਂ ਨੂੰ ਰਾਹਤ ਦਿੱਤੀ ਹੈ।ਅਦਾਲਤ ਨੇ ਮੰਨਿਆ ਕਿ ਦੋਵੇਂ ਦੋਸ਼ੀਆਂ ਨੇ ਲੜਕੀ ਦਾ ਲਗਾਤਾਰ ਪਿੱਛਾ ਨਹੀਂ ਕੀਤਾ ਸੀ। ਇਸ ਲਈ ਉਨ੍ਹਾਂ ਨੂੰ ਅਪਰਾਧੀ ਨਹੀਂ ਮੰਨਿਆ ਜਾ ਸਕਦਾ। ਇਸ ਮਾਮਲੇ ‘ਚ ਵੀ ਲੜਕੀ ਦੇ ਮਨ੍ਹਾ ਕਰਨ ‘ਤੇ ਦੋਸ਼ੀ ਨਾ ਮੰਨੇ ਅਤੇ ਉਸ ਦਾ ਪਿੱਛਾ ਕਰਦੇ ਹੋਏ ਉਸ ਦੇ ਘਰ ‘ਚ ਦਾਖਲ ਹੋ ਗਏ। ਹਾਲਾਂਕਿ ਇਸ ਮਾਮਲੇ ਵਿੱਚ 26 ਅਗਸਤ, 2020 ਨੂੰ ਦੋਸ਼ੀ ਲੜਕੀ ਦੇ ਘਰ ਵਿੱਚ ਦਾਖਲ ਹੋਇਆ ਤੇ ਉਸਨੂੰ ਅਣਉਚਿਤ ਢੰਗ ਨਾਲ ਛੂਹਿਆ। ਇਸ ਦੌਰਾਨ ਦੂਜੇ ਮੁਲਜ਼ਮ ਨੇ ਘਰ ਦੇ ਬਾਹਰ ਪਹਿਰਾ ਦਿੱਤਾ।