
ਨਵੀਂ ਦਿੱਲੀ, 21 ਦਸੰਬਰ – ਜੀਐਸਟੀ ਕੌਂਸਲ ਦੀ 55ਵੀਂ ਮੀਟਿੰਗ ਸ਼ਨਿਚਰਵਾਰ ਨੂੰ ਸ਼ੁਰੂ ਹੋ ਗਈ ਹੈ। ਇਸ ਬੈਠਕ ‘ਚ 148 ਵਸਤੂਆਂ ‘ਤੇ ਟੈਕਸ ਸਲੈਬ ‘ਚ ਬਦਲਾਅ ਦੇ ਨਾਲ-ਨਾਲ ਬੀਮਾ ਪਾਲਿਸੀਆਂ ਨੂੰ ਲੈ ਕੇ ਵੀ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਬੈਠਕ ‘ਚ ਸਿਹਤ ਤੇ ਜੀਵਨ ਬੀਮਾ ਪ੍ਰੀਮੀਅਮ ‘ਤੇ ਜੀਐੱਸਟੀ ਘਟਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਾਲੀ ਜੀਐਸਟੀ ਕੌਂਸਲ ਵੱਲੋਂ ਹਵਾਬਾਜ਼ੀ ਟਰਬਾਈਨ ਫਿਊਲ (ATF) ਨੂੰ ਜੀਐਸਟੀ ਦੇ ਦਾਇਰੇ ਟਚ ਲਿਆਉਣ ਬਾਰੇ ਵੀ ਚਰਚਾ ਕੀਤੇ ਜਾਣ ਦੀ ਉਮੀਦ ਹੈ।
ਕੀ ਹੈ ਮੀਟਿੰਗ ਦਾ ਏਜੰਡਾ
ਜੀਐਸਟੀ ਕੌਂਸਲ ਦੀ ਮੀਟਿੰਗ ਦਾ ਏਜੰਡਾ ਸਿਹਤ ਅਤੇ ਜੀਵਨ ਬੀਮਾ ‘ਤੇ ਜੀਐਸਟੀ ਦੀ ਦਰ ਤੈਅ ਕਰਨਾ ਹੈ। ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਦੀ ਅਗਵਾਈ ਹੇਠ ਕੌਂਸਲ ਵੱਲੋਂ ਗਠਿਤ ਮੰਤਰੀਆਂ ਦੇ ਸਮੂਹ (ਜੀਓਐਮ) ਨੇ ਨਵੰਬਰ ‘ਚ ਆਪਣੀ ਮੀਟਿੰਗ ‘ਚ ਟਰਮ ਲਾਈਫ ਇੰਸ਼ੋਰੈੰਸ ਪਾਲਿਸੀਆਂ ਲਈ ਭੁਗਤਾਨ ਕੀਤੇ ਬੀਮਾ ਪ੍ਰੀਮੀਅਮਾਂ ਨੂੰ ਜੀਐਸਟੀ ਤੋਂ ਛੋਟ ਦੇਣ ਲਈ ਸਹਿਮਤੀ ਦਿੱਤੀ ਸੀ। ਇਸ ਤੋਂ ਇਲਾਵਾ ਸੀਨੀਅਰ ਨਾਗਰਿਕਾਂ ਵੱਲੋਂ ਸਿਹਤ ਬੀਮਾ ਕਵਰ ਲਈ ਅਦਾ ਕੀਤੇ ਜਾਣ ਵਾਲੇ ਪ੍ਰੀਮੀਅਮ ਨੂੰ ਟੈਕਸ ਤੋਂ ਛੋਟ ਦੇਣ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਤੋਂ ਇਲਾਵਾ 5 ਲੱਖ ਰੁਪਏ ਤਕ ਦੇ ਸਿਹਤ ਬੀਮਾ ਲਈ ਸੀਨੀਅਰ ਨਾਗਰਿਕਾਂ ਤੋਂ ਇਲਾਵਾ ਹੋਰ ਵਿਅਕਤੀਆਂ ਵੱਲੋਂ ਅਦਾ ਕੀਤੇ ਪ੍ਰੀਮੀਅਮ ‘ਤੇ ਜੀਐਸਟੀ ਤੋਂ ਛੋਟ ਦੇਣ ਦਾ ਪ੍ਰਸਤਾਵ ਹੈ। ਹਾਲਾਂਕਿ, 5 ਲੱਖ ਰੁਪਏ ਤੋਂ ਵੱਧ ਸਿਹਤ ਬੀਮਾ ਕਵਰ ਵਾਲੀਆਂ ਪਾਲਿਸੀਆਂ ਲਈ ਭੁਗਤਾਨ ਕੀਤੇ ਪ੍ਰੀਮੀਅਮਾਂ ‘ਤੇ 18 ਪ੍ਰਤੀਸ਼ਤ ਜੀਐਸਟੀ ਜਾਰੀ ਰਹੇਗਾ।