
ਬ੍ਰਿਸਬੇਨ, 18 ਦਸੰਬਰ – ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਗਾਬਾ ‘ਚ ਖੇਡਿਆ ਗਿਆ ਬਾਰਡਰ ਗਾਵਸਕਰ ਟਰਾਫ਼ੀ ਦਾ ਤੀਜਾ ਟੈਸਟ ਡਰਾਅ ਹੋ ਗਿਆ ਹੈ। ਇਹ ਮੈਚ ਮੀਂਹ ਕਾਰਨ ਪ੍ਰਭਾਵਤ ਹੋਇਆ। ਭਾਰਤ ਨੇ ਜਿੱਤ ਲਈ 275 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਬਿਨਾਂ ਕਿਸੇ ਨੁਕਸਾਨ ਦੇ ਅੱਠ ਦੌੜਾਂ ਬਣਾ ਲਈਆਂ ਸਨ ਜਦੋਂ ਖ਼ਰਾਬ ਰੋਸ਼ਨੀ ਅਤੇ ਮੀਂਹ ਕਾਰਨ ਖੇਡ ਰੋਕ ਦਿਤੀ ਗਈ। ਯਸ਼ਸਵੀ ਜੈਸਵਾਲ ਅਤੇ ਕੇਐੱਲ ਰਾਹੁਲ ਚਾਰ-ਚਾਰ ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ। ਹਾਲਾਂਕਿ ਚਾਹ ਦੇ ਸਮੇਂ ਤੋਂ ਬਾਅਦ ਮੀਂਹ ਪੈ ਗਿਆ। ਅਜਿਹੇ ‘ਚ ਦਿਨ ਦੀ ਖੇਡ ਖ਼ਤਮ ਹੋ ਗਈ ਅਤੇ ਮੈਚ ਦਾ ਨਤੀਜਾ ਡਰਾਅ ਰਿਹਾ। 3 ਮੈਚਾਂ ਤੋਂ ਬਾਅਦ ਹੁਣ ਲੜੀ 1-1 ਨਾਲ ਬਰਾਬਰ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਦੂਜੀ ਪਾਰੀ ਸੱਤ ਵਿਕਟਾਂ ‘ਤੇ 89 ਦੌੜਾਂ ‘ਤੇ ਘੋਸ਼ਿਤ ਕਰਨ ਦਾ ਦਲੇਰਾਨਾ ਫ਼ੈਸਲਾ ਲੈਂਦਿਆਂ ਭਾਰਤ ਨੂੰ 275 ਦੌੜਾਂ ਦਾ ਟੀਚਾ ਦਿਤਾ।
ਆਸਟਰੇਲੀਆਈ ਟੀਮ ਨੇ ਪਹਿਲੀ ਪਾਰੀ ਵਿਚ ਸਾਰੀਆਂ ਵਿਕਟਾਂ ਗੁਆ ਕੇ 445 ਦੌੜਾਂ ਬਣਾਈਆਂ ਸਨ। ਜਵਾਬ ‘ਚ ਭਾਰਤੀ ਟੀਮ ਨੇ ਪਹਿਲੀ ਪਾਰੀ ‘ਚ 260 ਦੌੜਾਂ ਬਣਾਈਆਂ। ਕੰਗਾਰੂ ਟੀਮ ਨੇ ਦੂਜੀ ਪਾਰੀ 89/7 ‘ਤੇ ਘੋਸ਼ਿਤ ਕਰ ਦਿਤੀ। ਅਜਿਹੇ ‘ਚ ਭਾਰਤ ਨੂੰ ਆਖ਼ਰੀ ਦਿਨ ਜਿੱਤ ਲਈ 275 ਦੌੜਾਂ ਬਣਾਉਣੀਆਂ ਸਨ। ਦੂਜੇ ਪਾਸੇ ਆਸਟ੍ਰੇਲੀਆ ਨੂੰ ਇਹ ਮੈਚ ਜਿੱਤਣ ਲਈ 10 ਵਿਕਟਾਂ ਦੀ ਲੋੜ ਸੀ। ਹਾਲਾਂਕਿ ਮੈਚ ‘ਚ ਮੀਂਹ ਦੀ ਸੰਭਾਵਨਾ ਪਹਿਲਾਂ ਹੀ ਪ੍ਰਗਟਾਈ ਜਾ ਰਹੀ ਸੀ। ਆਸਟਰੇਲੀਆ ਲਈ ਪਹਿਲੀ ਪਾਰੀ ਵਿਚ ਟ੍ਰੈਵਿਸ ਹੈੱਡ ਅਤੇ ਸਟੀਵ ਸਮਿਥ ਨੇ ਸੈਂਕੜੇ ਜੜੇ। ਦੋਵਾਂ ਵਿਚਾਲੇ ਚੌਥੀ ਵਿਕਟ ਲਈ ਕਰੀਬ 240 ਦੌੜਾਂ ਦੀ ਸਾਂਝੇਦਾਰੀ ਹੋਈ। ਸਟੀਵ ਸਮਿਥ ਨੇ 190 ਗੇਂਦਾਂ ‘ਤੇ 101 ਦੌੜਾਂ ਦੀ ਪਾਰੀ ਖੇਡੀ। ਜਦੋਂ ਕਿ ਹੇਡ ਨੇ 160 ਗੇਂਦਾਂ ਵਿਚ 152 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 18 ਚੌਕੇ ਲਗਾਏ। ਵਿਕਟਕੀਪਰ ਐਲੇਕਸ ਕੈਰੀ ਨੇ ਵੀ 70 ਦੌੜਾਂ ਦੀ ਅਹਿਮ ਪਾਰੀ ਖੇਡੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 6 ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਮੁਹੰਮਦ ਸਿਰਾਜ ਨੇ 2 ਅਤੇ ਆਕਾਸ਼ਦੀਪ-ਨਿਤੀਸ਼ ਰੈੱਡੀ ਨੇ 1-1 ਵਿਕਟ ਲਈ।