ਇਮਰਾਨ ਸਮਰਥਕਾਂ ਦੇ ਪ੍ਰਦਰਸ਼ਨਾਂ ਦੌਰਾਨ ਛੇ ਜਵਾਨ ਹਲਾਕ

ਇਸਲਾਮਾਬਾਦ, 27 ਨਵੰਬਰ – ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਲਈ ਸਮਰਥਕਾਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰੇ ਦੌਰਾਨ ਹੋਈ ਹਿੰਸਾ ਵਿੱਚ ਨੀਮ ਫੌਜੀ ਬਲਾਂ ਦੇ ਚਾਰ ਜਵਾਨ ਤੇ ਦੋ ਪੁਲੀਸ ਮੁਲਾਜ਼ਮ ਮਾਰੇ ਗਏ, ਜਦਕਿ 100 ਤੋਂ ਵਧ ਸੁਰੱਖਿਆ ਜਵਾਨ ਜ਼ਖਮੀ ਹੋਏ ਹਨ। ਹਿੰਸਾ ਮਗਰੋਂ ਸੰਘੀ ਸਰਕਾਰ ਨੇ ਕੌਮੀ ਰਾਜਧਾਨੀ ’ਚ ਫੌਜ ਤਾਇਨਾਤ ਕਰ ਦਿੱਤੀ ਹੈ। ਮੁਜ਼ਹਰਾਕਾਰੀਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਹਨ।

ਇਮਰਾਨ ਖ਼ਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਮਰਥਕ ਇਸਲਾਮਾਬਾਦ ਦੇ ਡੀ-ਚੌਕ ਵੱਲ ਜਾਂਦੇ ਰਸਤੇ ’ਚ ਲਾਏ ਅੜਿੱਕੇ ਹਟਾ ਕੇ ਕੌਮੀ ਰਾਜਧਾਨੀ ਦੇ ਮੱਧ ਵਿੱਚ ਪੁੱਜ ਗਏ ਹਨ। ‘ਰੇਡੀਓ ਪਾਕਿਸਤਾਨ’ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਇਸਲਾਮਾਬਾਦ ’ਚ ਸ੍ਰੀਨਗਰ ਹਾਈਵੇਅ ’ਤੇ ਵਾਹਨ ਵੱਲੋਂ ਟੱਕਰ ਮਾਰਨ ਕਰਕੇ ਪਾਕਿ ਰੇਂਜਰਜ਼ ਦੇ ਚਾਰ ਅਧਿਕਾਰੀਆਂ ਦੀ ਮੌਤ ਹੋ ਗਈ ਜਦਕਿ ਹਥਿਆਰਬੰਦ ਅਨਸਰਾਂ ਵੱਲੋਂ ਰਾਵਲਪਿੰਡੀ ਸਥਿਤ ਚੁੰਗੀ ਨੰਬਰ-26 ’ਚ ਗੋਲੀਬਾਰੀ ’ਚ ਦੋ ਪੁਲੀਸ ਮੁਲਾਜ਼ਮ ਮਾਰੇ ਗਏ।

ਪੀਟੀਆਈ ਨੇ ਪ੍ਰਸ਼ਾਸਨ ’ਤੇ ਹਿੰਸਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਈ ਸਮਰਥਕ ਇਸ ਵਿੱਚ ਜ਼ਖ਼ਮੀ ਹੋ ਗਏ। ਇਸੇ ਦੌਰਾਨ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਮਨੁੱਖੀ ਅਧਿਕਾਰਾਂ ਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਸਨਮਾਨ ਕਰਨ ਸਣੇ ਅਮਨ-ਕਾਨੂੰਨ ਦੀ ਸਥਿਤੀ ਯਕੀਨੀ ਬਣਾਉਣ।

ਸੁਰੱਖਿਆ ਮੁਲਾਜ਼ਮਾਂ ’ਤੇ ਹਮਲਾ ਸਵੀਕਾਰ ਨਹੀਂ: ਸ਼ਰੀਫ਼

ਪਾਕਿ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਰੇਂਜਰਜ਼ ਤੇ ਪੁਲੀਸ ਮੁਲਾਜ਼ਮਾਂ ’ਤੇ ਹਮਲੇ ਦੀ ਨਿਖੇਧੀ ਕੀਤੀ ਤੇ ਘਟਨਾ ’ਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਕੇ ਪੀੜਤਾਂ ਲਈ ਨਿਆਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ, ‘‘ਪਾਕਿਸਤਾਨ ’ਚ ਅਜਿਹੀ ਬਦਅਮਨੀ ਅਤੇ ਘਟੀਆ ਸਿਆਸੀ ਏਜੰਡੇ ਲਈ ਖ਼ੂਨ-ਖਰਾਬਾ ਸਵੀਕਾਰ ਨਹੀਂ ਹੈ।’’

ਇਮਰਾਨ ਤੇ ਪੀਟੀਆਈ ਆਗੂਆਂ ਵਿਰੁੱਧ ਕੇਸ ਦਰਜ

ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਰੋਸ ਮਾਰਚ ਦੌਰਾਨ ਇੱਕ ਪੁਲੀਸ ਮੁਲਾਜ਼ਮ ਦੀ ਮੌਤ ’ਚ ਕਥਿਤ ਭੂਮਿਕਾ ਦੇ ਦੋਸ਼ ਹੇਠ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਾਰਟੀ ਪੀਟੀਆਈ ਦੇ ਆਗੂਆਂ ਖਿਲਾਫ਼ ਅਤਿਵਾਦ ਵਿਰੋਧੀ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੰਜਾਬ ਪੁਲੀਸ ਮੁਤਾਬਕ ਸੋਮਵਾਰ ਨੂੰ ਹਕਲਾ ਚੌਕ ’ਚ ਪੀਟੀਆਈ ਸਮਰਥਕਾਂ ਨਾਲ ਝੜਪ ਦੌਰਾਨ ਸਿਪਾਹੀ ਮੁਹੰਮਦ ਮੁਬਸ਼ੀਰ ਬਿਲਾਲ ਦੀ ਮੌਤ ਹੋ ਗਈ ਸੀ।

ਸਾਂਝਾ ਕਰੋ

ਪੜ੍ਹੋ

ਮਾੜੇ ਵਕਤ ਨੇ ਸਿਖਾਇਆ ਚੰਗਾ ਸਬਕ

ਮੇਰੀ ਜ਼ਿੰਦਗੀ ਵਿਚ ਇਕ ਅਜਿਹੀ ਘਟਨਾ ਵਾਪਰੀ ਜੋ ਮੈਨੂੰ ਬਹੁਤ...