ਚੰਡੀਗੜ੍ਹ ’ਚ ਬਾਦਸ਼ਾਹ ਦੇ ਕਲੱਬ ਬਾਹਰ ਧਮਾਕਾ , ਜਾਨੀ ਨੁਕਸਾਨ ਤੋਂ ਬਚਾਅ

ਚੰਡੀਗੜ੍ਹ, 27 ਨਵੰਬਰ – ਚੰਡੀਗੜ੍ਹ ਦੇ ਸੈਕਟਰ-26 ’ਚ ਪੁਲੀਸ ਤੇ ਅਪਰੇਸ਼ਨ ਸੈੱਲ ਤੋਂ ਕੁਝ ਦੂਰੀ ’ਤੇ ਸਥਿਤ ਰੈਪਰ ਬਾਦਸ਼ਾਹ ਦੇ ਕਲੱਬ ਸਣੇ ਦੋ ਕਲੱਬਾਂ ਦੇ ਬਾਹਰ ਧਮਾਕਾ ਹੋਇਆ ਹੈ। ਇਸ ਧਮਾਕੇ ਕਾਰਨ ਦੋ ਨਾਈਟ ਕਲੱਬਾਂ ਦੇ ਸ਼ੀਸ਼ੇ ਟੁੱਟ ਗਏ ਹਨ ਪਰ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਨ੍ਹਾਂ ਧਮਾਕਿਆਂ ਕਾਰਨ ਕਲੱਬ ਮਾਲਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਚੰਡੀਗੜ੍ਹ ਪੁਲੀਸ ਨੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ 3.15 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਚੰਡੀਗੜ੍ਹ ਦੇ ਸੈਕਟਰ-26 ਸਥਿਤ ਰੈਪਰ ਬਾਦਸ਼ਾਹ ਦੇ ਕਲੱਬ ਸੇਵਿਲੇ ਅਤੇ ਇੱਕ ਹੋਰ ਕਲੱਬ ਡੀ’ਓਰਾ ਦੇ ਬਾਹਰ ਕੋਈ ਚੀਜ਼ ਸੁੱਟੀ ਜਿਸ ਮਗਰੋਂ ਧਮਾਕਾ ਹੋਇਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਸਣੇ ਸੀਐੱਫਐੱਸਐੱਲ, ਡੌਗ ਸਕੁਐਡ ਸਣੇ ਵੱਖ-ਵੱਖ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁੱਢਲੀ ਜਾਂਚ ’ਚ ਪੁਲੀਸ ਦਾ ਮੰਨਣਾ ਹੈ ਕਿ ਕਿਸੇ ਵੱਲੋਂ ਸੁਤਲੀ ਬੰਬ ਤਿਆਰ ਕਰਕੇ ਸੁੱਟਿਆ ਗਿਆ ਹੈ। ਸੈਕਟਰ-26 ਵਿੱਚ ਇਕ ਕਲੱਬ ਦੇ ਸੁਰੱਖਿਆ ਕਰਮੀ ਪੂਰਨ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਕਲੱਬ ਵੱਲ ਕੋਈ ਕੋਈ ਚੀਜ਼ ਸੁੱਟੀ ਜਿਸ ਮਗਰੋਂ ਧਮਾਕਾ ਹੋਇਆ ਹੋ। ਪੁਲੀਸ ਨੇ ਘਟਨਾ ਸਥਾਨ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਦੇ ਡੀਐੱਸਪੀ ਦਿਲਬਾਗ ਸਿੰਘ ਨੇ ਕਿਹਾ ਕਿ ਮਾਮਲੇ ਦੀ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪਹਿਲਾਂ ਪੁਲੀਸ ਦੀ ਚਿੰਤਾ ਵਧੀ

ਚੰਡੀਗੜ੍ਹ ਵਿੱਚ 3 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣਾ ਹੈ। ਉਨ੍ਹਾਂ ਦੀ ਚੰਡੀਗੜ੍ਹ ਫੇਰੀ ਤੋਂ ਇਕ ਹਫ਼ਤਾ ਪਹਿਲਾਂ ਕਲੱਬ ਦੇ ਬਾਹਰ ਹੋਏ ਇਨ੍ਹਾਂ ਧਮਾਕਿਆਂ ਨੇ ਚੰਡੀਗੜ੍ਹ ਪੁਲੀਸ ਦੀ ਚਿੰਤਾ ਵਧਾ ਦਿੱਤੀ ਹੈ। ਇਨ੍ਹਾਂ ਧਮਾਕਿਆਂ ਤੋਂ ਬਾਅਦ ਪੁਲੀਸ ਨੇ ਸ਼ਹਿਰ ਵਿੱਚ ਵੀ ਚੌਕਸੀ ਵਧਾ ਦਿੱਤੀ ਹੈ।

ਗੋਲਡੀ ਬਰਾੜ ਨੇ ਲਈ ਧਮਾਕੇ ਦੀ ਜ਼ਿੰਮੇਵਾਰੀ

ਸੈਕਟਰ-26 ਵਿੱਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਨੇ ਲਈ ਹੈ। ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਇਨ੍ਹਾਂ ਧਮਾਕਿਆਂ ਦਾ ਕਾਰਨ ਕਲੱਬ ਮਾਲਕਾਂ ਵੱਲੋਂ ਉਨ੍ਹਾਂ ਨੂੰ ਪ੍ਰੋਟੈਕਸ਼ਨ ਮਨੀ ਨਾ ਦੇਣਾ ਹੈ। ਉਸ ਨੇ ਲਿਖਿਆ ਕਿ ਕਲੱਬ ਮਾਲਕਾਂ ਨੂੰ ਪੈਸਿਆਂ ਲਈ ਕਈ ਫੋਨ ਕੀਤੇ ਗਏ ਸਨ, ਪਰ ਉਨ੍ਹਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਸੇ ਕਰਕੇ ਧਮਾਕਾ ਕੀਤਾ ਗਿਆ ਹੈ।

ਸਾਂਝਾ ਕਰੋ

ਪੜ੍ਹੋ

ਮਾੜੇ ਵਕਤ ਨੇ ਸਿਖਾਇਆ ਚੰਗਾ ਸਬਕ

ਮੇਰੀ ਜ਼ਿੰਦਗੀ ਵਿਚ ਇਕ ਅਜਿਹੀ ਘਟਨਾ ਵਾਪਰੀ ਜੋ ਮੈਨੂੰ ਬਹੁਤ...