ਮੁੰਬਈ, 16 ਨਵੰਬਰ – ਮਨੋਜ ਬਾਜਪਾਈ ਦੀ ਫਿਲਮ ‘ਦਿ ਫੈਬਲ’ ਨੇ ਬਰਤਾਨੀਆ ਵਿੱਚ 38ਵੇਂ ਲੀਡਜ਼ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਸਰਵੋਤਮ ਫਿਲਮ ਦਾ ਐਵਾਰਡ ਜਿੱਤਿਆ ਹੈ। ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਰਾਮ ਰੈੱਡੀ ਹਨ ਤੇ ਇਸ ਫਿਲਮ ਨੇ ਕੰਸਟੈਲੇਸ਼ਨ ਫੀਚਰ ਫਿਲਮ ਵਰਗ ਮੁਕਾਬਲੇ ਵਿੱਚ ਪੁਰਸਕਾਰ ਜਿੱਤਿਆ ਹੈ। ਬਾਜਪਾਈ ਨੇ ਕਿਹਾ ਕਿ ਉਨ੍ਹਾਂ ਨੂੰ ਲੀਡਜ਼ ਇੰਟਰਨੈਸ਼ਨਲ ਫਿਲਮ ਫੈਸਟੀਵਲ ’ਚ ਫਿਲਮ ‘ਦਿ ਫੈਬਲ’ ਨੂੰ ਮਿਲੇ ਸਨਮਾਨ ’ਤੇ ਮਾਣ ਹੈ। ਉਨ੍ਹਾਂ ਕਿਹਾ, ‘ਇਸ ਫਿਲਮ ’ਚ ਡਾਇਰੈਕਟਰ ਰਾਮ ਰੈੱਡੀ, ਪ੍ਰਤਾਪ ਰੈੱਡੀ, ਜੂਹੀ ਅਗਰਵਾਲ, ਗੁਨੀਤ ਮੋਂਗਾ ਕਪੂਰ ਤੇ ਅਚਿਨ ਜੈਨ ਨਾਲ ਕੰਮ ਕਰਨਾ ਸ਼ਾਨਦਾਰ ਤਜਰਬਾ ਰਿਹਾ। ਰੈੱਡੀ ਦੀ ਕਹਾਣੀ ਕਹਿਣ ਦੀ ਸ਼ੈਲੀ ਤੇ ਯਥਾਰਥਵਾਦ ਨੇ ਇਸ ਫਿਲਮ ਨੂੰ ਹੋਰ ਸ਼ਾਨਦਾਰ ਬਣਾ ਦਿੱਤਾ।’ ਬਾਜਪਾਈ ਨੇ ਕਿਹਾ, ‘ਮੇਰੇ ਸਹਾਇਕ ਕਲਾਕਾਰ ਪ੍ਰਿਯੰਕਾ ਬੋਸ, ਦੀਪਕ ਡੋਬਰਿਆਲ ਤੇ ਤਿਲੋਤਮਾ ਸ਼ੋਮ ਨੇ ਇਸ ਫਿਲਮ ’ਚ ਸ਼ਾਨਦਾਰ ਅਦਾਕਾਰੀ ਕੀਤੀ ਹੈ।’ ਇਸ ਫਿਲਮ ਭਾਰਤ ਦੇ ਹਿਮਾਲਿਆ ਖਿੱਤੇ ’ਚ ਫਿਲਮਾਈ ਗਈ ਹੈ, ਜੋ ਅਜਿਹੇ ਪਰਿਵਾਰ ਦੀ ਕਹਾਣੀ ਹੈ, ਜੋ ਬਾਗ ਵਿੱਚ ਰਹਿੰਦਾ ਹੈ ਜਿਨ੍ਹਾਂ ਦਾ ਸ਼ਾਂਤੀਪੂਰਨ ਜੀਵਨ ਰਹੱਸਮਈ ਘਟਨਾਵਾਂ ਨਾਲ ਪ੍ਰਭਾਵਿਤ ਹੁੰਦਾ ਹੈ। ਇਸ ਫਿਲਮ ਵਿੱਚ ਦੇਵ ਦਾ ਕਿਰਦਾਰ ਮਨੋਜ ਬਾਜਪਾਈ ਨੇ ਨਿਭਾਇਆ ਹੈ। ਫਿਲਮ ਦੀ ਕਾਰਜਕਾਰੀ ਨਿਰਮਾਤਾ ਗੁਨੀਤ ਮੋਂਗਾ ਕਪੂਰ ਨੇ ਕਿਹਾ ਕਿ ਉਹ ਫਿਲਮ ਨੂੰ ਸਰਵੋਤਮ ਫਿਲਮ ਦਾ ਐਵਾਰਡ ਮਿਲਣ ’ਤੇ ਬਹੁਤ ਉਤਸ਼ਾਹਿਤ ਹੈ।