ਮਹਾਰਾਸ਼ਟਰ ਦਾ ਹਾਲ

ਮਹਾਰਾਸ਼ਟਰ ਅਸੰਬਲੀ ਚੋਣਾਂ ਤੋਂ ਪੰਜ ਦਿਨ ਪਹਿਲਾਂ ਆਏ ਲੋਕਪੋਲ ਦੇ ਸਰਵੇ ਮੁਤਾਬਕ ਹੁਕਮਰਾਨ ਮਹਾਯੁਤੀ ਅਤੇ ਆਪੋਜ਼ੀਸ਼ਨ ਦੇ ਗੱਠਜੋੜ ਮਹਾਰਾਸ਼ਟਰ ਵਿਕਾਸ ਅਘਾੜੀ (ਐੱਮ ਵੀ ਏ) ਵਿਚਾਲੇ ਮੁਕਾਬਲਾ ਗਹਿਗੱਚ ਹੈ, ਪਰ ਐੱਮ ਵੀ ਏ ਨੂੰ ਥੋੜ੍ਹੀ ਬੜ੍ਹਤ ਹਾਸਲ ਹੈ | ਸਰਵੇ ਵਿੱਚ ਕਿਹਾ ਗਿਆ ਹੈ ਕਿ ਭਾਜਪਾ, ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਤੇ ਅਜੀਤ ਪਵਾਰ ਦੀ ਐੱਨ ਸੀ ਪੀ ਵਾਲੇ ਗੱਠਜੋੜ ਮਹਾਯੁਤੀ ਨੂੰ 288 ਵਿੱਚੋਂ 115-128 ਸੀਟਾਂ ਮਿਲ ਸਕਦੀਆਂ ਹਨ | ਕਾਂਗਰਸ, ਊਧਵ ਠਾਕਰੇ ਦੀ ਸ਼ਿਵ ਸੈਨਾ ਤੇ ਸ਼ਰਦ ਪਵਾਰ ਦੀ ਐੱਨ ਸੀ ਪੀ ਵਾਲੇ ਗੱਠਜੋੜ ਐੱਮ ਵੀ ਏ ਨੂੰ 151-162 ਸੀਟਾਂ ਮਿਲਣ ਦੇ ਆਸਾਰ ਹਨ | ਹੋਰਨਾਂ ਨੂੰ 5-14 ਸੀਟਾਂ ਮਿਲ ਸਕਦੀਆਂ ਹਨ | ਲੋਕਪੋਲ ਦਾ ਇਹ ਸਰਵੇ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਵਿਆਪਕ ਜ਼ਮੀਨੀ ਅਧਿਐਨ ‘ਤੇ ਅਧਾਰਤ ਹੈ | ਇਸ ਨੇ ਹਰੇਕ ਅਸੰਬਲੀ ਹਲਕੇ ਵਿਚ ਕਰੀਬ 300 ਦਾ ਸੈਂਪਲ ਸਰਵੇ ਕੀਤਾ | ਕੁਲ ਮਿਲਾ ਕੇ ਇਸ ਨੇ ਸਾਰੇ ਹਲਕਿਆਂ ਵਿੱਚ 86400 ਸੈਂਪਲ ਲਏ |

ਸਰਵੇ ਵਿੱਚ ਸਿਰਫ ਸੀਟਾਂ ਦੀ ਹੀ ਭਵਿੱਖਬਾਣੀ ਨਹੀਂ ਕੀਤੀ ਗਈ, ਸਗੋਂ ਵੋਟ ਸ਼ੇਅਰ ਦਾ ਵੀ ਅਨੁਮਾਨ ਲਾਇਆ ਗਿਆ ਹੈ | ਸਰਵੇ ਮੁਤਾਬਕ ਮਹਾਯੁਤੀ ਨੂੰ 37-40 ਫੀਸਦੀ ਵੋਟਾਂ ਮਿਲ ਸਕਦੀਆਂ ਹਨ, ਜਦਕਿ ਐੱਮ ਵੀ ਏ ਨੂੰ 43-46 ਫੀਸਦੀ ਵੋਟਾਂ ਮਿਲ ਸਕਦੀਆਂ ਹਨ | ਹੋਰਨਾਂ ਨੂੰ 16-19 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ | ਸਰਵੇ ਮੁਤਾਬਕ ਭਾਜਪਾ ਵੱਲੋਂ ਧਰੁਵੀਕਰਨ ਦੀ ਸਿਆਸਤ ਮਹਾਯੁਤੀ ਨੂੰ ਪੁੱਠੀ ਪੈਣ ਵਾਲੀ ਹੈ | ਵੋਟਰਾਂ ਵਿੱਚ ਮੁੱਦਾ ਅਧਾਰਤ ਸਿਆਸਤ ਪ੍ਰਤੀ ਆਕਰਸ਼ਣ ਹੈ | ਖੇਤੀ, ਰੁਜ਼ਗਾਰ, ਮਹਿਲਾ ਸੁਰੱਖਿਆ ਤੇ ਮਹਿੰਗਾਈ ਵਰਗੇ ਮੁੱਦੇ ਲੋਕਾਂ ਲਈ ਅਹਿਮ ਹਨ | ਸਰਵੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਜਪਾ ਨੂੰ ਸਥਾਪਤੀ-ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ | ਸੀਨੀਅਰ ਭਾਜਪਾ ਆਗੂ ਦਵਿੰਦਰ ਫੜਨਵੀਸ ਦੇ ਅਕਸ ਨੂੰ ਨੁਕਸਾਨ ਪੁੱਜਾ ਹੈ ਤੇ ਸ਼ਿੰਦੇ ਸਭ ਤੋਂ ਪਾਪੂਲਰ ਆਗੂ ਬਣ ਕੇ ਉੱਭਰੇ ਹਨ | ਲੋਕ ਸਭਾ ਚੋਣਾਂ ਦੇ ਉਲਟ ਓ ਬੀ ਸੀ ਮਹਾਯੁਤੀ ਵੱਲ ਜਾ ਰਹੇ ਹਨ, ਪਰ ਹੋਰਨਾਂ ਮੁੱਦਿਆਂ ਕਾਰਨ ਇਸ ਦਾ ਓਨਾ ਅਸਰ ਨਹੀਂ ਹੈ | ਆਮ ਤੌਰ ‘ਤੇ ਮਰਾਠਾ ਐੱਮ ਵੀ ਏ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਹਨ, ਜਦਕਿ ਓ ਬੀ ਸੀ ਵੰਡੇ ਹੋਏ ਹਨ | ਸਰਵੇ ਮੁਤਾਬਕ ਕਾਂਗਰਸ ਵੱਡੀ ਪਾਰਟੀ ਵਜੋਂ ਉਭਰਦੀ ਦਿਖ ਰਹੀ ਹੈ | ਵੀ ਬੀ ਏ ਤੇ ਐੱਮ ਆਈ ਐੱਮ ਵਰਗੇ ਵੋਟਾਂ ਕੱਟਣ ਵਾਲਿਆਂ ਦਾ ਅਸਰ ਘੱਟ ਦਿਖ ਰਿਹਾ ਹੈ, ਪਰ ਬਾਗੀ ਕਾਫੀ ਅਸਰ ਪਾਉਣਗੇ | ਭਾਜਪਾ ਹਿੰਦੀ ਬੋਲਦੇ ਰਾਜਾਂ ਵਿੱਚ ਧਰੁਵੀਕਰਨ ਕਰਕੇ ਚੋਣਾਂ ਜਿੱਤਦੀ ਹੈ, ਪਰ ਮਹਾਰਾਸ਼ਟਰ ਦੇ ਲੋਕ ਧਰੁਵੀਕਰਨ ਤੋਂ ਦੂਰ ਰਹਿ ਕੇ ਮੁੱਦਿਆਂ ਦੀ ਸਿਆਸਤ ਪਸੰਦ ਕਰਦੇ ਹਨ | ਲੋਕਪੋਲ ਦਾ ਸਰਵੇ ਵੀ ਇਸ ਦੀ ਪੁਸ਼ਟੀ ਕਰਦਾ ਹੈ |

ਸਾਂਝਾ ਕਰੋ

ਪੜ੍ਹੋ

ਜਿ਼ਮਨੀ ਚੋਣਾਂ: ਦਲ-ਬਦਲੀ ਅਤੇ ਪਰਿਵਾਰਵਾਦ/ਸੁਖਦੇਵ ਸਿੰਘ

ਭਾਰਤ ਦੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਚਾਰ ਵਿਧਾਨ...