ਗਿੱਦੜਬਾਹਾ, 15 ਨਵੰਬਰ – ਗਿੱਦੜਬਾਹਾ ਤੋਂ ਚੋਣ ਮੈਦਾਨ ’ਚ ਡਟੇ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਅਤੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਹਲਕੇ ’ਚ ਆਪਣੀ ਵੋਟ ਨਹੀਂ ਪਾ ਸਕਣਗੇ। ਅੰਮ੍ਰਿਤਾ ਵੜਿੰਗ ਦੀ ਵੋਟ ਸ੍ਰੀ ਮੁਕਤਸਰ ਸਾਹਿਬ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਵੋਟ ਲੰਬੀ ਵਿਧਾਨ ਸਭਾ ਹਲਕੇ ਵਿੱਚ ਬਣੀ ਹੋਈ ਹੈ, ਜਿਸ ਕਾਰਨ ਉਹ ਗਿੱਦੜਬਾਹਾ ਵਿੱਚ ਆਪਣੇ ਲਈ ਵੋਟ ਨਹੀਂ ਪਾ ਸਕਣਗੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਗਿੱਦੜਬਾਹਾ ਸ਼ਹਿਰ ਦੇ ਵੋਟਰ ਹਨ। ਗਿੱਦੜਬਾਹਾ ਤੋਂ ਕੁੱਲ 14 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਅੰਮ੍ਰਿਤਾ ਇਕਲੌਤੀ ਮਹਿਲਾ ਉਮੀਦਵਾਰ ਹੈ। ਚੋਣ ਮੈਦਾਨ ’ਚ ਡਟੇ 11 ਉਮੀਦਵਾਰਾਂ ਵਿੱਚੋਂ ਤਿੰਨ ਹੋਰ ਰਜਿਸਟਰਡ ਸਿਆਸੀ ਪਾਰਟੀਆਂ ਦੇ ਹਨ, ਜਿਨ੍ਹਾਂ ਨੂੰ ਕੌਮੀ ਜਾਂ ਸੂਬਾਈ ਸਿਆਸੀ ਪਾਰਟੀਆਂ ਵਜੋਂ ਮਾਨਤਾ ਨਹੀਂ ਹੈ। ਬਾਕੀ ਅੱਠ ਉਮੀਦਵਾਰ ਆਜ਼ਾਦ ਹਨ। ਇਨ੍ਹਾਂ 11 ਵਿੱਚੋਂ ਸਿਰਫ਼ ਪੰਜ ਉਮੀਦਵਾਰ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਵੋਟਰ ਹਨ। ਆਜ਼ਾਦ ਉਮੀਦਵਾਰਾਂ ਵਿੱਚੋਂ ਇੱਕ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦਾ ਹਮਨਾਮ ਹੈ, ਜਿਸ ਦਾ ਨਾਮ ਮਨਪ੍ਰੀਤ ਸਿੰਘ ਵਾਸੀ ਪਿੰਡ ਚੱਕ ਗਿਲਜ਼ੇਵਾਲਾ ਹੈ। ਇਸੇ ਤਰ੍ਹਾਂ ਇੱਕ ਹੋਰ ਆਜ਼ਾਦ ਉਮੀਦਵਾਰ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਹਮਨਾਮ ਹੈ, ਜਿਸ ਦਾ ਨਾਮ ਹਰਦੀਪ ਸਿੰਘ ਹੈ ਅਤੇ ਉਹ ਦੂਹੇਵਾਲਾ ਪਿੰਡ ਨਾਲ ਸਬੰਧਿਤ ਹੈ।