ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਨੀ ਬੇਹੱਦ ਜ਼ਰੂਰੀ

ਧਰਤੀ ਨੇ ਜੀਵਨ ਦੀਆਂ ਸਾਰੀਆਂ ਬੁਨਿਆਦੀ ਲੋੜਾਂ ਜਿਵੇਂ ਪਾਣੀ, ਹਵਾ, ਮਿੱਟੀ, ਖਣਿਜ, ਰੁੱਖ ਆਦਿ ਮੁਹੱਈਆ ਕਰਵਾ ਕੇ ਪੂਰੀਆਂ ਕੀਤੀਆਂ ਹਨ। ਪਰ ਮਨੁੱਖ ਦੀਆਂ ਸਵਾਰਥੀ ਗਤੀਵਿਧੀਆਂ ਦਾ ਕੁਦਰਤੀ ਬਨਸਪਤੀ ਅਤੇ ਸਰੋਤਾਂ ’ਤੇ ਮਾਰੂ ਪ੍ਰਭਾਵ ਪਿਆ ਹੈ। ਲਗਾਤਾਰ ਵਧ ਰਹੀ ਆਬਾਦੀ, ਉਦਯੋਗੀਕਰਨ ਅਤੇ ਮਸ਼ੀਨੀਕਰਨ ਕਾਰਨ ਮਨੁੱਖ ਜੰਗਲਾਂ ਦੀ ਕਟਾਈ ਦੇ ਨਾਲ-ਨਾਲ ਖੇਤੀਯੋਗ ਭੂਮੀ ਵੀ ਖ਼ਤਮ ਕਰਨ ਵਿਚ ਜੁਟਿਆ ਹੋਇਆ ਹੈ। ਧਰਤੀ ਵਿੱਚੋਂ ਖਣਿਜ ਪਦਾਰਥ, ਮਕਾਨ ਉਸਾਰੀ ਲਈ ਸੰਗਮਰਮਰ, ਮਿੱਟੀ ਜਾਂ ਹੋਰ ਕਾਰਨਾਂ ਕਾਰਨ ਨਾਜਾਇਜ਼ ਮਾਈਨਿੰਗ ਵੀ ਕੁਦਰਤੀ ਸਮਤੋਲ ਲਈ ਘਾਤਕ ਹੈ। ਦੂਸਰੇ ਪਾਸੇ ਧਰਤੀ ਦੀ ਹੋਂਦ ਨੂੰ ਬਚਾਉਣ ਲਈ ਹਰ ਸਾਲ ਧਰਤੀ ਦਿਵਸ, ਕੁਦਰਤ ਸੰਭਾਲ ਦਿਵਸ ਆਦਿ ਮਨਾਏ ਜਾਂਦੇ ਹਨ ਅਤੇ ਇਨ੍ਹਾਂ ਦਿਵਸਾਂ ਮੌਕੇ ਪੂਰੇ ਸਮਾਜ ਨੂੰ ਸੁਨੇਹਾ ਦਿੱਤਾ ਜਾਂਦਾ ਹੈ ਕਿ ਅਜੇ ਵੀ ਸਮਾਂ ਹੈ ਕਿ ਅਸੀਂ ਕੁਦਰਤ ਵੱਲੋਂ ਮਿਲੇ ਤੋਹਫ਼ਿਆਂ ਨੂੰ ਸੰਭਾਲ ਲਈਏ।

ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖ ਸਕਣ ਕਿ ਸਾਡੇ ਵੱਡੇ-ਵਡੇਰਿਆਂ ਨੇ ਸਾਡਾ ਧਿਆਨ ਰੱਖਿਆ ਅਤੇ ਹਵਾ, ਪਾਣੀ, ਮਿੱਟੀ ਜੋ ਕੁਦਰਤ ਦੀ ਦੇਣ ਨੇ, ਉਨ੍ਹਾਂ ਨੂੰ ਗੰਧਲਾ ਹੋਣ ਤੋਂ ਰੋਕਣ ਲਈ ਉਪਰਾਲੇ ਕੀਤੇ।ਅੱਜ ਦੇ ਸਮੇਂ ਵਿਚ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਕਦੇ ਹੜ੍ਹ ਆ ਜਾਂਦੇ ਹਨ। ਸਦੀਆਂ ਤੋਂ ਜੰਮੇ ਹੋਏ ਗਲੇਸ਼ੀਅਰ ਪਿਘਲ ਰਹੇ ਹਨ। ਆਮ ਤੌਰ ’ਤੇ ਇਸ ਨੂੰ ਕੁਦਰਤੀ ਆਫ਼ਤ ਦਾ ਨਾਮ ਦੇ ਕੇ ਕੁਦਰਤ ਨੂੰ ਹੀ ਜ਼ਿੰਮੇਵਾਰ ਕਹਿ ਦਿੱਤਾ ਜਾਂਦਾ ਹੈ ਜਦਕਿ ਕਾਫ਼ੀ ਹੱਦ ਤੱਕ ਅਸੀਂ ਇਨਸਾਨ ਹੀ ਜ਼ਿੰਮੇਵਾਰ ਹਾਂ। ਇਸ ਲਈ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਅੱਗੇ ਆਉਣਾ ਪਵੇਗਾ। ਵਣ ਮਹਾਉਤਸਵ ਦਿਵਸ ਮਨਾਉਂਦੇ ਹੋਏ ਪੌਦੇ ਲਗਾਉਣ ਦੀਆਂ ਖ਼ਬਰਾਂ ਵੇਖਣ-ਸੁਣਨ ਨੂੰ ਮਿਲਦੀਆਂ ਹਨ। ਇਹ ਬਹੁਤ ਵਧੀਆ ਉਪਰਾਲਾ ਹੁੰਦਾ ਹੈ।

ਇਸ ਦੇ ਨਾਲ ਹੀ ਇਨ੍ਹਾਂ ਪੌਦਿਆਂ ਦੀ ਨਿਰੰਤਰ ਦੇਖਭਾਲ ਵੀ ਬਹੁਤ ਜ਼ਰੂਰੀ ਹੁੰਦੀ ਹੈ ਜੋ ਅਕਸਰ ਨਹੀਂ ਕੀਤੀ ਜਾਂਦੀ ਤੇ ਜ਼ਿਆਦਾਤਰ ਪੌਦੇ ਸੁੱਕ ਜਾਂਦੇ ਹਨ ਜਾਂ ਉਨ੍ਹਾਂ ਨੂੰ ਡੰਗਰ ਖਾ ਜਾਂਦੇ ਹਨ। ਇਸ ਲਈ ਸਭਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਵਾਤਾਵਰਨ ਨੂੰ ਬਚਾਉਣ ਲਈ ਆਪ ਜਾਗਰੂਕ ਹੋਣ ਤੇ ਦੂਜਿਆਂ ਨੂੰ ਵੀ ਜਾਗਰੂਕ ਕਰਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਨਜ਼ਦੀਕ ਹੀ ਹੈ। ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਅਧਿਆਤਮਕਤਾ ਅਤੇ ਸਚਿਆਰੇ ਜੀਵਨ ਵਿਚ ਗੁਰੂ ਦੀ ਮਹੱਤਤਾ ਦੇ ਨਾਲ-ਨਾਲ ਕੁਦਰਤ ਦੀ ਲੋੜ ਅਤੇ ਇਸ ਪ੍ਰਤੀ ਮਨੁੱਖੀ ਫ਼ਰਜ਼ ਬਾਰੇ ਸੰਦੇਸ਼ ਦਿੰਦਿਆਂ ਕੁਦਰਤ ਵਿਚ ਕਾਦਰ ਦੀ ਹੋਂਦ ਦਰਸਾਈ ਹੈ। ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ ਸੋ, ਆਓ! ਅਸੀਂ ਸਾਰੇ ਕੁਦਰਤ ਪ੍ਰਤੀ ਆਪੋ-ਆਪਣਾ ਫ਼ਰਜ਼ ਨਿਭਾ ਕੇ ਕੁਦਰਤ ਤੋਂ ਨਿਆਮਤਾਂ ਪ੍ਰਾਪਤ ਕਰਦੇ ਹੋਏ ਇਸ ਵਿੱਚੋਂ ਦਾਤੇ ਦੇ ਦਰਸ਼ਨ ਕਰਦੇ ਰਹੀਏ।

ਸਾਂਝਾ ਕਰੋ

ਪੜ੍ਹੋ

ਅਦਾਲਤ ਨੇ ਬਿਭਵ ਕੁਮਾਰ ਦੀ ਪਟੀਸ਼ਨ ’ਤੇ

ਨਵੀਂ ਦਿੱਲੀ, 16 ਨਵੰਬਰ – ਦਿੱਲੀ ਦੀ ਤੀਸ ਹਜ਼ਾਰੀ ਅਦਾਲਤ...