ਅਕਾਲੀ ਦਲ ਦਾ ਕਮਜ਼ੋਰ ਹੋਣਾ ਚੰਗਾ ਨਹੀਂ : ਸਿੱਕੀ

ਸ਼ਾਹਕੋਟ, 8 ਨਵੰਬਰ -ਪੰਜਾਬ ਵਿੱਚ ਸਿਆਸੀ ਆਗੂਆਂ ਦੇ ਨਿੱਜੀ ਤੇ ਪਰਵਾਰਕ ਸਮਾਗਮ ਜਿੱਥੇ ਕਈ ਤਰ੍ਹਾਂ ਦੀ ਸਿਆਸੀ ਚਰਚਾ ਦਾ ਸਬੱਬ ਬਣ ਜਾਂਦੇ ਹਨ, ਉੱਥੇ ਪੰਜਾਬੀ ਸਮਾਜ ਦੀ ਭਾਈਚਾਰਕ ਸਾਂਝ ਦੇ ਸਦੀਵੀ ਰਹਿਣ ਦੀ ਸੁੱਖ ਮੰਗਣ ਵਾਲੇ ਜੀਉੜਿਆਂ ਦੇ ਮਨਾਂ ਅੰਦਰ ਸੁਖਦ ਅਹਿਸਾਸ ਵੀ ਪੈਦਾ ਕਰ ਜਾਂਦੇ ਹਨ। ਇਸ ਗੱਲ ਦਾ ਝਲਕਾਰਾ ਉਸ ਵੇਲੇ ਨਜ਼ਰੀਂ ਪਿਆ, ਜਦੋਂ ਸਿਆਸਤ ਦੀ ‘ਪੀ ਐੱਚ ਡੀ’ ਸਮਝੇ ਜਾਂਦੇ ਰਹੇ ਸਵਰਗੀ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਪੋਤਰੀ ਕਮਲਜੀਤ ਕੌਰ ਦੇ ਵਿਆਹ ਦੀ ਖੁਸ਼ੀ ਵਿੱਚ ਕਰਵਾਏ ਸਮਾਗਮ ਵਿੱਚ ਹਰ ਵੰਨਗੀ ਦੀ ਸਿਆਸੀ ਪਾਰਟੀ ਦੇ ਆਗੂ, ਵਰਕਰ ਤੇ ਸਮੱਰਥਕ ਬਗ਼ਲਗੀਰ ਹੋ ਕੇ ਸਮਾਜਿਕ ਸਾਂਝਾਂ ਨੂੰ ਮਜ਼ਬੂਤ ਕਰਦੇ ਦਿਸੇ। ਇਸੇ ਦੌਰਾਨ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਵਿਆਹ ਸਮਾਗਮ ਵਿੱਚ ਸ਼ਮੂਲੀਅਤ ਨਾ ਹੋਣੀ ਵੀ ਕਈ ਲੋਕਾਂ ਦੇ ਮਨਾਂ ਦਾ ਸਵਾਲ ਬਣੀ ਹੋਈ ਹੈ।

ਉਂਝ ਸਮਾਗਮ ਵਿੱਚ ਜਿੱਥੇ ਅਕਾਲੀ ਦਲ (ਬਾਦਲ) ਦੇ ਚਰਚਿਤ ਤੇ ਵੱਡੇ ਆਗੂ ਬਿਕਰਮ ਸਿੰਘ ਮਜੀਠੀਆ ਕੋਹਾੜ ਤੇ ਗਿੱਲ ਪਰਵਾਰ ਨੂੰ ਵਧਾਈ ਦੇਣ ਪਹੁੰਚੇ ਹੋਏ ਸਨ, ਉੱਥੇ ਆਮ ਆਦਮੀ ਪਾਰਟੀ ਦੇ ਆਗੂ ਪਵਨ ਕੁਮਾਰ ਟੀਨੂੰ ਅਤੇ ਖਡੂਰ ਸਾਹਿਬ ਹਲਕੇ ਦੇ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਰਮਨਜੀਤ ਸਿੰਘ ਸਿੱਕੀ ਵੀ ਖੁਸ਼ੀ ਭਰੇ ਸਮਾਗਮ ਦਾ ਹਿੱਸਾ ਸਨ। ਧਾਰਮਿਕ ਸ਼ਖਸੀਅਤਾਂ ਵਿੱਚ ਜਿੱਥੇ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ, ਬਾਬਾ ਅਵਤਾਰ ਸਿੰਘ, ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ ਜਥੇਦਾਰ ਕੋਹਾੜ ਦੀ ਪੋਤਰੀ, ਸਹਿਕਾਰੀ ਬੈਂਕ ਜਲੰਧਰ ਦੇ ਸਾਬਕਾ ਐੱਮ ਡੀ ਨਾਇਬ ਸਿੰਘ ਕੋਹਾੜ ਦੀ ਪੁੱਤਰੀ ਅਤੇ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਤੇ ਪਵਿੱਤਰ ਸਿੰਘ ਦੀ ਭੈਣ ਨੂੰ ਆਸ਼ੀਰਵਾਦ ਦੇਣ ਲਈ ਆਏ, ਉੱਥੇ ਦੁਆਬਾ ਖੇਤਰ ਵਿੱਚ ਇੱਕ ਵਿਸ਼ੇਸ਼ ਭਾਈਚਾਰੇ ਵਿੱਚ ਚੋਖੀ ਮਾਨਤਾ ਰੱਖਣ ਵਾਲੇ ਬਾਲਯੋਗੀ ਬਾਬਾ ਪ੍ਰਗਟ ਨਾਥ (ਡੇਰਾ ਰਹੀਮਪੁਰ) ਵੀ ਖੁਸ਼ੀ ਸਾਂਝੀ ਕਰਨ ਵਾਲਿਆਂ ਵਿੱਚ ਸ਼ਾਮਲ ਸਨ।

ਸਮਾਗਮ ਵਿੱਚ ਤਕਰੀਰਾਂ ਕਰਨ ਵੇਲੇ ਜਿੱਥੇ ਬਿਕਰਮ ਸਿੰਘ ਮਜੀਠੀਆ ਨੇ ਕੋਹਾੜ ਪਰਵਾਰ ਨੂੰ ਪੰਥਕ ਹੋਣ ਦਾ ਰੁਤਬਾ ਦਿੱਤਾ, ਉੱਥੇ ਕਾਂਗਰਸੀ ਆਗੂ ਰਮਨਜੀਤ ਸਿੱਕੀ ਨੇ ਕੁਝ ਤਾਕਤਾਂ ਵੱਲੋਂ ਪੰਥ ਨੂੰ ਕਮਜ਼ੋਰ ਕਰਨ ਦੇ ਮਨਸੂਬਿਆਂ ਦੇ ਦੌਰ ਵਿੱਚ ਅਕਾਲੀ ਦਲ (ਬਾਦਲ) ਨੂੰ ਮਜ਼ਬੂਤ ਕਰਨ ਦੀ ਲੋੜ ਮਹਿਸੂਸ ਕੀਤੀ। ਕਿਸੇ ਵੇਲੇ ਅਕਾਲੀ ਦਲ (ਬਾਦਲ) ਦਾ ਹਿੱਸਾ ਰਹੇ ਆਪ ਆਗੂ ਪਵਨ ਕੁਮਾਰ ਟੀਨੂੰ ਨੇ ਸਵਰਗੀ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਸਿਆਸੀ ਸੂਝ ਅਤੇ ਸਿਆਣਪ ਦਾ ਜ਼ਿਕਰ ਕੀਤਾ। ਆਏ ਮਹਿਮਾਨਾਂ ਲਈ ਪ੍ਰੀਤੀ ਭੋਜ ਤੋਂ ਪਹਿਲਾਂ ਕੋਹਾੜ ਨਿਵਾਸ ਵਿਖੇ ਸ੍ਰੀ ਆਖੰਡ ਪਾਠ ਦੇ ਪਾਠ ਦਾ ਭੋਗ ਪਾਇਆ ਗਿਆ। ਇਸ ਤੋਂ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸ਼ੌਕੀਨ ਸਿੰਘ ਦੇ ਕੀਰਤਨੀ ਜਥੇ ਵੱਲੋਂ ਮਨੋਹਰ ਕੀਰਤਨ ਕੀਤਾ ਗਿਆ।

ਸਮਾਗਮ ਵਿੱਚ ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਕੋਹਾੜ ਪਰਵਾਰ ਦੇ ਵਫਾਦਾਰਾਂ ’ਚ ਸ਼ੁਮਾਰ ਜਨਰਲ ਕੌਂਸਲ ਮੈਂਬਰ ਜਸਬੀਰ ਸਿੰਘ ਛਾਬੜਾ ਅਤੇ ਸ਼ਾਹਕੋਟ ਦੇ ਭਾਜਪਾ ਆਗੂ ਹਰਦੇਵ ਸਿੰਘ ਬਦੇਸ਼ਾ ਦੀ ਸਿਆਸੀ ਚੁੰਝ ਚਰਚਾ ਦੌਰਾਨ ਗਿੱਦੜਬਾਹਾ ਦੀ ਜ਼ਿਮਨੀ ਚੋਣ ਵਿੱਚ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਆਪਣੇ ਤਾਏ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨਾਲ ਸਿਆਸੀ ਰਿਸ਼ਤਾ ਕੀ ਰਹੇਗਾ, ਭਾਜਪਾ ਦਾ ਪੰਜਾਬ ਵਿੱਚ ਸਿਆਸੀ ਭਵਿੱਖ ਕੀ ਹੋਵੇਗਾ ਤੇ ਆਪ ਸਰਕਾਰ ਦੇ ਕਈ ਫੈਸਲੇ ਊਣੇ ਪੌਣੇ ਹੋਣ ਦੀਆਂ ਗੱਲਾਂਬਾਤਾਂ ਵੀ ਹੁੰਦੀਆਂ ਰਹੀਆਂ।

ਵਿਆਹ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਅੰਮਿ੍ਰਤਸਰ ਦੇ ਸੀਨੀਅਰ ਆਗੂ ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਬਲਾਕ ਸੰਮਤੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਤੇਜਾ ਸਿੰਘ ਮਾਣਕਪੁਰ, ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਤਜਿੰਦਰ ਸਿੰਘ ਰਾਮਪੁਰ, ਮਾਰਕੀਟ ਕਮੇਟੀ ਲੋਹੀਆਂ ਦੇ ਸਾਬਕਾ ਚੇਅਰਮੈਨ ਬਾਵਾ ਸਿੰਘ ਕੰਗ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਗੁਲਜ਼ਾਰ ਸਿੰਘ ਥਿੰਦ, ਸਹਿਕਾਰੀ ਬੈਂਕ ਜਲੰਧਰ ਦੇ ਸਾਬਕਾ ਐੱਮ ਡੀ ਕੇਵਲ ਸਿੰਘ ਰੂਪੇਵਾਲੀ, ਆਪ ਆਗੂ ਬੀਬੀ ਰਣਜੀਤ ਕੌਰ ਕਾਕੜ ਕਲਾਂ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਦਾਦੂਵਾਲ, ਨਿਰਮਲ ਕੁਟੀਆ ਸੀਚੇਵਾਲ ਤੋਂ ਸੁਰਜੀਤ ਸਿੰਘ ਸ਼ੈਟੀ, ਸਾਬਕਾ ਐੱਮ ਸੀ ਸ਼ਾਹਕੋਟ ਹੈਪੀ ਡਾਬਰ, ਜਸਵੀਰ ਸਿੰਘ ਸਿੰਧੜ, ਆਪ ਆਗੂ ਬੂਟਾ ਸਿੰਘ ਕਲਸੀ, ਕਾਂਗਰਸੀ ਆਗੂ ਤਿਰਲੋਕ ਸਿੰਘ ਰੂਪਰਾ ਅਤੇ ਸੋਹਣ ਸਿੰਘ ਖਹਿਰਾ, ਨਰਿੰਦਰ ਸਿੰਘ ਬਹੁਗੁਣ, ਠੇਕੇਦਾਰ ਰਣਧੀਰ ਸਿੰਘ ਰਾਣਾ ਆਦਿ ਮੌਜੂਦ ਸਨ।

ਸਾਂਝਾ ਕਰੋ

ਪੜ੍ਹੋ