*ਸਰਹੱਦੀ ਪਿੰਡ ਦੇਸ਼ ਦੇ ਆਖਰੀ ਪਿੰਡ ਨਹੀਂ ਬਲਕਿ ਦੇਸ਼ ਦੀ ਢਾਲ ਹਨ
*ਸਰਹੱਦ ਉੱਤੇ ਲਗਾਏ ਜਾਣਗੇ ਸੀ:ਸੀ:ਟੀ:ਵੀ. ਕੈਮਰੇ ਅਤੇ ਐਂਟੀ ਡਰੋਨ ਸਿਸਟਮ
*ਸ੍ਰੀ ਵਾਲਮੀਕਿ ਤੀਰਥ ਵਿਖੇ ਹੋਏ ਨਤਮਸਤਕ ਰਾਜਪਾਲ ਪੰਜਾਬ
ਅੰਮ੍ਰਿਤਸਰ, 8 ਨਵੰਬਰ (ਗਿਆਨ ਸਿੰਘ/ਏ.ਡੀ.ਪੀ.ਨਿਊਜ) – ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸਰਹੱਦੀ ਪਿੰਡਾਂ ਦੇ ਦੌਰੇ ਦੌਰਾਨ ਲੋਪੋਕੇ ਹਲਕੇ ਦੇ ਪਿੰਡ ਕੱਕੜ ਵਿਖੇ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਮੋਹਤਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਹੱਦ ਉੱਤੇ ਵਸਣ ਵਾਲੇ ਤੁਸੀਂ ਲੋਕ ਦੇਸ਼ ਦੇ ਆਖਰੀ ਪਿੰਡ ਨਹੀਂ ਬਲਕਿ ਦੇਸ਼ ਦੀ ਰੱਖਿਆ ਕਰਨ ਵਾਲੀ ਢਾਲ ਹੋ। ਉਹਨਾਂ ਕਿਹਾ ਕਿ ਤੁਹਾਡੀਆਂ ਮੁਸ਼ਕਲਾਂ ਸੁਣਨ ਲਈ ਮੈਂ ਇੱਥੇ ਆਇਆ ਹਾਂ ਅਤੇ ਕੇਂਦਰ ਤੇ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਇਹਨਾਂ ਨੂੰ ਹੱਲ ਕਰਨਾ ਮੇਰਾ ਫਰਜ਼ ਹੈ। ਉਹਨਾਂ ਕਿਹਾ ਕਿ ਸਰਹੱਦ ਪਾਰ ਤੋਂ ਹੁੰਦੀ ਤਸਕਰੀ ਨੂੰ ਰੋਕਣ ਲਈ ਬਣਾਈਆਂ ਗਈਆਂ ਪਿੰਡ ਪੱਧਰ ਦੀਆਂ ਡਿਫੈਂਸ ਕਮੇਟੀਆਂ ਨੇ ਥੋੜੇ ਹੀ ਸਮੇਂ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਤੁਹਾਡੀ ਸਹਾਇਤਾ ਦੇ ਨਾਲ ਸੁਰੱਖਿਆ ਦਸਤਿਆਂ ਨੇ ਨਸ਼ਿਆਂ ਅਤੇ ਹਥਿਆਰਾਂ ਦੀ ਵੱਡੀ ਬਰਾਮਦਗੀ ਇਸ ਖੇਤਰ ਵਿੱਚੋਂ ਕੀਤੀ ਹੈ।
ਉਨਾਂ ਕਿਹਾ ਕਿ ਟੀਮਾਂ ਦੇ ਆਪਸੀ ਤਾਲਮੇਲ ਨਾਲ ਨਸ਼ੇ ਵਿਰੁੱਧ ਲਾਂਮਬੰਦੀ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਹਾਲਾਤ ਅਗੇ ਨਾਲੋਂ ਸੁਧਰੇ ਹਨ। ਉਹਨਾਂ ਨੇ ਦੁਹਰਾਇਆ ਕਿ ਰਾਜਪਾਲ ਪੰਜਾਬ ਵੱਲੋਂ ਹਰੇਕ ਜ਼ਿਲ੍ਹੇ ਵਿੱਚ ਚੰਗਾ ਕੰਮ ਕਰਨ ਵਾਲੀਆਂ ਇਹਨਾਂ ਡਿਫੈਂਸ ਕਮੇਟੀਆਂ ਨੂੰ ਦਿੱਤੀ ਜਾਣ ਵਾਲੀ ਇਨਾਮੀ ਰਾਸ਼ੀ ਭਵਿੱਖ ਵਿੱਚ ਨਿਰੰਤਰ ਜਾਰੀ ਰਹੇਗੀ । ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਹੀਨੇ ਵਿੱਚ ਇੱਕ ਵਾਰ ਇਹਨਾਂ ਪਿੰਡ ਪੱਧਰ ਦੀਆਂ ਡਿਫੈਂਸ ਕਮੇਟੀਆਂ ਨਾਲ ਮੀਟਿੰਗ ਕਰਨ ਅਤੇ ਉਨਾਂ ਨਾਲ ਗੱਲਬਾਤ ਕਰਕੇ ਪਿੰਡ ਪੱਧਰ ਦੇ ਮਸਲੇ ਵੀ ਹੱਲ ਕੀਤੇ ਜਾਣ। ਕੁਝ ਕਿਸਾਨਾਂ ਵੱਲੋਂ ਉਠਾਏ ਮੁੱਦੇ ਦੇ ਜਵਾਬ ਉੱਤੇ ਬੋਲਦੇ ਸ੍ਰੀ ਕਟਾਰੀਆ ਨੇ ਕਿਹਾ ਕਿ ਸਰਹੱਦ ਉੱਤੇ ਲੱਗੀ ਕੰਡਿਆਲੀ ਤਾਰ ਤੋਂ ਪਾਰਲੀਆਂ ਜਮੀਨਾਂ ਵਿੱਚ ਖੇਤੀ ਕਰਨ ਦੀ ਵੱਡੀ ਸਮੱਸਿਆ ਤੁਹਾਨੂੰ ਆ ਰਹੀ ਹੈ, ਜਿਸ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਅਤੇ ਮੇਰੀ ਕੋਸ਼ਿਸ਼ ਹੋਵੇਗੀ ਕਿ ਇਹਨਾਂ ਮੁਸ਼ਕਲਾਂ ਨੂੰ ਹੱਲ ਕਰਕੇ ਖੇਤੀ ਕਰਨ ਨੂੰ ਸੁਖਾਲਾ ਕੀਤਾ ਜਾਵੇ।
ਉਨਾਂ ਕਿਹਾ ਕਿ ਸਰਹੱਦ ਉੱਤੇ ਨਜ਼ਰ ਰੱਖਣ ਲਈ ਸੀ:ਸੀ:ਟੀ:ਵੀ: ਕੈਮਰੇ ਅਤੇ ਐਂਟੀ ਡਰੋਨ ਸਿਸਟਮ ਲਗਾਇਆ ਜਾਵੇਗਾ। ਤਾਰ ਤੋਂ ਪਾਰ ਜਮੀਨਾਂ ਲਈ ਮਿਲਦੀ ਮੁਆਵਜ਼ਾ ਰਾਸ਼ੀ ਬਾਰੇ ਬੋਲਦੇ ਉਹਨਾਂ ਨੇ ਕਿਹਾ ਕਿ ਜਿਨਾਂ ਜਮੀਨਾਂ ਵਿੱਚ ਮੁਆਵਜ਼ਾ ਨਹੀਂ ਮਿਲਿਆ, ਉਹ ਵੀ ਛੇਤੀ ਕੇਂਦਰ ਸਰਕਾਰ ਨਾਲ ਗੱਲ ਕਰਕੇ ਜਾਰੀ ਕੀਤਾ ਜਾਵੇਗਾ। ਉਹਨਾਂ ਬੀਐਸਐਫ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੰਡਿਆਲੀ ਤਾਰ ਤੋਂ ਪਾਰ ਜਾਣ ਵੇਲੇ ਗੇਟਾਂ ਉੱਤੇ ਹਾਜ਼ਰ ਰਹਿ ਕੇ ਲੋਕਾਂ ਨੂੰ ਕੰਮ ਕਰਨ ਲਈ ਸਮੇਂ ਸਿਰ ਅੱਗੇ ਲੰਘਾਉਣ ਦੇ ਪ੍ਰਬੰਧ ਕਰਨ। ਰਾਜਪਾਲ ਨੇ ਲੋਕਾਂ ਨੂੰ ਸਿੱਖਿਆ ਉੱਤੇ ਧਿਆਨ ਦੇਣ ਦੀ ਅਪੀਲ ਕਰਦੇ ਕਿਹਾ ਕਿ ਮੇਰੀ ਕੋਸ਼ਿਸ਼ ਹੋਵੇਗੀ ਕਿ ਇਸ ਇਲਾਕੇ ਦੀਆਂ ਲੜਕੀਆਂ ਲਈ ਸਿੱਖਿਆ ਦੇ ਬਿਹਤਰ ਮੌਕੇ ਪ੍ਰਦਾਨ ਕੀਤੇ ਜਾਣ। ਕੁਝ ਪੰਚਾਇਤਾਂ ਵੱਲੋਂ ਸਰਹੱਦ ਉੱਤੇ ਬਣੇ ਨਾਲੇ ਦੇ ਪੁਰਾਣੇ ਪੁਲਾਂ ਨੂੰ ਚੌੜੇ ਕਰਨ ਦੀ ਮੰਗ ਉੱਤੇ ਬੋਲਦੇ ਰਾਜਪਾਲ ਨੇ ਭਰੋਸਾ ਦਿੱਤਾ ਕਿ ਉਹ ਸਰਕਾਰ ਨਾਲ ਗੱਲ ਕਰਕੇ ਇੰਨਾ ਪੁਲਾਂ ਨੂੰ ਮਜਬੂਤ ਅਤੇ ਚੌੜਾ ਬਣਾਉਣਾ ਯਕੀਨੀ ਬਣਾਉਣਗੇ।
ਇਸ ਮੌਕੇ ਉਨਾਂ ਨੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਪੋਰਟਸ ਕਿੱਟਾਂ ਵੰਡੀਆਂ ਅਤੇ ਸਰਹੱਦੀ ਪੱਟੀ ਵਿੱਚ ਖੇਡਾਂ ਲਈ ਬਿਹਤਰ ਢਾਂਚਾ ਬਣਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਸ਼੍ਰੀ ਪ੍ਰਦੀਪ ਸੱਭਰਵਾਲ ਨੇ ਆਈਆਂ ਹੋਈਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ, ਜਦਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਰਾਜਪਾਲ ਪੰਜਾਬ ਅਤੇ ਹੋਰ ਅਧਿਕਾਰੀਆਂ ਦੇ ਨਾਲ ਨਾਲ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਇਸ ਪ੍ਰੋਗਰਾਮ ਵਿੱਚ ਆਉਣ ਤੇ ਜੀ ਆਇਆਂ ਕਿਹਾ। ਇਸ ਤੋਂ ਬਾਅਦ ਉਨਾਂ ਨੇ ਯੂਨੀਵਰਸਿਟੀ ਵਿਚ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਸਰਹੱਦੀ ਪਿੰਡਾਂ ਦੀਆਂ ਪੰਚਾਇਤਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਉਪਰੰਤ ਦੇਸ਼ ਦੀ ਸੁਰੱਖਿਆ ਲਈ ਕੰਮ ਕਰ ਰਹੀਆਂ ਵੱਖ-ਵੱਖ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਲੰਬੀ ਮੀਟਿੰਗ ਕੀਤੀ।
ਇਸ ਤੋਂ ਪਹਿਲਾਂ ਸਵੇਰੇ ਮਾਨਯੋਗ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਸ੍ਰੀ ਵਾਲਮੀਕਿ ਤੀਰਥ ਵਿਖੇ ਹੋਏ ਨਤਮਸਤਕ ਹੋਏ ਅਤੇ ਮੰਦਿਰ ਕਮੇਟੀ ਵਲੋਂ ਉਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸ਼੍ਰੀ ਕੇ ਸ਼ਿਵਾ ਪ੍ਰਸਾਦ, ਪ੍ਰਿੰਸੀਪਲ ਸਕੱਤਰ ਸ਼੍ਰੀ ਵੀਕੇ ਮੀਨਾ, ਫਿਰੋਜ਼ਪੁਰ ਦੇ ਗੁਰਪ੍ਰੀਤ ਸਿੰਘ ਭੁੱਲਰ, ਡੀਆਈਜੀ ਸ੍ਰੀ ਸਤਿੰਦਰ ਸਿੰਘ, ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਜਿਲਾ ਪੁਲਿਸ ਮੁਖੀ ਸ ਚਰਨਜੀਤ ਸਿੰਘ , ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਅਤੇ ਐਸ.ਐਸ.ਪੀ. ਸ੍ਰੀ ਅਭਿਮਨਯੂ ਰਾਣਾ, ਕਮਾਂਡੈਂਟ ਸ੍ਰੀ ਰਜੇਸ਼ ਅਨੰਦ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।