ਚੰਡੀਗੜ੍ਹ, 7 ਨਵੰਬਰ – ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚੋਂ ਝੋਨੇ ਦੀ ਖਰੀਦ, ਲਿਫਟਿੰਗ, ਪਰਾਲੀ ਤੇ ਡੀਏਪੀ ਖਾਦ ਸਣੇ ਹੋਰਨਾਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸੂਬੇ ’ਚ 30 ਥਾਵਾਂ ’ਤੇ ਸ਼ੁਰੂ ਕੀਤੇ ਮੋਰਚੇ ਅੱਜ ਵੀ ਜਾਰੀ ਰਹੇ। ਇਸ ਦੌਰਾਨ 20ਵੇਂ ਦਿਨ ਵੀ 26 ਟੌਲ ਪਲਾਜ਼ੇ ਪਰਚੀ ਮੁਕਤ ਕਰਵਾਏ ਗਏ, ਜਦੋਂਕਿ ਬਰਨਾਲਾ ਤੇ ਗਿੱਦੜਬਾਹਾ ਹਲਕੇ ਵਿੱਚ ਭਾਜਪਾ ਤੇ ‘ਆਪ’ ਉਮੀਦਵਾਰਾਂ ਦੇ ਘਰਾਂ ਤੇ ਦਫ਼ਤਰਾਂ ਦਾ ਘਿਰਾਓ ਕੀਤਾ ਗਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸੂਬਾ ਸਰਕਾਰ ਵੱਲੋਂ ਡੀਏਪੀ ਖਾਦ ਦੀ ਵੰਡ ਸਾਰੇ ਇਲਾਕਿਆਂ ਵਿੱਚ ਕਰਨ ਦੀ ਥਾਂ ਜ਼ਿਮਨੀ ਚੋਣਾਂ ਵਾਲੇ ਇਲਾਕਿਆਂ ਵਿੱਚ ਕਰਨ ਦੀ ਨਿਖੇਧੀ ਕੀਤੀ। ਸ੍ਰੀ ਕੋਕਰੀ ਕਲਾਂ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਨੇ ਮਾਲੇਰਕੋਟਲਾ ਵਿੱਚ ਡੀਏਪੀ ਖਾਦ ਨਾਲ ਭਰੀ ਗੱਡੀ ਰੋਕ ਕੇ ਆਪਣਾ ਹਿੱਸਾ ਜ਼ਬਰੀ ਹਾਸਲ ਕੀਤਾ ਸੀ ਅਤੇ ਅੱਜ ਕਿਸਾਨਾਂ ਨੂੰ ਮੋਗਾ ਵਿੱਚ ਡੀਏਪੀ ਦੀ ਰੇਲ ਗੱਡੀ ਰੋਕਣੀ ਪਈ ਹੈ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜ਼ਿਮਨੀ ਚੋਣਾਂ ਵਾਲੇ ਹਲਕਿਆਂ ਦੀ ਥਾਂ ਮੁਕੰਮਲ ਪੰਜਾਬ ਵਿੱਚ ਡੀਏਪੀ ਖਾਦ ਦਾ ਪ੍ਰਬੰਧ ਕਰਕੇ ਦੇਵੇ। ਕਿਸਾਨ ਆਗੂਆਂ ਨੇ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਪੱਕੇ ਮੋਰਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੇ ਵੀ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਤੇ ਲਿਫਟਿੰਗ ਤੇਜ਼ ਨਹੀਂ ਹੋਈ। ਨਾ ਹੀ ਸਰਕਾਰ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕੇਸ ਦਰਜ ਕਰਨੇ ਬੰਦ ਕੀਤੇ ਹਨ। ਅਜਿਹੇ ਵਿੱਚ ਕਿਸਾਨਾਂ ਨੂੰ ਕਣਕ ਦੀ ਬਿਜਾਈ ਸਮੇਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲੋੜੀਂਦੀ ਖਾਦ ਦਾ ਪ੍ਰਬੰਧ ਕਰਵਾ ਕੇ ਦੇਣਾ ਚਾਹੀਦਾ ਹੈ, ਜਿਸ ਦਾ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉੱਦੋਂ ਤੱਕ ਸੂਬੇ ਵਿੱਚ ਪੱਕੇ ਮੋਰਚੇ ਜਾਰੀ ਰਹਿਣਗੇ।