ਨਵੀਂ ਦਿੱਲੀ, 7 ਨਵੰਬਰ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਹਿਮਾਚਲ ਪ੍ਰਦੇਸ਼ ਵਿਚ ਪ੍ਰਦੇਸ਼ ਕਾਂਗਰਸ ਕਮੇਟੀ (ਪੀਸੀਸੀ) ਦੀ ਇਕਾਈ ਦੇ ਨਾਲ ਜ਼ਿਲ੍ਹਾ ਤੇ ਬਲਾਕ ਇਕਾਈਆਂ ਵੀ ਭੰਗ ਕਰ ਦਿੱਤੀਆਂ ਹਨ। ਪਾਰਟੀ ਦੀ ਇਸ ਪੇਸ਼ਕਦਮੀ ਨੂੰ ਹਿਮਾਚਲ ਇਕਾਈ ਦੇ ਪੁਨਰਗਠਨ ਦੀ ਯੋਜਨਾ ਵਜੋਂ ਦੇਖਿਆ ਜਾ ਰਿਹਾ ਹੈ। ਕਾਂਗਰਸ ਵੱਲੋਂ ਪਹਾੜੀ ਰਾਜ ਵਿਚ ਸਰਕਾਰ ਬਣਾਏ ਜਾਣ ਮਗਰੋਂ ਪੀਸੀਸੀ ਵਿਚ ਕੋਈ ਫੇਰਬਦਲ ਨਹੀਂ ਕੀਤਾ ਗਿਆ ਸੀ। ਅਹੁਦਾ ਛੱਡ ਰਹੀ ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਪਹਿਲਾਂ ਹੀ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੇ ਮੈਂਬਰ ਹਨ। ਸਿੰਘ, ਜੋ ਸਾਬਕਾ ਮੁੱਖ ਮੰਤਰੀ ਮਰਹੂਮ ਵੀਰਭੱਦਰ ਸਿੰਘ ਦੀ ਪਤਨੀ ਹਨ, ਨੂੰ ਅਪਰੈਲ 2022 ਵਿਚ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਏਆਈਸੀਸੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ, ‘‘ਕਾਂਗਰਸ ਪ੍ਰਧਾਨ ਨੇ ਪੀਸੀਸੀ ਦੀ ਪੂਰੀ ਪ੍ਰਦੇਸ਼ ਇਕਾਈ ਅਤੇ ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਬਲਾਕ ਕਾਂਗਰਸ ਕਮੇਟੀਆਂ ਨੂੰ ਭੰਗ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।’’ ਹਿਮਾਚਲ ਕਾਂਗਰਸ ਧੜੇਬੰਦੀ ਨਾਲ ਜੂਝਦੀ ਰਹੀ ਹੈ। ਫਰਵਰੀ ਮਹੀਨੇ ਹੋਈ ਰਾਜ ਸਭਾ ਚੋਣ ਦੌਰਾਨ ਇਹ ਉਦੋਂ ਖੁੱਲ੍ਹ ਕੇ ਸਾਹਮਣੇ ਆ ਗਈ ਸੀ ਜਦੋਂ ਸੱਤਾਧਾਰੀ ਕਾਂਗਰਸ ਦੇ ਉਮੀਦਵਾਰ ਅਭਿਸ਼ੇਕ ਸਿੰਘਵੀ ਭਾਜਪਾ ਦੇ ਹਰਸ਼ ਮਹਾਜਨ ਕੋਲੋਂ ਚੋਣ ਹਾਰ ਗਏ ਸਨ। ਉਦੋਂ ਕਾਂਗਰਸ ਦੇ ਕੁਝ ਵਿਧਾਇਕਾਂ ਨੇ ਮਹਾਜਨ ਦੇ ਹੱਕ ਵਿਚ ਕਰਾਸ ਵੋਟਿੰਗ ਕੀਤੀ ਸੀ।