ਸਿਹਤ ਮੰਤਰੀ ਦੀ ਸਿਹਤ ’ਤੇ ਅਸਰ ਨਹੀਂ

ਕੇਂਦਰੀ ਸਿਹਤ ਮੰਤਰੀ ਜੇ ਪੀ ਨੱਢਾ ਦੇ ਟਵਿੱਟਰ (ਹੁਣ ‘ਐੱਕਸ’) ’ਤੇ ਇਕ ਅਹਿਮ ਜਾਣਕਾਰੀ ਮਿਲੀ ਹੈ, ਜਿਹੜੀ ਦੱਸਦੀ ਹੈ ਕਿ ਸਿਹਤ ਮਾਮਲਿਆਂ ’ਚ ਉਨ੍ਹਾ ਦੀ ਦਿਲਚਸਪੀ ਨਾ ਹੋਇਆਂ ਨਾਲ ਦੀ ਹੈ। ਉਹ ਭਾਜਪਾ ਦੇ ਪ੍ਰਧਾਨ ਵੀ ਹਨ। ਉਨ੍ਹਾ ਵੱਲੋਂ ‘ਐੱਕਸ’ ਉੱਤੇ ਸਾਂਝੀਆਂ ਕੀਤੀਆਂ ਗਈਆਂ ਪੋਸਟਾਂ ਭਾਜਪਾ ਦੀ ਸਿਆਸਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮਾਂ, ਮਨ ਕੀ ਬਾਤ ਤੇ ਚੋਣ ਰੈਲੀਆਂ ਸੰਬੰਧੀ ਹਨ। ਅਕਤੂਬਰ ’ਚ ਉਨ੍ਹਾ 256 ਪੋਸਟਾਂ ਪਾਈਆਂ, ਪਰ ਸਿਹਤ ਮੰਤਰਾਲੇ ਨਾਲ ਜੁੜੇ ਜਿਨ੍ਹਾਂ ਵਿਸ਼ਿਆਂ ’ਤੇ ਦੇਸ਼ ਜਵਾਬ ਚਾਹੁੰਦਾ ਹੈ, ਬਾਰੇ ਇੱਕ ਵੀ ਪੋਸਟ ਨਹੀਂ ਸੀ। ਪਿਛਲੇ ਦਿਨੀਂ ਕੋਲਕਾਤਾ ਦੇ ਸਰਕਾਰੀ ਹਸਪਤਾਲ ’ਚ ਇਕ ਟਰੇਨੀ ਡਾਕਟਰ ਦੀ ਜਬਰ-ਜ਼ਨਾਹ ਦੇ ਬਾਅਦ ਹੱਤਿਆ ਕਰ ਦਿੱਤੀ ਗਈ। ਇਸ ਦੇ ਬਾਅਦ ਡਾਕਟਰਾਂ ਦੀ ਲੰਮੀ ਲੜਾਈ ਚੱਲੀ। ਰਾਜਸਥਾਨ ਵਿੱਚ ਵੀ ਜੂਨੀਅਰ ਡਾਕਟਰਾਂ ਦਾ ਲੰਮਾ ਅੰਦੋਲਨ ਚੱਲਿਆ। ਬਿਹਾਰ ਤੇ ਯੂ ਪੀ ਸਣੇ ਕਈ ਹੋਰ ਰਾਜਾਂ ’ਚ ਵੀ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਸਾਹਮਣੇ ਆਈ, ਪਰ ਪੂਰੇ ਅਕਤੂਬਰ ਮਹੀਨੇ ’ਚ ਨੱਢਾ ਨੇ ‘ਐੱਕਸ’ ਉੱਤੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਇਸੇ ਤਰ੍ਹਾਂ ਨੀਟ-ਪੀ ਜੀ ਦੀ ਕਾਉਸਲਿੰਗ ਸ਼ੁਰੂ ਨਾ ਹੋਣ ਨੂੰ ਲੈ ਕੇ ਵਿਦਿਆਰਥੀ ਪ੍ਰੇਸ਼ਾਨ ਰਹੇ। ਮਾਰਚ ਵਿੱਚ ਹੋਣ ਵਾਲੀ ਪ੍ਰਕਿਰਿਆ ਲੰਮੇ ਸਮੇਂ ਤੱਕ ਅੱਗੇ ਵਧ ਰਹੀ ਹੈ। ਨੀਟ-ਯੂ ਜੀ ਦੇ ਪੇਪਰ ਲੀਕ ਦੇ ਮਾਮਲੇ ’ਚ ਵੀ ਠੋਸ ਕਦਮ ਨਹੀਂ ਚੁੱਕੇ ਗਏ।

ਨੱਢਾ ਨੇ ਇਨ੍ਹਾਂ ਵਿਸ਼ਿਆਂ ਬਾਰੇ ਕੋਈ ਪੋਸਟ ਨਹੀਂ ਪਾਈ। ਦਿੱਲੀ ਤੇ ਦੇਸ਼-ਭਰ ਵਿੱਚ ਪ੍ਰਦੂਸ਼ਣ ਕਾਰਨ ਸਿਹਤ ਸਮੱਸਿਆਵਾਂ ਨੂੰ ਲੈ ਕੇ ਹਰ ਪਾਸੇ ਚਰਚਾ ਹੁੰਦੀ ਰਹੀ, ਪਰ ਨੱਢਾ ਖਾਮੋਸ਼ ਰਹੇ। ਉਲਟਾ ਦੀਵਾਲੀ ਦੀ ਰਾਤ ਉਨ੍ਹਾ ਛੱਤ ’ਤੇ ਪਟਾਕਾ ਚਲਾਉਦਿਆਂ ਦੀ ਵੀਡੀਓ ਪਾਈ। ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਅੰਨੇ੍ਹਵਾਹ ਪਟਾਕੇ ਚਲਾਏ ਜਾਣ ਕਾਰਨ ਸਿਹਤ ਸੰਬੰਧੀ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ, ਇਸ ਬਾਰੇ ਜਾਗਰੂਕਤਾ ਵਾਲਾ ਕੋਈ ਉਸਾਰੂ ਸੰਦੇਸ਼ ਦੇਣ ਦੀ ਥਾਂ ਪਟਾਕੇ ਚਲਾਉਣ ਦੀ ਜ਼ਿੱਦ ’ਤੇ ਉਤਾਰੂ ਬੱਚਿਆਂ ਵਰਗੀ ਹਰਕਤ ਕਰਨਾ ਹਾਸੋਹੀਣਾ ਹੈ। ਨੱਢਾ ਦੀਆਂ 256 ਪੋਸਟਾਂ ਵਿੱਚੋਂ 116 ਵਿੱਚ ਮੋਦੀ ਦੇ ਪ੍ਰੋਗਰਾਮਾਂ ਤੇ ਭਾਸ਼ਣਾਂ ਨਾਲ ਜੁੜੀਆਂ ਹੋਈਆਂ ਸਨ। ਇਨ੍ਹਾਂ ਵਿੱਚੋਂ ਕੁਝ ਆਯੂਸ਼ਮਾਨ ਭਾਰਤ ਯੋਜਨਾ ਨਾਲ ਜੁੜੀਆਂ ਹੋਈਆਂ ਸਨ, ਪਰ ਬਹੁਤੀਆਂ ਵਿਦੇਸ਼ ਯਾਤਰਾ, ਰੇਲਵੇ, ਪੁਲਾੜ, ਮਨ ਕੀ ਬਾਤ ਤੇ ਸਿਆਸੀ ਵਿਸ਼ਿਆਂ ਨਾਲ ਜੁੜੀਆਂ ਹੋਈਆਂ ਸਨ। ਉਨ੍ਹਾ 90 ਪੋਸਟਾਂ ਸਿਆਸੀ ਪ੍ਰੋਗਰਾਮਾਂ ਦੀਆਂ ਪਾਈਆਂ। ਵੱਖ-ਵੱਖ ਮੌਕਿਆਂ ’ਤੇ ਸ਼ੁਭਕਾਮਨਾਵਾਂ ਦੀਆਂ 44 ਤੇ ਸ਼ੋਕ ਸੰਦੇਸ਼ ਤੇ ਸ਼ਰਧਾਂਜਲੀ ਦੀਆਂ 14 ਪੋਸਟਾਂ ਪਾਈਆਂ। ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਿਰਕਤ ਦੀਆਂ 21, ਧਾਰਮਕ ਸਮਾਗਮਾਂ ’ਚ ਸ਼ਾਮਲ ਹੋਣ ਦੀਆਂ 9, ਵੈਕਸੀਨ ਦੀ ਇੱਕ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪ੍ਰੋਗਰਾਮ ਦੀ ਇੱਕ ਪੋਸਟ ਪਾਈ। 2024 ਮੈਡੀਕਲ ਸਿੱਖਿਆ ਦੇ ਲਿਹਾਜ਼ ਨਾਲ ਪਿਛਲੇ 77 ਸਾਲਾਂ ਦਾ ਸਭ ਤੋਂ ਬੁਰਾ ਸਾਲ ਮੰਨਿਆ ਜਾਵੇਗਾ।

ਦੁਨੀਆ ਦਾ ਸਭ ਤੋਂ ਵੱਡਾ ਪੇਪਰ ਲੀਕ ਘੁਟਾਲਾ ਨੀਟ-ਯੂ ਜੀ ਵਿੱਚ ਦੇਖਿਆ ਗਿਆ। ਪੇਪਰ ਲੀਕ ਸਾਬਤ ਹੋਣ ਤੇ ਗਿ੍ਰਫਤਾਰੀਆਂ ਦੇ ਬਾਵਜੂਦ ਪ੍ਰੀਖਿਆ ਰੱਦ ਨਹੀਂ ਹੋਈ। ਕਿੰਨੇ ਮੁੰਨਾ ਭਾਈ ਐੱਮ ਬੀ ਬੀ ਐੱਸ ’ਚ ਦਾਖਲਾ ਲੈਣ ’ਚ ਕਾਮਯਾਬ ਹੋ ਗਏ, ਇਸ ਦਾ ਪਤਾ ਕਦੇ ਵੀ ਨਹੀਂ ਚੱਲ ਸਕੇਗਾ। ਨੀਟ-ਪੀ ਜੀ ਦੀ ਪ੍ਰੀਖਿਆ ਤੇ ਕਾਉਸਲਿੰਗ ’ਚ ਵੀ ਘੋਰ ਨਾਕਾਮੀ ਦਿਸ ਰਹੀ ਹੈ। ਪ੍ਰਦੂਸ਼ਣ ਤੋਂ ਪੈਦਾ ਹੋਣ ਵਾਲੇ ਰੋਗਾਂ ਕਾਰਨ ਦੇਸ਼ ਦਾ ਬੁਰਾ ਹਾਲ ਹੈ, ਪਰ ਸਿਹਤ ਮੰਤਰੀ ਦਾ ਸੋਸ਼ਲ ਮੀਡੀਆ ਅਕਾਊਂਟ ਇਨ੍ਹਾਂ ਚਿੰਤਾਵਾਂ ਤੋਂ ਬੇਖਬਰ ਹੈ। ਸਿਹਤ ਮੰਤਰੀ ਨੂੰ ਸਭ ਚੰਗਾ ਦਿਸ ਰਿਹਾ ਹੈ। ਉਨ੍ਹਾ ਦੀ ਤਰਜੀਹ ਤੇ ਦਿਲਚਸਪੀ ਭਾਜਪਾ ਪ੍ਰਧਾਨ ਹੋਣ ਦੀ ਹੈ। ਉਹ ਪ੍ਰਧਾਨ ਮੰਤਰੀ ਦੇ ਪ੍ਰੋਗਰਾਮਾਂ ਨੂੰ ਏਨਾ ਪ੍ਰਚਾਰਤ ਕਰਦੇ ਹਨ ਕਿ ਹੁਣ ਵੱਖਰੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੀ ਲੋੜ ਹੀ ਨਹੀਂ ਦਿਸਦੀ। ਕੀ ਦੇਸ਼ ’ਚ ਸਿਆਸਤ ਤੇ ਸੁਸ਼ਾਸਨ ਨੂੰ ਅੱਡ-ਅੱਡ ਕਰਨ ’ਤੇ ਕਦੇ ਗੱਲ ਹੋਵੇਗੀ? ਕੀ ਇਹ ਸੰਭਵ ਨਹੀਂ ਕਿ ਕੇਂਦਰ ਤੇ ਰਾਜਾਂ ਦੇ ਸਾਰੇ ਮੰਤਰੀਆਂ ਨੂੰ ਸਿਆਸੀ ਜ਼ਿੰਮੇਵਾਰੀਆਂ ਤੇ ਪ੍ਰੋਗਰਾਮਾਂ ਤੋਂ ਪੂਰੀ ਤਰ੍ਹਾਂ ਅੱਡ ਕਰ ਦਿੱਤਾ ਜਾਵੇ? ਉਹ ਸਿਰਫ ਆਪਣੇ ਮਹਿਕਮੇ ਨਾਲ ਜੁੜੀਆਂ ਜ਼ਿੰਮੇਵਾਰੀਆਂ ਹੀ ਨਿਭਾਉਣ। ਇਹ ਅਜੀਬ ਲੱਗੇਗਾ, ਪਰ ਸਿਸਟਮ ਸੁਧਾਰਨਾ ਤਾਂ ਪੈਣਾ ਹੈ।

ਸਾਂਝਾ ਕਰੋ

ਪੜ੍ਹੋ