ਪ੍ਰਧਾਨ ਮੰਤਰੀ ਮੋਦੀ ਦੇ ਆਰਥਿਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਬਿਬੇਕ ਦੇਬਰੌਏ ਦਾ ਦੇਹਾਂਤ

ਨਵੀਂ ਦਿੱਲੀ, 2 ਨਵੰਬਰ  –  ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਬਿਬੇਕ ਦੇਬਰੌਏ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 69 ਸਾਲ ਦੇ ਸਨ। ਦੇਬਰੌਏ ਇੱਥੇ ਏਮਸ ’ਚ ਭਰਤੀ ਸਨ। ਏਮਸ ਦੇ ਸੂਤਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਂਦਰ ’ਚ ਤਕਲੀਫ ਕਾਰਨ ਭਰਤੀ ਕਰਵਾਇਆ ਗਿਆ ਸੀ। ਉਹ ਹਾਈ ਬਲੱਡ ਪ੍ਰੈੱਸ਼ਰ ਤੇ ਸ਼ੂਗਰ ਤੋਂ ਵੀ ਪੀੜਤ ਸਨ। ਦੇਬਰੌਏ ਨੂੰ 2015 ’ਚ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਦੇਬੌਏ ਨੇ ਨਰੇਂਦਰਪੁਰ ਦੇ ਰਾਮਕ੍ਰਿਸ਼ਨ ਮਿਸ਼ਨ ਸਕੂਲ, ਕੋਲਕਾਤਾ ਦੇ ਪ੍ਰੈਜ਼ੀਡੈਂਸੀ ਕਾਲਜ, ਦਿੱਲੀ ਸਕੂਲ ਆਫ ਇਕਨੌਮਿਕਸ ਤੇ ਕੈਂਬਰਿਜ ਦੇ ਟ੍ਰਿਨਿਟੀ ਕਾਲਜ ਤੋਂ ਸਿੱਖਿਆ ਹਾਸਲ ਕੀਤੀ ਸੀ। ਬਿਬੇਕ ਦੇਬਰੌਏ ਦੇ ਦੇਹਾਂਤ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਸੋਸ ਪ੍ਰਗਟਾਇਆ ਹੈ। ਮੁਰਮੂ ਨੇ ਐਕਸ ’ਤੇ ਕਿਹਾ, ‘ਡਾ. ਬਿਬੇਕ ਦੇਬਰੌਏ ਦੇ ਦੇਹਾਂਤ ਨਾਲ ਦੇਸ਼ ਨੇ ਵੱਡਾ ਬੁੱਧੀਜੀਵੀ ਗੁਆ ਲਿਆ ਹੈ, ਜਿਨ੍ਹਾਂ ਨੀਤੀ ਨਿਰਮਾਣ ਤੋਂ ਲੈ ਕੇ ਸਾਡੇ ਮਹਾਨ ਗ੍ਰੰਥਾਂ ਦੇ ਅਨੁਵਾਦ ਤੱਕ ਵੱਖ ਵੱਖ ਖੇਤਰਾਂ ਨੂੰ ਅਮੀਰ ਕੀਤਾ।’ ਪ੍ਰਧਾਨ ਮੰਤਰੀ ਨੇ ਕਿਹਾ, ‘ਡਾ. ਬਿਬੇਕ ਦੇਬਰੌਏ ਉਚ ਦਰਜੇ ਦੇ ਵਿਦਵਾਨ ਸਨ ਜੋ ਅਰਥਸ਼ਾਸਤਰ, ਇਤਿਹਾਸ, ਰਾਜਨੀਤੀ, ਅਧਿਆਤਮਿਕਤਾ ਜਿਹੇ ਹੋਰ ਵਿਸ਼ਿਆਂ ’ਚ ਮੁਹਾਰਤ ਰੱਖਦੇ ਸਨ। ਆਪਣੇ ਕੰਮਾਂ ਰਾਹੀਂ ਉਨ੍ਹਾਂ ਭਾਰਤ ਦੇ ਬੌਧਿਕ ਖੇਤਰ ’ਚ ਅਮਿੱਟ ਛਾਪ ਛੱਡੀ ਹੈ।’ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਸਾਂਝਾ ਕਰੋ

ਪੜ੍ਹੋ

ਜਿ਼ਮਨੀ ਚੋਣਾਂ: ਦਲ-ਬਦਲੀ ਅਤੇ ਪਰਿਵਾਰਵਾਦ/ਸੁਖਦੇਵ ਸਿੰਘ

ਭਾਰਤ ਦੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਚਾਰ ਵਿਧਾਨ...