ਯੂਐ, ਓਪਨ ਵਿਚ ਸਬਲੇਕਾ ਦੀ ਵਡੀ ਜਿੱਤ

ਦੁਨੀਆ ਦੀ ਦੂਜਾ ਦਰਜਾ ਪ੍ਰਾਪਤ ਬੈਲਾਰੂਸ ਦੀ ਆਰੀਨਾ ਸਬਲੇਂਕਾ ਨੇ ਯੂਐਸ ਓਪਨ ਦੇ ਫਾਈਨਲ ਵਿਚ ਛੇਵਾਂ ਦਰਜਾ ਪ੍ਰਾਪਤ ਅਮਰੀਕਾ ਦੀ ਜੈਸਿਕਾ ਪੇਗੁਲਾ ਨੂੰ ਸਿੱਧੇ ਸੈਟਾਂ 7-5, 7-5 ਨਾਲ ਹਰਾ ਕੇ ਆਪਣਾ ਨਾਮ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾ ਲਿਆ। ਪਿਛਲੇ ਸਾਲ ਫਾਈਨਲ ਵਿਚ ਕੋਕੋ ਗੌਫ ਤੋਂ ਹੋਈ ਨਿਰਾਸ਼ਾਜਨਕ ਹਾਰ ਤੋਂ ਬਾਅਦ ਆਰੀਨਾ ਸਬਲੇਂਕਾ ਨੇ ਇਸ ਵਾਰ ਫਾਈਨਲ ਵਿਚ ਸ਼ਾਨਦਾਰ ਖੇਡ ਪ੍ਰਦਰਸ਼ਨ ਜ਼ਰੀਏ ਸਭ ਟੈਨਿਸ ਪ੍ਰੇਮੀਆਂ ਦੇ ਦਿਲ ਜਿੱਤ ਲਏ। ਦੱਸ ਦੇਈਏ ਕਿ ਸਬਲੇਂਕਾ ਨੇ ਦੋ ਵਾਰ ਆਸਟ੍ਰੇਲੀਅਨ ਓਪਨ ਜਿੱਤਣ ਤੋਂ ਬਾਅਦ ਯੂ.ਐਸ ਓਪਨ ਦੇ ਰੂਪ ਵਿੱਚ ਆਪਣਾ ਤੀਜਾ ਗ੍ਰੈਂਡ ਸਲੈਮ ਖ਼ਿਤਾਬ ਜਿੱਤਿਆ ਹੈ।

ਗੌਰਤਲਬ ਹੈ ਕਿ ਰੋਮ ’ਚ ਪਿੱਠ ’ਤੇ ਸੱਟ ਲੱਗ ਕਾਰਨ ਤੇ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ ’ਚ ਉਹ ਬਿਮਾਰੀ ਕਾਰਨ ਬਾਹਰ ਹੋ ਗਈ ਸੀ। ਬਦਕਿਸਮਤੀ ਨਾਲ ਮੋਢੇ ਦੀ ਸੱਟ ਕਾਰਨ ਉਹ ਪੂਰੀ ਤਰ੍ਹਾਂ ਵਿੰਬਲਡਨ ਵਿਚ ਖੇਡਣ ਤੋਂ ਵੀ ਖੁੰਝ ਗਈ ਸੀ ਪਰ ਇਸ ਸਭ ਨੂੰ ਪਿੱਛੇ ਛੱਡ ਕੇ ਆਪਣੀ ਸ਼ਾਨਦਾਰ ਖੇਡ ਵਿਖਾਉਂਦਿਆਂ ਉਹ ਯੂਐਸ ਓਪਨ ਜਿੱਤਣ ਵਿਚ ਕਾਮਯਾਬ ਰਹੀ। ਇਸ ਦੀ ਸ਼ੁਰੂਆਤ ਸਬਲੇਂਕਾ ਨੇ ਅਗਸਤ ਮਹੀਨੇ ਹੀ ਖ਼ਤਮ ਹੋਏ ਸਿਨਸਿਨਾਟੀ ਓਪਨ ਟੂਰਨਾਮੈਂਟ ਜਿੱਤ ਕੇ ਕੀਤੀ। ਸਿਨਸਿਨਾਟੀ ਓਪਨ ਦੇ ਸੈਮੀਫਾਈਨਲ ਵਿਚ ਸਬਲੇਂਕਾ ਨੇ ਦੁਨੀਆ ਦੀ ਨੰਬਰ ਇੱਕ ਖਿਡਾਰਣ ਇਗਾ ਸਵਿਤਾਏਕ ਨੂੰ ਸਿੱਧੇ ਸੈੱਟਾਂ 6-6, 6-3 ਨਾਲ ਹਰਾ ਕੇ ਫ਼ਾਈਨਲ ਵਿਚ ਆਪਣੀ ਜਗ੍ਹਾ ਬਣਾਈ ਸੀ ਤੇ ਫਿਰ ਫਾਈਨਲ ਵਿਚ ਜੈਸਿਕਾ ਪੇਗੁਲਾ ਨੂੰ ਹੀ ਸਿੱਧੇ ਸੈੱਟਾਂ 6-3, 7-5 ਨਾਲ ਹਰਾ ਕੇ ਯੂਐਸ ਓਪਨ ਲਈ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਸੀ ਜੋ ਕਿ ਸੱਚ ਵੀ ਹੋਈ!

ਜ਼ਿਕਰਯੋਗ ਹੈ ਕਿ ਸਿਨਸਿਨਾਟੀ ਟੂਰਨਾਮੈਂਟ ਨੂੰ ਯੂ. ਐਸ ਓਪਨ ਦੀ ਤਿਆਰੀ ਵਜੋਂ ਅਹਿਮ ਮੰਨਿਆ ਜਾਂਦਾ ਹੈ। ਆਪਣੇ ਲਗਾਤਾਰ ਦੂਜੇ ਯੂਐਸ ਓਪਨ ਦੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਆਰੀਨਾ ਸਬਲੇਂਕਾ ਨੇ ਦੁਨੀਆ ਦੀ ਸੱਤਵੇਂ ਦਰਜੇ ਦੀ ਖਿਡਾਰਣ ਤੇ ਪੈਰਿਸ ਉਲੰਪਿਕ ਵਿਚ ਸੋਨ ਤਗ਼ਮਾ ਜਿੱਤਣ ਵਾਲੀ ਚੀਨ ਦੀ ਝੇਂਗ ਕਿਨਵੇਨ ਨੂੰ ਹਰਾਇਆ। ਸੈਮੀਫਾਈਨਲ ਅਤੇ ਫਾਈਨਲ ਵਿਚ ਉਹ ਆਪਣਾ ਧਿਆਨ ਕੇਂਦਰਿਤ ਕਰਨ ਅਤੇ ਘਰੇਲੂ ਦਰਸ਼ਕਾਂ ਦੇ ਰੌਲੇ-ਰੱਪੇ ਨੂੰ ਉਸ ਉੱਤੇ ਹਾਵੀ ਹੋਣ ਤੋਂ ਬਚਾਉਣ ਵਿਚ ਵੀ ਕਾਮਯਾਬ ਰਹੀ, ਨਤੀਜੇ ਵਜੋਂ ਉਸ ਨੇ ਦੋ ਅਮਰੀਕੀ ਵਿਰੋਧੀਆਂ ਐਮਾ ਨਵਾਰੋ ਅਤੇ ਜੈਸਿਕਾ ਪੇਗੁਲਾ ਨੂੰ ਹਰਾ ਕੇ ਇਸ ਵੱਕਾਰੀ ਟੂਰਨਾਮੈਂਟ ਨੂੰ ਜਿੱਤਣ ਦਾ ਮਾਣ ਪ੍ਰਾਪਤ ਕੀਤਾ।

ਯੂਐਸ ਓਪਨ ਦੇ ਫਾਈਨਲ ਮੈਚ ਨੂੰ ਵੇਖਣ ਲਈ ਆਰਥਰ ਐਸ਼ੇ ਸਟੇਡੀਅਮ ਵਿਚ ਟੈਨਿਸ ਪ੍ਰੇਮੀਆਂ ਦਾ ਰੋਮਾਂਚ ਸਿਖ਼ਰ ’ਤੇ ਸੀ, ਟੈਨਿਸ ਦੇ ਕਿਸੇ ਵੀ ਗ੍ਰੇਡ ਸਲੈਮ ਵਿਚ ਖੇਡਣਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਤੇ ਜਿਹੜੇ ਇਨ੍ਹਾਂ ਮੁਕਾਬਲਿਆਂ ਵਿਚ ਅਪਣੀ ਧਾਂਕ ਜਮਾਉਣ ਵਿਚ ਕਾਮਯਾਬ ਹੁੰਦੇ ਹਨ, ਉਨ੍ਹਾਂ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਦਰਜ ਹੋ ਜਾਂਦਾ, ਜਿਸ ਤੋਂ ਪ੍ਰੇਰਨਾ ਲੈ ਕੇ ਆਉਣ ਵਾਲੀਆਂ ਪੀੜੀਆਂ ਆਪਣੀ ਜ਼ਿੰਦਗੀ ਵਿਚ ਅਗਰਸਰ ਹੁੰਦੀਆਂ ਹਨ। ਖੇਡ ਪ੍ਰੇਮੀ ਹਰ ਸਾਲ ਯੂ.ਐਸ ਓਪਨ ਟੂਰਨਾਮੈਂਟ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਟੈਨਿਸ ਪ੍ਰੇਮੀਆਂ ਲਈ ਯੂਐਸ ਓਪਨ ਕਿਸੇ ਤਿਉਹਾਰ ਤੋਂ ਘੱਟ ਨਹੀਂ, ਖ਼ੂਬਸੂਰਤ ਨਿਊਯਾਰਕ ਸ਼ਹਿਰ ਵਿਚ ਦਿਲਕਸ਼ ਟੈਨਿਸ ਕੋਰਟ ਵਿਚਕਾਰ, ਦੁਨੀਆ ਦੇ ਦਿੱਗਜ਼ ਖਿਡਾਰੀ ਆਪਣੀ ਖੇਡ ਕਲਾ ਦਾ ਅਦਭੁੱਤ ਨਮੂਨਾ ਪੇਸ਼ ਕਰਦੇ। ਦਰਸ਼ਕ ਹਰ ਸ਼ਾਟ ’ਤੇ ਵਾਹ-ਵਾਹ ਕਰ ਉੱਠਦੇ ਹਨ।

ਪੇਗੁਲਾ ਆਪਣੇ ਕਰੀਅਰ ਦੇ ਪਹਿਲੇ ਗ੍ਰੈਂਡ ਸਲੈਮ ਫਾਈਨਲ ਵਿਚ ਖੇਡ ਰਹੀ ਸੀ ਤੇ ਘਰੇਲੂ ਦਰਸ਼ਕਾਂ ਦਾ ਸਮਰਥਨ ਵੀ ਮਿਲਿਆ ਪਰ ਸਬਲੇਂਕਾ ਦੇ ਅੱਗੇ ਉਸ ਦੀ ਪੇਸ਼ ਨਹੀਂ ਗਈ ਤੇ ਉਸ ਦਾ ਗ੍ਰੈਂਡ ਸਲੈਮ ਦਾ ਸੁਪਨਾ ਚਕਨਾਚੂਰ ਹੋ ਗਿਆ। ਦਰਸ਼ਕਾਂ ’ਚ ਸਟੀਫਨ ਕਰੀ, ਲਾਇਲਜ਼, ਲੇਵਿਸ ਹੈਮਿਲਟਨ ਤੇ ਅੰਨਾ ਵਿਨਟੌਰ ਵੀ ਸਨ। ਇਹ ਇਕਲੌਤਾ ਗ੍ਰੈਂਡ ਸਲੈਮ ਹੈ ਜਿਸ ਨੂੰ 2020 ਵਿਚ ਆਈ ਕੋਵਿਡ-19 ਸਮੇਂ ਵੀ ਇਸ ਨੇ ਨਿਰੰਤਰ ਸਫ਼ਰ ਜਾਰੀ ਰੱਖਿਆ।

ਫਾਈਨਲ ਤੱਕ ਦਾ ਸਫ਼ਰ

ਪਹਿਲਾ ਦੌਰ: ਪ੍ਰਿਸਿਲਾ ਹੋਨ (ਆਸਟਰੇਲੀਆ) ਨੂੰ 6-3, 6-3 ਨਾਲ ਹਰਾਇਆ, ਦੂਜਾ ਦੌਰ ਵਿਚ ਲੂਸੀਆ ਬ੍ਰੋਨਜ਼ੇਟੀ (ਇਟਲੀ) ਨੂੰ 6-3, 6-1 ਨੂੰ, ਤੀਜੇ ਦੌਰ ਵਿੱਚ 29-ਏਕਾਟੇਰੀਨਾ ਅਲੈਗਜ਼ੈਂਡਰੋਵਾ (ਰੂਸ) ਨੂੰ 2-6, 6-1 6-2 ਨੂੰ, ਚੌਥਾ ਗੇੜ ਵਿਚ 33-ਏਲੀਸ ਮਰਟੇਨਜ਼ (ਬੈਲਜੀਅਮ) ਨੂੰ 6-2, 6-4 ਨੂੰ, ਕੁਆਰਟਰ ਫਾਈਨਲ: 7-ਝੇਂਗ ਕਿਨਵੇਨ (ਚੀਨ) ਨੂੰ 6-1, 6-2 ਨੂੰ ਤੇ ਸੈਮੀਫਾਈਨਲ ਵਿਚ 13-ਏਮਾ ਨਵਾਰੋ (ਅਮਰੀਕਾ) ਨੂੰ 6-3, 7-6(2) ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਸਬਲੇਂਕਾ ਓਪਨ ਯੁੱਗ ਵਿਚ ਕਿਮ ਕਲਾਈਸਟਰਸ (2010), ਸੇਰੇਨਾ ਵਿਲੀਅਮਜ਼ (2014) ਅਤੇ ਕੋਕੋ ਗੌਫ (2023) ਦੇ ਸਮੇਤ ਇੱਕੋ ਸੀਜ਼ਨ ਵਿਚ ਸਿਨਸਿਨਾਟੀ ਅਤੇ ਯੂ.ਐਸ ਓਪਨ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤਣ ਵਾਲੀ ਚੌਥੀ ਖਿਡਾਰਨ ਬਣ ਗਈ ਹੈ।

ਨਾਲ ਹੀ, ਮੋਨਿਕਾ ਸੇਲੇਸ (1991,92), ਸਟੈਫੀ ਗ੍ਰਾਫ (1988, 89), ਐਂਜੇਲਿਕ ਕਰਬਰ (2016) ਅਤੇ ਮਾਰਟੀਨਾ ਹਿੰਗਿਸ (1997) ਤੋਂ ਬਾਅਦ ਸਬਲੇਂਕਾ ਨੂੰ ਓਪਨ ਯੁੱਗ ਵਿਚ ਪੰਜਵੀਂ ਅਜਿਹੀ ਖਿਡਾਰਣ ਬਣਨ ਦਾ ਮਾਣ ਵੀ ਮਿਲਿਆ ਜਿਸ ਨੇ ਉਸੇ ਸੀਜ਼ਨ ਦੌਰਾਨ ਮਹਿਲਾ ਸਿੰਗਲਜ਼ ਵਿਚ ਹਾਰਡਕੋਰਟ ਗ੍ਰੈਂਡ ਸਲੈਮ(ਆਸਟ੍ਰੇਲੀਆ ਅਤੇ ਯੂ. ਐਸ ਉਪਨ) ਦੇ ਦੋਵੇਂ ਖ਼ਿਤਾਬ ਆਪਣੇ ਨਾਮ ਕੀਤੇ ਹਨ। ਜੇਕਰ ਉਸ ਦੇ ਕੁਲ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਹੁਣ ਤੱਕ ਇਸ ਬੇਲਾਰੂਸੀ ਖਿਡਾਰਣ ਨੇ 2023 ਵਿੱਚ ਆਸਟ੍ਰੇਲੀਅਨ ਓਪਨ, 2024 ਵਿਚ ਆਸਟ੍ਰੇਲੀਆ ਤੇ ਯੂਐਸ ਓਪਨ 2024 ਤੋਂ ਇਲਾਵਾ, ਮਹਿਲਾ ਡਬਲਜ਼ ਵਿਚ; 2019 ਯੂ.ਐਸ ਓਪਨ ਅਤੇ 2021 ਆਸਟ੍ਰੇਲੀਅਨ ਓਪਨ ਵਿਚ ਵੀ ਦੋ ਵੱਡੇ ਡਬਲਜ਼ ਖ਼ਿਤਾਬ ਜਿੱਤੇ ਹਨ। ਉਸ ਨੇ ਕਰੀਅਰ ਦੇ ਕੁੱਲ 22 ਖ਼ਿਤਾਬ ਜਿੱਤੇ ਹਨ ਜਿਸ ਵਿਚ 16 ਸਿੰਗਲਜ਼ ਅਤੇ 6 ਡਬਲਜ਼ ਖਿਤਾਬ ਸ਼ਾਮਿਲ ਹਨ।

ਸਾਂਝਾ ਕਰੋ

ਪੜ੍ਹੋ

ਬਾਲ ਵਿਆਹ ਕਾਨੂੰਨੀ ਅਪਰਾਧ ਹੈ – ਸਿਵਿਲ

  *ਸਮੇਂ ਸਮੇਂ ਤੇ ਲੋਕਾ ਨੂੰ ਜਾਗਰੂਕ ਕੀਤਾ ਜਾਵੇਗਾ –...