ਤਾਜ਼ਾ ਖ਼ਬਰਾਂ

ਸੈਂਟਰਲ ਵੈਲੀ ਪੰਜਾਬੀ ਸੁਸਾਇਟੀ ਵੱਲੋਂ ਖ਼ੂਬ ਰੌਣਕਾਂ ਲੱਗੀਆਂ- ਲੇਥਰੋਪ ਤੀਆਂ ਤੇ

ਰਿਪੋਰਟ ਅੱਜ ਦਾ ਪੰਜਾਬ, 20 ਸਤੰਬਰ – ਅੱਜ ਕੱਲ੍ਹ ਅਮਰੀਕਾ ਦੇ ਸੂਬੇ ਕੈਲੇਫੋਰਨੀਆਂ ਦੇ ਬਹੁਤੇ ਸ਼ਹਿਰਾਂ ਵਿੱਚ ਬੀਬੀਆਂ ਦਾ ਮਨੋਰੰਜਨ ਮੇਲਾ ‘ਤੀਆਂ ਦਾ ਮੇਲਾ’ ਨਾ ਹੇਠ ਬੜੇ ਹੀ ਚਾਵਾਂ ਨਾਲ ਮਨਾਇਆ ਜਾਂਦਾ ਹੈ। ਵਿਦੇਸ਼ੀ ਧਰਤੀ ‘ਤੇ ਕੰਮ ਕਰਦੀਆਂ ਬੀਬੀਆਂ ਮੌਸਮ, ਕੰਮ ਤੇ ਸਮੇਂ ਦੀ ਲੋੜ ਮੁਤਾਬਿਕ ਕੱਪੜੇ ਪਹਿਨਦੀਆਂ ਹਨ ਪਰ ਇਨ੍ਹਾਂ ਮੇਲਿਆਂ ਤੇ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਰੰਗ ਵਿੱਚ ਰੰਗੀਆਂ ਦਿਖਾਈ ਦਿੰਦੀਆਂ ਹਨ।

ਪੰਜਾਬੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ, ਪਜਾਮੀਆਂ, ਪਲਾਜ਼ੋ ਤੇ ਘੱਗਰੇ ਵੱਖਰਾ ਹੀ ਰੰਗ ਪੇਸ਼ ਕਰਦੇ ਹਨ। ਪੰਜਾਬੀ ਜੁੱਤੀਆਂ ਪੈਰਾਂ ‘ਚ ਚੀਕੂ-ਚੀਕੂ ਕਰਦੀਆਂ ਹਨ। ਕਲਿੱਪ ਝੁੰਮਰ , ਸੂਈਆਂ ਤੇ ਪਰਾਂਦੇ ਕਿਆ ਕਹਿਣਾ।

ਗੱਲ ਕੀ ਢਾਈ ਕੁ ਸਾਲ ਦੀਆਂ ਬੱਚੀਆਂ ਤੋਂ ਲੈ ਕੇ 92 ਸਾਲ ਤੱਕ ਦੀਆਂ ਬੀਬੀਆਂ ਨੂੰ ਵਰ੍ਹੇ ਪਿੱਛੋਂ ਖੁੱਲ ਕੇ ਨੱਚਣ-ਟੱਪਣ ਦਾ ਦਿਨ ਮਿਲਦਾ ਹੈ। ਪੰਜਾਬੀ ਖਾਣਾ, ਪੰਜਾਬੀ ਗਾਣਾ ਤੇ ਪੰਜਾਬੀ ਨਾਚ-ਗਿੱਧਾ ਭੰਗੜਾ ਵੱਖਰਾ ਹੀ ਦ੍ਰਿਸ਼ ਪੇਸ਼ ਕਰਦੇ ਹਨ। ਇਸ ਸਾਲ ਪਹਿਲੀ ਵਾਰ ਕੈਲੇਫੋਰਨੀਆਂ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਲੇਥਰੋਪ ਵਿਖੇ ਇਹ ਮੇਲਾ ਲੱਗਿਆ।

ਇਸਦਾ ਪ੍ਰਬੰਧ ਦੋ ਸਹੇਲੀਆਂ ਗਗਨ ਤੇ ਉਪਕਾਰ ਵੱਲੋਂ ਆਪਣੀਆਂ ਸਹਿਯੋਗਣਾਂ ਨਾਲ ਮਿਲ ਕੇ ਕੀਤਾ ਗਿਆ। ਖ਼ੂਬਸੂਰਤ ਹਾਲ ‘ਲੇਥਰੋਪ ਕਮਿਊਨਿਟੀ ਸੈਂਟਰ’। ਏ.ਸੀ. ਹਾਲ। ਖੁੱਲ੍ਹੀਆਂ ਸਟਾਲਾਂ, ਫੂਡ ਦੇ ਬੂਥ, ਗੋਲਗੱਪੇ ਤੇ ਕਰਾਰੇ ਲੱਡੂ ਕਿਆ ਕਹਿਣੇ।

ਠੀਕ 11 ਵਜੇ ਆਸ਼ਾ ਸ਼ਰਮਾ ਨੇ ਸਟੇਜ ਸ਼ੁਰੂ ਕੀਤੀ। ਸੁਹਾਗ, ਘੋੜੀਆਂ, ਸਿੱਠਣੀਆਂ ਤੇ ਬੋਲੀਆਂ ਨਾਲ ਹਾਲ ਗੂੰਜ ਉਠਿਆ। ਫਿਰ ਇੱਕ ਤੋਂ ਵੱਧ ਕੇ ਇੱਕ ਪੇਸ਼ਕਾਰੀਆਂ ਹੋਈਆਂ। ਹਰਜੋਤ ਸੰਧੂ, ਵੱਸਦਾ ਪੰਜਾਬ,ਕੋਹਿਨੂਰ ਗਰੁੱਪ, ਸ਼ਹਿਜ਼ਾਦੇ ਭੰਗੜਾ, ਡਰੀਮ ਡਾਂਸ ਸਟੂਡੀਓ, ਨੱਚਦੀਆਂ ਮੁਟਿਆਰਾਂ, ਆਰ.ਪੀ, ਡੀ, ਕੂੰਜਾਂ, ਉਂਕਾਰ ਤੇ ਗਗਨ ਦੀ ਵਿਸੇਸ਼ ਆਇਟਮਸ, ਸੈਂਟਾ ਕਲਾਰਾ ਤੀਆਂ ਟੀਮ ਵੱਲੋਂ ਵਿਸ਼ੇਸ਼ ਪੇਸ਼ਕਾਰੀ, ਮੜਕ ਪੰਜਾਬਣਾਂ ਦੀ, ਡਿਊਟ ਮੀਨਾ ਤੇ ਬਲਵਿੰਦਰ, ਸੁੱਖੀ ਭੰਗਲ ਤੇ ਟੀਮ ਵੱਲੋਂ ਸਕਿੱਟ, ਨਿੱਕੀਆਂ ਨੱਚਦੀਆਂ ਮੁਟਿਆਰਾਂ, ਵਿਹੜਾ ਸ਼ਗਨਾਂ ਦਾ, ਸੋਹਣੀਆਂ ਸੁਨੱਖੀਆਂ (ਸੰਜਨਾ), ਨਾਜ਼ ਖਾਨ ਵੱਲੋਂ ਬਕਮਾਲ ਗੀਤ, ਧੀਆਂ ਘਰ ਦੀ ਰੌਣਕ ਤੇ ਲੇਥਰੋਪ ਗਿੱਧਾ।

ਦਰਸ਼ਕ ਅਸ਼-ਅਸ਼ ਕਰ ਉੱਠੇ। ਲੇਥਰੋਪ ਦੇ ਮੇਅਰ ਸੋਨੀ ਧਾਲੀਵਾਲ ਅਤੇ ਮਨਟੀਕਾ ਦੇ ਮੇਅਰ ਗੈਰੀ ਸਿੰਘ ਵਿਸ਼ੇਸ਼ ਤੌਰ ਤੇ ਕੁਝ ਮਿੰਟਾਂ ਲਈ ਆਪਣੇ ਪਰਿਵਾਰ ਸਮੇਤ ਪਹੁੰਚੇ। ਪੈਮ ਦੇ ਚੇਅਰਮੈਨ ਟੋਨੀ ਧਾਲੀਵਾਲ ਤੇ ਉਹਨਾ ਦਾ ਪਰਿਵਾਰ ਵੀ। ਲੇਥਰੋਪ ਦੇ ਮੇਅਰ ਸੋਨੀ ਧਾਲੀਵਾਲ ਵੱਲੋਂ ਪ੍ਰਬੰਧਕ ਗਗਨ ਕੌਰ ਤੇ ਉਂਕਾਰ ਕੌਰ ਅਤੇ ਆਸ਼ਾ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਪ੍ਰਬੰਧਕਾਂ ਵੱਲੋਂ ਸਾਰੇ ਸਪਾਂਸਰਾਂ ਦੇ ਮਾਨ ਸਨਮਾਨ ਹੋਏ। ਫੋਟੋਗ੍ਰਾਫੀ ਦੀ ਰਾਜ ਬਡਵਾਲ, ਵੀਡੀਓ ਕਰਨ, ਡੀ.ਜੇ ਅਰਮਾਨ ਨੇ ਸੇਵਾ ਨਿਭਾਈ। ਜਿਥੇ ਗਗਨ ਤੇ ਉਪਕਾਰ ਵਧਾਈ ਦੀਆਂ ਪਾਤਰ ਹਨ, ਉਥੇ ਮੀਨਾ ਚੰਡੋਕ, ਰਿੰਪੀ ਤੇ ਬਿੰਦੂ ਦਾ ਵੀ ਵਿਸ਼ੇਸ਼ ਧੰਨਵਾਦ ਕਰਨਾ ਬਣਦਾ ਹੈ।

ਸਾਂਝਾ ਕਰੋ

ਪੜ੍ਹੋ