ਤਾਜ਼ਾ ਖ਼ਬਰਾਂ

ਆਈਸੀਸੀ ਵੱਲੋਂ ਮਹਿਲਾ ਟੀਮਾਂ ਨੂੰ ਪੁਰਸ਼ਾਂ ਦੇ ਬਰਾਬਰ ਇਨਾਮੀ ਰਾਸ਼ੀ ਦੇਣ ਦਾ ਐਲਾਨ

ਦੁਬਈ, 17 ਸਤੰਬਰ – ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਵਿਸ਼ਵ ਕੱਪ ਵਿੱਚ ਹੁਣ ਪੁਰਸ਼ਾਂ ਅਤੇ ਮਹਿਲਾ ਟੀਮਾਂ ਨੂੰ ਬਰਾਬਰ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਦੀ ਸ਼ੁਰੂਆਤ ਅਗਲੇ ਮਹੀਨੇ ਸੰਯੁਕਤ ਅਰਬ ਅਮੀਰਾਤ ’ਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਤੋਂ ਹੋਵੇਗੀ। ਮਹਿਲਾ ਟੀ-20 ਵਿਸ਼ਵ ਕੱਪ ਦੀ ਕੁੱਲ ਇਨਾਮੀ ਰਾਸ਼ੀ ਹੁਣ 7,958,080 ਡਾਲਰ ਹੋਵੇਗੀ, ਜੋ ਪਿਛਲੇ ਸਾਲ ਖੇਡੇ ਗਏ ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ 24 ਲੱਖ 50 ਹਜ਼ਾਰ ਡਾਲਰ ਤੋਂ 225 ਫੀਸਦ ਜ਼ਿਆਦਾ ਹੈ। ਆਈਸੀਸੀ ਦੇ ਬਿਆਨ ਮੁਤਾਬਕ ਇਸ ਇਨਾਮੀ ਰਾਸ਼ੀ ’ਚੋਂ ਮਹਿਲਾ ਟੀ-20 ਵਿਸ਼ਵ ਕੱਪ ਜੇਤੂ ਟੀਮ ਨੂੰ 23 ਲੱਖ 40 ਹਜ਼ਾਰ ਅਮਰੀਕੀ ਡਾਲਰ ਮਿਲਣਗੇ। ਆਸਟਰੇਲੀਆ ਨੂੰ ਪਿਛਲੇ ਸਾਲ ਦੱਖਣੀ ਅਫਰੀਕਾ ਵਿੱਚ ਖੇਡੇ ਗਏ ਮਹਿਲਾ ਟੀ-20 ਵਿਸ਼ਵ ਕੱਪ ਜਿੱਤਣ ਲਈ 10 ਲੱਖ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਮਿਲੀ ਸੀ। ਇਸ ਤਰ੍ਹਾਂ ਇਸ ’ਚ 134 ਫੀਸਦ ਦਾ ਵਾਧਾ ਹੋਇਆ ਹੈ। ਭਾਰਤੀ ਪੁਰਸ਼ ਟੀਮ ਨੂੰ ਇਸ ਸਾਲ ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਦਾ ਜੇਤੂ ਬਣਨ ਲਈ 24 ਲੱਖ 50 ਹਜ਼ਾਰ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਮਿਲੀ ਸੀ। ਆਈਸੀਸੀ ਨੇ ਕਿਹਾ, ‘ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2024 ਪਹਿਲਾ ਆਈਸੀਸੀ ਟੂਰਨਾਮੈਂਟ ਹੋਵੇਗਾ, ਜਿਸ ਵਿੱਚ ਮਹਿਲਾ ਟੀਮ ਨੂੰ ਵੀ ਪੁਰਸ਼ਾਂ ਦੇ ਬਰਾਬਰ ਇਨਾਮੀ ਰਾਸ਼ੀ ਮਿਲੇਗੀ। ਇਹ ਖੇਡ ਦੇ ਇਤਿਹਾਸ ਵਿੱਚ ਅਹਿਮ ਪ੍ਰਾਪਤੀ ਹੋਵੇਗੀ।’ ਬਿਆਨ ਅਨੁਸਾਰ, ‘ਇਹ ਫ਼ੈਸਲਾ ਜੁਲਾਈ 2023 ਵਿੱਚ ਆਈਸੀਸੀ ਦੀ ਸਾਲਾਨਾ ਮੀਟਿੰਗ ਵਿੱਚ ਲਿਆ ਗਿਆ ਸੀ।

ਸਾਂਝਾ ਕਰੋ

ਪੜ੍ਹੋ