ਮਨੀਪੁਰ ’ਚ ਇੰਟਰਨੈੱਟ ਬੰਦ, ਦੋ ਜ਼ਿਲ੍ਹਿਆਂ ’ਚ ਕਰਫਿਊ

ਇੰਫਾਲ, 11 ਸਤੰਬਰ – ਮਨੀਪੁਰ ਦੇ ਡੀ ਜੀ ਪੀ ਤੇ ਸੁਰੱਖਿਆ ਸਲਾਹਕਾਰ ਨੂੰ ਹਟਾਉਣ ਦੀ ਮੰਗ ਕਰ ਰਹੇ ਵਿਦਿਆਰਥੀਆਂ ਦੀ ਮੰਗਲਵਾਰ ਇੱਥੇ ਸੁਰੱਖਿਆ ਬਲਾਂ ਨਾਲ ਝੜਪ ਹੋ ਜਾਣ ਤੋਂ ਬਾਅਦ ਸਰਕਾਰ ਨੇ ਇੰਟਰਨੈੱਟ ਸੇਵਾ ਛੇ ਦਿਨਾਂ ਲਈ ਬੰਦ ਕਰ ਦਿੱਤੀ। ਦੋ ਜ਼ਿਲ੍ਹਿਆਂ ਇੰਫਾਲ ਪੂਰਬੀ ਤੇ ਪੱਛਮੀ ’ਚ ਕਰਫਿਊ ਲਗਾ ਦਿੱਤਾ ਗਿਆ ਹੈ, ਤਾਂ ਜੋ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਥੌਬਲ ’ਚ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਸਵੇਰੇ ਰਾਜ ਭਵਨ ਵੱਲ ਵਧ ਰਹੇ ਵਿਦਿਆਰਥੀਆਂ ਤੇ ਮਹਿਲਾਵਾਂ ਨੂੰ ਰੋਕਣ ਲਈ ਸੁਰੱਖਿਆ ਬਲਾਂ ਨੇ ਹੰਝੂ ਗੈਸ ਵੀ ਛੱਡੀ। ਇਸੇ ਦੌਰਾਨ ਕਾਂਗਪੋਕਪੀ ਜ਼ਿਲ੍ਹੇ ’ਚ ਦੋ ਹਥਿਆਰਬੰਦ ਗਰੁੱਪਾਂ ਵਿਚਾਲੇ ਸੰਘਰਸ਼ ’ਚ ਫਸੀ ਇਕ 46 ਸਾਲਾ ਮਹਿਲਾ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਨੂੰ ਦੂਰ-ਦੁਰਾਡੇ ਦੇ ਥਾਂਗਬੂਹ ਪਿੰਡ ’ਚ ਵਾਪਰੀ। ਪਿੰਡ ’ਚ ਕੁਝ ਮਕਾਨਾਂ ’ਚ ਅੱਗ ਵੀ ਲਗਾ ਦਿੱਤੀ ਗਈ, ਜਿਸ ਨਾਲ ਸਥਾਨਕ ਲੋਕਾਂ ਨੂੰ ਨੇੜਲੇ ਜੰਗਲਾਂ ’ਚ ਪਨਾਹ ਲੈਣੀ ਪਈ। ਮਿ੍ਰਤਕ ਮਹਿਲਾ ਦੀ ਪਛਾਣ ਨੇਮਜਾਖੋਲ ਲਹੂੰਗਡਿਮ ਵਜੋਂ ਹੋਈ ਹੈ। ਚੁਰਾਚਾਂਦਪੁਰ ਜ਼ਿਲ੍ਹਾ ਹਸਪਤਾਲ ’ਚ ਪੋਸਟਮਾਰਟਮ ਤੋਂ ਬਾਅਦ ਮਹਿਲਾ ਦੀ ਲਾਸ਼ ਉਸ ਦੇ ਪਰਵਾਰ ਨੂੰ ਸੌਂਪ ਦਿੱਤੀ ਗਈ। ਪੁਲਸ ਮੁਤਾਬਕ ਦੋਵੇਂ ਧਿਰਾਂ ਵਿਚਾਲੇ ਹੋਏ ਸੰਘਰਸ਼ ਦੌਰਾਨ ਵੱਡੀ ਗਿਣਤੀ ’ਚ ਸ਼ਕਤੀਸ਼ਾਲੀ ਬੰਬਾਂ ਦਾ ਇਸਤੇਮਾਲ ਕੀਤਾ ਗਿਆ।

ਸਾਂਝਾ ਕਰੋ

ਪੜ੍ਹੋ