ਯੇਰੂਸ਼ਲਮ, 3 ਸਤੰਬਰ ਗਾਜ਼ਾ ’ਚ ਬੰਦੀ ਬਣਾਏ ਲੋਕਾਂ ਦੀ ਵਾਪਸੀ ’ਚ ਨਾਕਾਮ ਰਹਿਣ ’ਤੇ ਇਜ਼ਰਾਈਲ ’ਚ ਲੋਕਾਂ ਨੇ ਸਰਕਾਰ ਖ਼ਿਲਾਫ਼ ਰੋਸ ਵਜੋਂ ਅੱਜ ਹੜਤਾਲ ਕੀਤੀ। ਦੇਸ਼ ’ਚ ਮੁੱਖ ਕੌਮਾਂਤਰੀ ਹਵਾਈ ਅੱਡੇ ਸਮੇਤ ਜ਼ਿਆਦਾਤਰ ਥਾਵਾਂ ’ਤੇ ਦੁਕਾਨਾਂ ਅਤੇ ਹੋਰ ਅਦਾਰੇ ਬੰਦ ਰਹੇ। ਉਂਜ ਕੁਝ ਇਲਾਕਿਆਂ ’ਚ ਬੰਦ ਦਾ ਅਸਰ ਘੱਟ ਹੀ ਦੇਖਣ ਨੂੰ ਮਿਲਿਆ ਜਿਸ ਕਾਰਨ ਮੁਲਕ ਅੰਦਰ ਸਿਆਸੀ ਵੰਡੀਆਂ ਵੀ ਉਜਾਗਰ ਹੋ ਗਈਆਂ ਹਨ। ਗਾਜ਼ਾ ’ਚ ਛੇ ਬੰਦੀਆਂ ਦੀਆਂ ਲਾਸ਼ਾਂ ਮਿਲਣ ਮਗਰੋਂ ਐਤਵਾਰ ਨੂੰ ਹਜ਼ਾਰਾਂ ਇਜ਼ਰਾਇਲੀ ਸੜਕਾਂ ’ਤੇ ਆ ਗਏ ਸਨ। ਬੰਦੀਆਂ ਦੇ ਪਰਿਵਾਰਾਂ ਅਤੇ ਆਮ ਲੋਕਾਂ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਜੇ ਉਸ ਨੇ ਹਮਾਸ ਨਾਲ ਸਮਝੌਤਾ ਕਰ ਲਿਆ ਹੁੰਦਾ ਤਾਂ ਉਨ੍ਹਾਂ ਦੇ ਜੀਅ ਅੱਜ ਜਿਊਂਦਾ ਘਰ ਪਰਤ ਆਉਂਦੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਬਾਕੀ ਬਚੇ ਬੰਦੀਆਂ ਦੀ ਰਿਹਾਈ ਯਕੀਨੀ ਬਣਾਉਣ ਲਈ ਹਮਾਸ ਨਾਲ ਗੋਲੀਬੰਦੀ ਦਾ ਸਮਝੌਤਾ ਕਰੇ। ਗਾਜ਼ਾ ਪੱਟੀ ’ਚ ਫਲਸਤੀਨੀ ਸਿਹਤ ਅਧਿਕਾਰੀਆਂ ਅਤੇ ਸੰਯੁਕਤ ਰਾਸ਼ਟਰ ਏਜੰਸੀਆਂ ਨੇ ਐਤਵਾਰ ਨੂੰ ਵੱਡੇ ਪੱਧਰ ’ਤੇ ਮੁਹਿੰਮ ਚਲਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ। ਖ਼ਿੱਤੇ ’ਚ ਪੋਲੀਓ ਮਹਾਮਾਰੀ ਨਾ ਫੈਲਣ ਦੇਣ ਦੇ ਇਰਾਦੇ ਨਾਲ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕਰੀਬ 640,000 ਬੱਚਿਆਂ ਨੂੰ ਬੁੱਧਵਾਰ ਤੱਕ ਪੋਲੀਓ ਬੂੰਦਾਂ ਪਿਲਾਉਣ ਦੀ ਯੋਜਨਾ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਐਤਵਾਰ ਨੂੰ 72,600 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।