ਮਾਓਰੀ ਭਾਈਚਾਰੇ ਲਈ ਮਾਓਰੀ ਭਾਸ਼ਾ ’ਚ ਗੁਰਬਾਣੀ ਦੀ ਪਹਿਲੀ ਸੌਗਾਤ ਜਪੁ ਜੀ ਸਾਹਿਬ


-ਨਿਊਜ਼ੀਲੈਂਡ ਕੌਂਸਿਲ ਆਫ ਸਿੱਖ ਅਫੇਅਰਜ਼ ਦਾ ਨਿਰਾਲਾ ਉਪਰਾਲਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 30 ਅਗਸਤ 2024 ਅਕਸਰ ਇਹ ਸ਼ਿਕਵਾ ਬਣਿਆ ਰਹਿੰਦਾ ਹੈ ਕਿ ਸਰਬ ਸਾਂਝੀ ਪਵਿੱਤਰ ਗੁਰਬਾਣੀ ਦਾ ਜਿੰਨਾ ਪ੍ਰਚਾਰ ਅਤੇ ਪ੍ਰਸਾਰ ਸਿੱਖ ਕੌਮ ਕਰ ਸਕਦੀ ਸੀ, ਓਨਾ ਨਹੀਂ ਕਰ ਸਕੀ। ਸਾਧਨਾ ਦਾ ਬਹਾਨਾ ਲਾ ਕੇ ਪਾਸਾ ਵੱਟਣਾ ਹੋਵੇ ਤਾਂ ਸਾਡੀਆਂ ਸੰਸਥਾਵਾਂ ਦੇ ਲਈ ਇਹ ਸੰਗਤ ਵਿਚ ਪ੍ਰਵਾਨਯੋਗ ਨਹੀਂ ਮੰਨਿਆ ਜਾ ਸਕਦਾ। ਇਸਦੇ ਉਲਟ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਛੋਟੀਆਂ ਸਿੱਖ ਸੰਸਥਾਵਾਂ ਦਾ ਸਾਰਥਿਕ ਉਦਮ ਜ਼ਰੂਰ ਸ਼ਾਬਾਸ਼ੀ ਦਾ ਹੱਕਦਾਰ ਕਿਹਾ ਜਾ ਸਕਦਾ ਹੈ, ਜਿਨ੍ਹਾਂ ਨੇ ਗੁਰਬਾਣੀ ਨੂੰ ਦੂਸਰੀਆਂ ਭਾਸ਼ਾਵਾਂ ਦੇ ਵਿਚ ਅਨੁਵਾਦ ਅਤੇ ਪ੍ਰਕਾਸ਼ਿਤ ਕਰਵਾ ਕੇ ਪ੍ਰਮਾਤਮਾ ਦੀ ਕ੍ਰਿਪਾ ਦਾ ਪਾਤਰ ਬਨਣ ਦਾ ਸੁਭਾਗ ਪ੍ਰਾਪਤ ਕੀਤਾ ਹੈ। ‘ਦਾ ਨਿਊਜ਼ੀਲੈਂਡ ਕੌਂਸਿਲ ਆਫ਼ ਸਿੱਖ ਅਫ਼ੇਅਰਜ਼’ ਨੇ ਅਜਿਹਾ ਹੀ ਉਦਮ ਕਰਕੇ ਪਹਿਲ ਕੀਤੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲੀ ਬਾਣੀ ‘ਜਪੁ ਜੀ’ ਸਾਹਿਬ ਨੂੰ ਮਾਓਰੀ ਭਾਸ਼ਾ ਦੇ ਵਿਚ ਅਨੁਵਾਦ ਕਰਵਾ ਕੇ ਏ-4 ਸਾਈਜ਼ ਵਿਚ ਤਿਆਰ ਕੀਤਾ ਹੈ। ਉਦੇਸ਼ ਹੈ ਕਿ ਨਿਊਜ਼ੀਲੈਂਡ ਦੇ ਮੂਲ ਵਸਨੀਕਾਂ (ਮਾਓਰੀ ਭਾਈਚਾਰੇ) ਨੂੰ ਦੱਸ ਸਕੀਏ ਕਿ ਸਾਡੇ ਪਵਿੱਤਰ ਗ੍ਰੰਥ ਦੀ ਪਹਿਲੀ ਬਾਣੀ ‘ਜਪੁ ਜੀ’ ਸਾਹਿਬ ਸਾਨੂੰ ਕੀ ਸਿੱਖਿਆ ਤੇ ਸੰਦੇਸ਼ ਦਿੰਦੀ ਹੈ। ਅਸੀਂ ਕਿਉਂ ਇਸ ਨੂੰ ਆਰੰਭ ਦੇ ਵਿਚ ਪੜ੍ਹਦੇ ਹਾਂ। ਬਹੁਕੌਮੀ ਇਸ ਮੁਲਕ ਦੇ ਵਿਚ ਜਿੱਥੇ ਸਾਡੇ ਧਾਰਮਿਕ ਹੱਕਾਂ ਦੀ ਖੁੱਲ੍ਹ ਹੈ, ਉਥੇ ਬਹੁ ਸਭਿਆਚਾਰਕ ਸਾਂਝਾ ਵੀ ਇਕ ਚੰਗਾ ਸਮਾਜ ਸਿਰਜਦੀਆਂ ਹਨ। ਇਹ ਉਦਮ ਸਥਾਨਕ ਭਾਈਚਾਰੇ ਦੇ ਵਿਚ ਸਾਡੇ ਵਿਸ਼ਵਾਸ਼ ਦੇ ਅਧਾਰ ਨੂੰ ਵੀ ਪ੍ਰਗਟ ਕਰੇਗਾ। 04 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 421 ਵਾਂ ਪਹਿਲਾ ਪ੍ਰਕਾਸ਼ ਪੁਰਬ ( 01 ਸਤੰਬਰ 1604 ਵੀਹ ਭਾਦੋਂ) ਵੀ ਆ ਰਿਹਾ ਹੈ ਅਤੇ ਇਸ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਵੀ ਰਹੇਗਾ। ਸ. ਬਿਕਰਮ ਸਿੰਘ ਮਝੈਲ, ਸ. ਗੁਰਤੇਜ ਸਿੰਘ ਵਲਿੰਗਟਨ, ਸ. ਤੇਜਵੀਰ ਸਿੰਘ ਅਤੇ ਰਾਣਾ ਜੱਜ ਹੋਰਾਂ ਨੇ ਇਸ ਪਵਿੱਤਰ ਜਪੁ ਜੀ ਸਾਹਿਬ ਨੂੰ ਮਾਓਰੀ ਭਾਸ਼ਾ ਦੇ ਵਿਚ ਪ੍ਰਕਾਸ਼ਿਤ ਕਰਵਾ ਕੇ ਛੋਟਾ ਗੁਟਕਾ ਤਿਆਰ ਕਰਵਾਇਆ ਹੈ ਜਿਸ ਨੂੰ ਪਹਿਲੀ ਸਤੰਬਰ 2024 ਨੂੰ ਰੇਡੀਓ ਸਪਾਈਸ ਸਟੂਡੀਓ ਵਿਖੇ ਸਵੇਰੇ 11 ਵਜੇ ਸੰਗਤ ਦੀ ਝੋਲੀ ਪਾਇਆ ਜਾਵੇਗਾ। ਮਾਓਰੀ ਭਾਈਚਾਰੇ ਦੇ ਮੁਖੀ ਕੌਮਾਤੁਆ ਵੀ ਇਸ ਮੌਕੇ ਪਹੁੰਚਣਗੇ।

ਸਾਂਝਾ ਕਰੋ

ਪੜ੍ਹੋ

ਪੰਜਾਬ ਦੇ ਇਸ ਜ਼ਿਲ੍ਹੇ ’ਚ 23 ਸਤੰਬਰ

ਫਰੀਦਕੋਟ ‘ਚ ਬਾਬਾ ਸ਼ੇਖ ਫਰੀਦ ਜੀ ਦੇ ਅਗਮਨ ਪੁਰਬ-2024 ਮੌਕੇ...