ਮੋਦੀ ਵਲੋਂ ਜ਼ੇਲੈਂਸਕੀ ਨੂੰ ਪੂਤਿਨ ਨਾਲ ਮਿਲ-ਬੈਠਕੇ ਜੰਗ ਖ਼ਤਮ ਕਰਨ ਦੀ ਸਲਾਹ

ਕੀਵ 24 ਅਗਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ’ਤੇ ਜ਼ੋਰ ਦਿੱਤਾ ਕਿ ਉਹ ਜੰਗ ਖਤਮ ਕਰਨ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮਿਲ-ਬੈਠਣ ਅਤੇ ਭਾਰਤ ਅਮਨ ਦੀਆਂ ਕੋਸ਼ਿਸ਼ਾਂ ’ਚ ਦੋਸਤ ਵਾਲਾ ਰੋਲ ਨਿਭਾਉਣ ਲਈ ਤਿਆਰ ਹੈ। ਦੋਹਾਂ ਆਗੂਆਂ ਵੱਲੋਂ ਪੱਤਰਕਾਰਾਂ ਨੂੰ ਦਿੱਤੇ ਗਏ ਸਾਂਝੇ ਬਿਆਨ ਦੌਰਾਨ ਮੋਦੀ ਨੇ ਕਿਹਾ ਕਿ ਉਹ ਅਮਨ ਦੇ ਸੁਨੇਹੇ ਨਾਲ ਕੀਵ ਆਏ ਅਤੇ ਦੋਹਾਂ ਦੇਸ਼ਾਂ ਨੂੰ ਛੇਤੀ ਤੋਂ ਛੇਤੀ ਗੱਲਬਾਤ ਕਰਨੀ ਚਾਹੀਦੀ ਹੈ। ਜ਼ੇਲੈਂਸਕੀ ਨੇ ਕਿਹਾ ਕਿ ਮੋਦੀ ਦਾ ਦੌਰਾ ਬਹੁਤ ਹੀ ਦੋਸਤਾਨਾ ਤੇ ਯੂਕਰੇਨੀਆਂ ਲਈ ਬਹੁਤ ਹੀ ਅਹਿਮ ਰਿਹਾ। ਮੋਦੀ ਨੇ ਕਿਹਾ ਕਿ ਰੂਸ-ਯੂਕਰੇਨ ਜੰਗ ਦੌਰਾਨ ਭਾਰਤ ਤਮਾਸ਼ਬੀਨ ਨਹੀਂ ਰਿਹਾ ਤੇ ਸਦਾ ਅਮਨ ਦੇ ਨਾਲ ਖੜ੍ਹਿਆ ਹੈ।

ਜ਼ੇਲੈਂਸਕੀ ਨਾਲ ਗੱਲਬਾਤ ਦੌਰਾਨ ਮੋਦੀ ਨੇ ਭਾਰਤ ਦੀ ਇਹ ਪੁਜ਼ੀਸ਼ਨ ਦੁਹਰਾਈ ਕਿ ਟਕਰਾਵਾਂ ਦਾ ਹੱਲ ਗੱਲਬਾਤ ਤੇ ਕੂਟਨੀਤੀ ਨਾਲ ਹੀ ਨਿਕਲ ਸਕਦਾ ਹੈ। ਉਨ੍ਹਾ ਕਿਹਾ ਕਿ ਭਾਰਤ ਅਮਨ ਦੀਆਂ ਕੋਸ਼ਿਸ਼ਾਂ ਪ੍ਰਤੀ ਸਰਗਰਮ ਯੋਗਦਾਨ ਦੇਣ ਲਈ ਤਿਆਰ ਹੈ। ਬਾਅਦ ਵਿਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦੱਸਿਆ ਕਿ ਦੋਹਾਂ ਆਗੂਆਂ ਵਿਚਾਲੇ ਬਹੁਤੀ ਗੱਲਬਾਤ ਜੰਗ ਬਾਰੇ ਹੀ ਹੋਈ। ਇਸਤੋਂ ਇਲਾਵਾ ਵਪਾਰ, ਆਰਥਕ ਮੁੱਦਿਆਂ, ਰੱਖਿਆ, ਫਾਰਮਾਸਿਊਟੀਕਲਜ਼, ਖੇਤੀਬਾੜੀ ਤੇ ਸਿੱਖਿਆ ਦੇ ਖੇਤਰਾਂ ’ਤੇ ਵੀ ਗੱਲਬਾਤ ਹੋਈ। ਦੋਹਾਂ ਦੇਸ਼ਾਂ ਨੇ ਖੇਤੀਬਾੜੀ, ਸਿਹਤ, ਸੱਭਿਆਚਾਰ ਤੇ ਮਾਨਵਤਾਵਾਦੀ ਸਹਾਇਤਾ ਲਈ ਚਾਰ ਸਮਝੌਤਿਆਂ ’ਤੇ ਦਸਤਖਤ ਕੀਤੇ। ਮੋਦੀ ਨੇ ਪਰਵਾਸੀ ਭਾਰਤੀਆਂ ਤੇ ਯੂਕਰੇਨ ’ਚ ਪੜ੍ਹ ਰਹੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾ ਜੰਗ ਦੌਰਾਨ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲੀ ਵੀ ਦਿੱਤੀ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...