ਜੋ ਹੱਕ ਦੀ ਲਲਕਾਰ ਦੇ ਨਾਲ਼ ਖਲੋਤਾ ਏ,
ਉਹ ਅਸਲੀ ਕਿਰਦਾਰ ਦੇ ਨਾਲ਼ ਖਲੋਤਾ ਏ।
ਕਾਫ਼ਰ ਆਖਣ ਵਾਲ਼ੇ ਕਿਧਰੇ ਦਿਸਦੇ ਨਹੀਂ,
ਬੁੱਲਾ ਪੂਰੇ ਭਾਰ ਦੇ ਨਾਲ਼ ਖਲੋਤਾ ਏ ।
ਸਮਝੋ ਨਸਲ ਅਸੀਲੀ ਬੰਦਾ ਜਿਹੜਾ ਵੀ,
ਪੁਰਖਾਂ ਦੀ ਦਸਤਾਰ ਦੇ ਨਾਲ਼ ਖਲੋਤਾ ਏ।
ਯਾਰ ਨੂੰ ਲੋੜ ਜੇ ਪਈ ਤੇ ਦੁਨੀਆ ਆਖੇਗੀ,
ਵਾਹ ਬਈ ਵਾਹ ਕੋਈ ਯਾਰ ਦੇ ਨਾਲ਼ ਖਲੋਤਾ ਏ
ਹਿਲਦੀ ਪਈ ਏ ਤਾਂਹੀਓ ਨੀਂਹ ਸਰਦਾਰੀ ਦੀ,
ਕੰਮੀਆਂ ਦਾ ਪੁੱਤ ਕਾਰ ਦੇ ਨਾਲ਼ ਖਲੋਤਾ ਏ।
“ਜ਼ੈਨ” ਕਲਮ ਦੇ ਨਾਲ਼ ਮੈਂ ਬਾਜ਼ੀ ਜਿੱਤ ਲਈ ਏ,
ਉਹ ਹੈਰਾਨ ਤਲਵਾਰ ਦੇ ਨਾਲ਼ ਖਲੋਤਾ ਏ ।