ਨੋਨੀ ਮੁਹਾਰ ਦੇ ਗਿੱਧੇ ਤੇ ਕੁਲਵਿੰਦਰ ਬਿੱਲਾ ਦੇ ਗੀਤਾਂ ਨੇ ਲਾਈਆਂ ਰੌਣਕਾਂ-ਟਰੇਸੀ ਤੀਆਂ ‘ਚ

ਟਰੇਸੀ, 14 ਅਗਸਤ (ਡੇਲੀ ਅੱਜ ਦਾ ਪੰਜਾਬ ਰਿਪੋਰਟ) :     ਕੈਲੀਫੋਰਨੀਆ ਦਾ ਸੁੰਦਰ ਸ਼ਹਿਰ ਟਰੇਸੀ, ਜਿੱਥੇ ਬਹੁ-ਗਿਣਤੀ ਵਿੱਚ ਪੰਜਾਬੀ ਪਰਿਵਾਰ ਵਸਦੇ ਹਨ,ਇਸ ਸ਼ਹਿਰ ਵਿਖੇ ਹਰ ਸਾਲ ਅਗਸਤ ਮਹੀਨੇ ਦੇ ਪਹਿਲੇ ਐਤਵਾਰ ‘ਨੋਨੀ ਮੁਹਾਰ’ ਤੇ ਉਸ ਦੀ ਟੀਮ ਵੱਲੋਂ ਤੀਆਂ ਇੱਕ ਭਰਵੇਂ ਮੇਲੇ ਦੇ ਰੂਪ ਵਿੱਚ ਮਨਾਈਆਂ ਜਾਂਦੀਆਂ ਹਨ – ਜੀ ਹਾਂ,ਬੀਬੀਆਂ ਦਾ ਮਨੋਰੰਜਨ ਮੇਲਾ। ਜਿਵੇਂ ਅੱਜ-ਕੱਲ੍ਹ ਇੱਕ ਰਵਾਇਤ ਹੀ ਬਣ ਗਈ ਹੈ ਕਿ ਇਹਨਾਂ ਪਰਦੇਸਣਾਂ ਦੇ ਮਨੋਰੰਜਨ ਲਈ ਗਾਇਕ ਕਲਾਕਾਰ ਵੀ ਬੁਲਾਏ ਜਾਂਦੇ ਹਨ। ਟਰੇਸੀ ਤੀਆਂ ਵਿੱਚ ਵੀ ਪਹਿਲੀ ਵਾਰ ਬੀਬੀਆਂ ਦੇ ਮਨੋਰੰਜਨ ਲਈ ‘ਕੁਲਵਿੰਦਰ ਬਿੱਲਾ’ ਬੁਲਾਇਆ ਗਿਆ। ਇਹ ਤੀਆਂ ਦਾ ਮੇਲਾ ਚਾਰ ਅਗਸਤ ਨੂੰ ਪੁਰਤਗੀਜ਼ ਹਾਲ ਟਰੇਸੀ ਵਿਖੇ ਮਨਾਇਆ ਗਿਆ।

ਦੋ ਹਾਲ ਬੁੱਕ ਕੀਤੇ ਗਏ।ਇੱਕ ਵਿੱਚ ਸਾਰੇ ਸਟਾਲ ਲੱਗੇ ਸਨ – ਕੱਪੜੇ-ਲੀੜੇ, ਜਿਊਲਰੀ, ਖਿਡੌਣੇ ਤੇ ਹੋਰ ਬਹੁਤ ਕੁਝ। ਖਾਣ-ਪੀਣ ਦਾ ਸਟਾਲ ‘ਸੰਸਾਰ ਰੈਸਟੋਰੈਂਟ’ ਵਾਲ਼ਿਆਂ ਦਾ ਸੀ; ਗੋਲਗੱਪੇ ਆਦਿ ‘ਇਮਪੀਰੀਅਲ ਸਪਾਈਸ’ ਵਾਲ਼ਿਆਂ ਵੱਲੋਂ ਸਨ,ਜੋ ਕਿ ਖ਼ਾਸ ਖਿੱਚ ਬਣੇ ਹੋਏ ਸਨ, ਕੁਲਫੀ ਮਟਕੇ ਵਾਲ਼ੀ ‘ਸਤਵੰਤ ਸੈਣੀ’ ਦੀ ਸੀ। ਦੂਜੇ ਹਾਲ ਵਿੱਚ ਸਜੀ ਹੋਈ ਸਟੇਜ ‘ਤੇ ਖ਼ੂਬਸੂਰਤ ਸਜਾਵਟ ਸੀ ‘ਹਾਊਸ ਆਫ਼ ਗਾਰਲੈਂਡ’ ਵਾਲ਼ਿਆਂ ਦੀ ਤੇ ਹਾਲ ‘ਚ ਸਾਈਡ ਬੈਂਚਾਂ ਦੇ ਨਾਲ਼ੋਂ-ਨਾਲ਼ ਦਰਸ਼ਕ ਬੀਬੀਆਂ ਲਈ ਕੁਰਸੀਆਂ ਸਨ। ਸਾਊਂਡ ਸੀ ‘ਬੀ.ਪੀ.ਆਰ. ਕਰਿਊ’ ਦੀ ਤੇ ਡੀ.ਜੇ. ਸੀ ਹਰਮਨ ਪਿਆਰਾ ‘ਡੀ.ਜੇ. ਪ੍ਰੀਤ’- ਫੋਟੋ ਤੇ ਵੀਡੀਓ ਸੀ ‘ਡੰਡਾਲ ਫੋਕਸ’ ਵਾਲ਼ਿਆਂ ਦੀ। ਸ਼ੁਰੂ ਕੀਤਾ ਬੀਬੀਆਂ ਨੇ ਸੁਹਾਗ, ਘੋੜੀਆਂ, ਟੱਪੇ ਤੇ ਢੋਲਕੀ ਦੇ ਗੀਤ ਗਾ ਕੇ। ਦਰਸ਼ਕਾਂ ਵਿੱਚੋਂ ਬੁਲਾ ਕੇ ਮੌਕੇ ,ਤੇ ਖ਼ੂਬ ਮਨੋਰੰਜਨ ਹੋਇਆ।

ਨੋਨੀ ਮੁਹਾਰ ਤੇ ਉਸ ਦੀ ਧੀ ਨੂਰੀ ਮੁਹਾਰ ਦੀ ਨਿਰਦੇਸ਼ਣਾ ਵਿੱਚ ਕੋਰੀਓਗ੍ਰਾਫ਼ੀ ‘ਰੂਹ ਪੰਜਾਬ ਦੀ’ ਦੀਆਂ ਟੀਮਾਂ ਵੱਲੋਂ ਬਾਕਮਾਲ ਸੀ। ਭੰਗੜਾ ਇੰਸਟੀਚਿਊਟ ਵੱਲੋਂ ਟੀਮਾਂ ਨੇ ਖ਼ੂਬ ਰੰਗ ਬੰਨ੍ਹੇ। ਸੰਜਨਾ,ਇਕਬਾਲ ਸਿੰਘ,ਮੁਸਕਾਨ ਸੈਣੀ,ਮਨਿੰਦਰ ਚਾਹਲ, ਕੋਚ ਸੋਨੀਆ, ਨਵਨੀਤ ਕੌਰ ਦੀਆਂ ਟੀਮਾਂ ਨੇ ਖ਼ੂਬ ਧਮਾਲਾਂ ਪਾਈਆਂ।ਜੁਗਰਾਜ ਤੇ ਕਰਮਜੀਤ ਦੇ ਗੀਤਾਂ ਨੇ ਚੰਗਾ ਰੰਗ ਬੰਨ੍ਹਿਆ। ਖ਼ਾਦਿਮ ਹੁਸੈਨ ਜਿਊਲਰਜ਼ ਵੱਲੋਂ ਪੰਜ ਸੋਨੇ ਦੀਆਂ ਮੁੰਦਰੀਆਂ ਤੇ ਹੋਰ ਬੇਸ਼ੁਮਾਰ ਰੈਫ਼ਲ ਕੱਢੇ ਗਏ। ਰਾਣੀ ਕਾਹਲੋਂ ਦਾ ਪੂਰਾ ਸਹਿਯੋਗ ਤੇ ਸਾਥ ਸੀ।ਆਸ਼ਾ ਸ਼ਰਮਾ ਦੀ ਪੇਸ਼ਕਾਰੀ ਦੇ ਕਿਆ ਕਹਿਣੇ।ਸਪਾਂਸਰਾਂ ਦੇ ਮਾਨ-ਸਨਮਾਨ ਹੋ ਰਹੇ ਸਨ। ਜਸਵਿੰਦਰ ਸਹੋਤਾ, ਪ੍ਰਭਜੀਤ ਗੋਸਲ, ਨਵਜੋਤ ਕੌਰ ਤੇ ਸੰਦੀਪ ਗਿੱਲ ਇਸ ਮੇਲੇ ਦੀਆਂ ਰੂਹੇ ਰਵਾਂ ਸਨ।

ਠੀਕ ਚਾਰ ਵਜੇ ਕੁਲਵਿੰਦਰ ਬਿੱਲਾ ਨੂੰ ਆਪਣੇ ਵੱਖਰੇ ਤੇ ਖ਼ੂਬਸੂਰਤ ਅੰਦਾਜ਼ ਵਿੱਚ ਆਸ਼ਾ ਸ਼ਰਮਾ ਨੇ ਜਦੋਂ ਹੀ ਪੇਸ਼ ਕੀਤਾ ਤਾਂ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ ਹਾਲ ਖਚਾ-ਖਚ ਭਰਿਆ ਹੋਇਆ ਸੀ। ਹੁਣ ਕੁਰਸੀਆਂ ਲਾਂਭੇ ਕਰ ਦਿੱਤੀਆਂ ਗਈਆਂ ਤੇ ਸਾਰਾ ਹਾਲ ਨੱਚ ਉੱਠਿਆ  ਕੁਲਵਿੰਦਰ ਬਿੱਲੇ ਦੇ ਗੀਤਾਂ ‘ਤੇ। ਸਾਜ਼ਿੰਦੇ ਵੀ ਕਮਾਲ ਦੇ ਸਨ।ਕੁਲਵਿੰਦਰ ਬਿੱਲਾ ਨੇ ਆਪਣੇ ਨਵੇਂ ਤੇ ਪੁਰਾਣੇ ਹਿੱਟ ਗੀਤਾਂ ਨੂੰ ਗਾ ਕੇ ਅਨੋਖਾ ਰੰਗ ਬੰਨ੍ਹਿਆ ਤੇ ਇੱਕ ਮਿਆਰ ‘ਚ ਰਹਿ ਕੇ ਗਾਇਆ।ਇਸ ਮੇਲੇ ਵਿੱਚ 4 ਮਹੀਨਿਆਂ ਦੀ ਬੱਚੀ ਤੋਂ ਲੈ ਕੇ 94 ਸਾਲ ਤੱਕ ਦੀਆਂ ਮਾਵਾਂ, ਭੈਣਾਂ,ਧੀਆਂ ਨੇ ਸ਼ਿਰਕਤ ਕੀਤੀ। ਨੋਨੀ ਮੁਹਾਰ, ਤੇਜ ਨੂਰ ਮੁਹਾਰ,ਕੁਲਜੀਤ ਮੁਹਾਰ ਅਤੇ ਰਾਣੀ ਕਾਹਲੋਂ ਨੂੰ ਇਸ ਮੇਲੇ ਦੀ ਸਫ਼ਲਤਾ ਲਈ ਵਧਾਈਆਂ ਮਿਲ ਰਹੀਆਂ ਸਨ। ‘ਲੱਗਦੇ ਰਹਿਣ ਖ਼ੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ’ ਗਾਉਂਦਿਆਂ ਅਗਲੇ ਸਾਲ ਮਿਲਣ ਦੇ ਵਾਅਦੇ ਨਾਲ਼ ਚਾਈਂ-ਚਾਈਂ ਸਭ ਘਰਾਂ ਨੂੰ ਮੁੜੀਆਂ।ਨੋਨੀ ਮੁਹਾਰ ਪੂਰੀ ਖ਼ੁਸ਼ ਨਜ਼ਰ ਆ ਰਹੀ ਸੀ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...