ਪੱਥਰ ਦਿਲ/ਰਵਿੰਦਰ ਸਿੰਘ ਧਾਲੀਵਾਲ

ਬਚਿੰਤ ਕੌਰ ਮਿਲਾਪੜੀ, ਸੁੱਘੜ ਸਿਆਣੀ ਤੇ ਦਿਆਲੂ ਸੁਭਾਅ ਦੀ ਔਰਤ ਸੀ। ਪੇਕੇ ਅਤੇ ਸਹੁਰੇ ਘਰ ਅਤਿ ਦੀ ਗ਼ਰੀਬੀ ਹੰਢਾਈ, ਪਰ ਹਮੇਸ਼ ਚੜ੍ਹਦੀ ਕਲਾ ਵਿੱਚ ਰਹਿ ਕੇ ਅੱਗਾ ਸੰਵਾਰਨ ਲਈ ਤਤਪਰ ਰਹਿੰਦੀ। ਪਤੀ ਸੂਰਤ ਸਿੰਘ ਨਾਲ ਪਾਠੀ ਦੇ ਬੋਲਾਂ ਨਾਲ ਉੱਠਣ ਤੋਂ ਕਦੇ ਨਾਗਾ ਨਾ ਪਾਇਆ। ਗੁਰੂਘਰ ਮੱਥਾ ਟੇਕ ਕੇ ਦਿਨ ਦੀ ਸ਼ੁਰੂਆਤ ਕਰਦੇ। ਮੱਝਾਂ ਨੂੰ ਪੱਠੇ ਪਾ, ਹਾਜਰੀ ਰੋਟੀ ਪਕਾ ਕੇ ਦੋਵੇਂ ਮੁੰਡਿਆਂ ਤੇ ਕੁੜੀ ਨੂੰ ਸਕੂਲ ਜਾਣ ਲਈ ਤਿਆਰ ਕਰ ਦਿੰਦੀ। ਬੱਚਿਆਂ ਨੂੰ ਸਾਰੇ ਕੰਮ ਨਿਮਰਤਾ, ਠਰੰਮੇ ਤੇ ਸਮਝ ਕੇ ਕਰਨ ਲਈ ਆਖਦੀ, ਕਾਹਲੀ ਦੇ ਕੰਮ ਨੂੰ ਸ਼ੈਤਾਨ ਦਾ ਕੰਮ ਆਖ ਭੰਡਦੀ। ਬਾਪੂ ਨੇ ਬਚਿੰਤ ਕੁਰ ਨਾਮ ਦੋ ਭਰਾਵਾਂ ਦੀ ਇਕੱਲੀ ਭੈਣ ਹੋਣ ਕਰਕੇ ਰੱਖਿਆ ਸੀ, ਪਰ ਆਂਢਣਾਂ-ਗੁਆਂਢਣਾਂ ਨੇ ਉਸ ਨੂੰ ਚਿੰਤ ਕੌਰ ਆਖ ਕੇ ਨਾਮ ਹੀ ਪਲਟ ਦਿੱਤਾ। ਮਨੋ-ਮਨ ਸੋਚਦੀ ਕਿ ਸਮੇਂ ਦੀ ਕਰਵਟ ਦਾ ਕੀ ਭਰੋਸਾ ਕਿਤੇ ਇਹ ਚਿੰਤ ਕੁਰ ਨਾਮ ਸਿੱਧ ਹੀ ਨਾ ਹੋ ਜਾਵੇ। ਸੂਰਤ ਸਿੰਘ ਪੂਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਤੇ ਆਪ ਡੰਗਰਾਂ ਦੇ ਕੰਮਕਾਰਾਂ ਵਿੱਚ ਉਲਝੀ ਰਹਿੰਦੀ। ਬੱਚਿਆਂ ਦੀ ਪੜ੍ਹਾਈ ਨੂੰ ਪਹਿਲ ਦਿੰਦਿਆਂ ਉਨ੍ਹਾਂ ਦੀਆਂ ਜ਼ਰੂਰਤਾਂ ਤੇ ਅਧਿਆਪਕ ਮਿਲਣੀ ਨੂੰ ਕਦੇ ਅਣਗੌਲਿਆਂ ਨਾ ਕਰਦੇ।

ਅੱਜ ਮਿਹਨਤ ਰੰਗ ਲਿਆਈ। ਕੁੜੀ ਪਿੰਡ ਵਾਲੇ ਸਕੂਲ ਵਿੱਚ ਬਾਰ੍ਹਵੀਂ ਦੇ ਅਤੇ ਲੜਕੇ ਸ਼ਹਿਰ ਦੇ ਕਾਲਜ ਵਿੱਚ ਪੇਪਰ ਦੇ ਰਹੇ ਸਨ। ਸਮੇਂ ਨਾਲ ਬੱਚਿਆਂ ਦੀ ਪੜ੍ਹਾਈ ਪੂਰੀ ਹੋ ਗਈ। ਬਚਿੰਤ ਕੌਰ ਕੁੜੀ ਦੇ ਹੱਥ ਪੀਲੇ ਕਰਨ ਲਈ ਕਾਹਲੀ ਸੀ ਪਰ ਸੂਰਤ ਸਿੰਘ ਨੇ ਕੁੜੀ ਦੀ ਮਰਜ਼ੀ ਮੁਤਾਬਿਕ ਬੀ.ਐੱਡ ਦਾ ਕੋਰਸ ਕਰਵਾ ਦਿੱਤਾ। ਪਹਿਲਾਂ ਪ੍ਰਾਈਵੇਟ ਤੇ ਫਿਰ ਜਲਦ ਹੀ ਸਰਕਾਰੀ ਨੌਕਰੀ ਮਿਲ ਗਈ। ਦੋਵੇਂ ਮੁੰਡੇ ਇਨਕਮ ਟੈਕਸ ਇੰਸਪੈਕਟਰ ਦਾ ਟੈਸਟ ਪਾਸ ਕਰ ਸਰਕਾਰੀ ਅਫਸਰ ਬਣ ਗਏ। ਹੁਣ ਬੇਬੇ ਬਾਪੂ ਨੂੰ ਕੰਮ ਕਰਨ ਤੋਂ ਰੋਕਦੇ, ਪਰ ਉਨ੍ਹਾਂ ਰੱਬ ਦੀ ਰਜ਼ਾ ਨੂੰ ਮੰਨਦਿਆਂ ਆਪਣੀ ਰੂਟੀਨ ਨਾ ਛੱਡੀ। ਇਹ ਦੇਖ ਕੇ ਪੂਰਾ ਪਿੰਡ ਸਿਫ਼ਤਾਂ ਕਰਦਾ। ਮੁੰਡਿਆਂ ਨੇ ਮਿਲ ਕੇ ਕੁਝ ਜ਼ਮੀਨ ਹੋਰ ਖਰੀਦੀ। ਹੁਣ ਖੇਤੀ ਤੇ ਮੱਝਾਂ ਲਈ ਕਾਮੇ ਰੱਖ ਲਏ। ਕੁੜੀ ਮਗਰੋਂ ਦੋਵੇਂ ਮੁੰਡੇ ਵਿਆਹ ਲਏ ਤੇ ਨੂੰਹਾਂ ਵੀ ਸਰਕਾਰੀ ਨੌਕਰੀ ਵਾਲੀਆਂ ਮਿਲੀਆਂ। ਘਰ ਵਿੱਚ ਚੰਗੀਆਂ ਰੌਣਕਾਂ ਲੱਗ ਗਈਆਂ ਸਨ। ਸਾਲ ਕੁ ਬੀਤਣ ਮਗਰੋਂ ਦੋਵੇਂ ਲੜਕਿਆਂ ਦੇ ਪਰਿਵਾਰ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ ਗੂੰਜਣ ਲੱਗੀਆਂ। ਦਾਦਾ-ਦਾਦੀ ਬੱਚਿਆਂ ਵਿੱਚ ਮਸ਼ਰੂਫ ਰਹਿੰਦੇ। ਖੇਤੀਬਾੜੀ ਕਾਮੇ ਦੇਖ ਲੈਂਦੇ ਤੇ ਡੰਗਰਾਂ ਦਾ ਕੰਮ ਲਗਭਗ ਖ਼ਤਮ ਹੋ ਚੁੱਕਾ ਸੀ।

ਬੱਚੇ ਵੱਡੇ ਹੋਣ ਕਰਕੇ ਭਰਾਵਾਂ ਨੂੰ ਚੰਗੇ ਸਕੂਲ ਵਿੱਚ ਦਾਖਲੇ ਦੀ ਚਿੰਤਾ ਸਤਾਉਣ ਲੱਗੀ ਭਾਵੇਂ ਪੈਸੇ ਦੀ ਕਮੀ ਨਹੀਂ ਸੀ। ਉਂਜ ਸਟੇਟਸ ਦੇ ਮੁਤਾਬਿਕ ਸਕੂਲ ਨੇੜੇ ਨਾ ਹੋਣ ਕਰਕੇ ਵੱਡੀ ਮੁਸ਼ਕਿਲ ਸੀ। ਅਖੀਰ ਦੋਵਾਂ ਨੇ ਸ਼ਹਿਰ ਜਾਣ ਦਾ ਫ਼ੈਸਲਾ ਕਰ ਲਿਆ। ਹੁਣ ਪਿੰਡ ਵਾਲੀ ਕੋਠੀ ਕਾਮਿਆਂ ਦੇ ਹਵਾਲੇ ਹੋ ਗਈ। ਢਲਦੀ ਉਮਰੇ ਜੱਦੀ ਘਰ ਛੱਡ ਓਪਰੀ ਜਗ੍ਹਾ ਵਸਣਾ ਸੌਖਾ ਨਹੀਂ ਸੀ, ਪਰ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਮੱਦੇਨਜ਼ਰ ਮੂੰਹ ਨਾ ਮੋੜਿਆ। ਬਚਿੰਤ ਕੌਰ ਦੇ ਦਿਮਾਗ ਵਿੱਚ ਕੱਚੇ ਘਰ ਤੋਂ ਲੈ ਕੇ ਲਹਿਰਾਉਂਦੀਆਂ ਫ਼ਸਲਾਂ ਵਾਲੇ ਖੇਤ ਘੁੰਮਣ ਲੱਗੇ।

ਕੁਝ ਮਹੀਨੇ ਬਾਅਦ ਦੋਵੇਂ ਭਰਾਵਾਂ ਨੇ ਕੋਠੀਆਂ ਖਰੀਦ ਲਈਆਂ। ਸਭ ਰਿਸ਼ਤੇਦਾਰਾਂ ਨੂੰ ਬੁਲਾ ਕੇ ਵੱਡਾ ਸਮਾਗਮ ਕੀਤਾ ਗਿਆ। ਦੁਨੀਆ ਭਰ ਦੇ ਪਕਵਾਨਾਂ ਵਿੱਚ ਅੱਜ ਬਚਿੰਤ ਕੌਰ ਦੀ ਪਿੰਡ ਵਾਲੀ ਮਹਿਕ ਰੁਲਦੀ ਨਜ਼ਰ ਆ ਰਹੀ ਸੀ। ਜਦੋਂ ਸੂਰਤ ਸਿੰਘ ਬਿਮਾਰ ਹੋਇਆ ਤਾਂ ਬਚਿੰਤ ਕੌਰ ਨੂੰ ਆਖਦਾ ਕਿ ਕਾਮੇ ਬੰਦੇ ਲਈ ਵਿਹਲ ਰੋਗ ਤੋਂ ਘੱਟ ਨਹੀਂ। ਬੱਚਿਆਂ ਦੇ ਸਕੂਲ ਜਾਣ ਮਗਰੋਂ ਘਰ ਵਿੱਚ ਨੌਕਰਾਂ ਸਹਾਰੇ ਵੇਲਾ ਲੰਘਾਉਂਦੇ। ਪੁੱਤਰ ਨੂੰਹ ਦਫ਼ਤਰੋਂ ਆ ਕੇ ਆਰਾਮ ਕਰਨ ਲਈ ਕਮਰਿਆਂ ਵਿੱਚ ਚਲੇ ਜਾਂਦੇ। ਆਥਣ ਵੇਲੇ ਬੱਚੇ ਦਾਦਾ-ਦਾਦੀ ਤੇ ਨੌਕਰ ਨਾਲ ਪਾਰਕ ਵਿੱਚ ਖੇਡ ਆਉਂਦੇ। ਉੱਥੇ ਵੀ ਆਪਸ ਵਿੱਚ ਕੋਈ ਬਹੁਤੀ ਗੱਲਬਾਤ ਨਾ ਕਰਦਾ। ਅਣਸਰਦੇ ਨੂੰ ਦੁਆ ਸਲਾਮ ਜ਼ਰੂਰ ਹੋ ਜਾਂਦੀ। ਘਰ ਵਿਦੇਸ਼ੀ ਮਾਰਬਲ ਤੇ ਬਰਾਂਡਿਡ ਟਾਈਲਾਂ ਨਾਲ ਲਿਸ਼ਕਦੇ ਸਨ। ਬਗੀਚੇ ਤੇ ਫੁੱਲ ਵਾਲੀ ਕੱਚੀ ਜਗ੍ਹਾ ਵੀ ਲੈਂਡਸਕੇਪ ਕਰਵਾ ਰੌਸ਼ਨੀ ਵਾਲੇ ਫੁਹਾਰਿਆਂ ਨਾਲ ਵਧੀਆ ਸਜਾਵਟ ਕੀਤੀ ਹੋਈ ਸੀ। ਇਸ ਦੀ ਖ਼ੂਬਸੂਰਤੀ ਖਰਾਬ ਹੋਣ ਦੇ ਡਰੋਂ ਨੌਕਰ ਹੀ ਬੱਚਿਆਂ ਨੂੰ ਖਿਡਾਉਂਦੇ ਸਨ।

ਪਾਰਕ ਵਿੱਚ ਵੀ ਮਿੱਟੀ ਫੁੱਲਾਂ ਵਾਲੀਆਂ ਕਿਆਰੀਆਂ ਵਿੱਚ ਦਿਸਦੀ। ਸਭ ਪਾਸੇ ਇੱਟਾਂ ਦੇ ਬਣੇ ਰਸਤੇ ਹੀ ਸਨ। ਪਿੰਡ ਦੀ ਭਾਈਚਾਰਕ ਸਾਂਝ ਤੇ ਮਿਲਵਰਤਣ ਵਾਲੇ ਮਾਹੌਲ ’ਚ ਵਿਚਰਨ ਅਤੇ ਖੁੱਲ੍ਹੇ ਖੇਤਾਂ ’ਚ ਘੁੰਮਣ ਵਾਲੇ ਵਿਅਕਤੀ ਲਈ ਇਹ ਦਿਮਾਗ਼ੀ ਪੀੜਾ ਤੋਂ ਘੱਟ ਨਹੀਂ ਸੀ। ਇੱਥੇ ਮਾਨਸਿਕ ਸੰਤੁਸ਼ਟੀ ਲਈ ਗੱਲ ਕਰਨ ਲਈ ਵੀ ਕੋਈ ਨਾ ਮਿਲਦਾ। ਸੂਰਤ ਸਿੰਘ ਦੂਜੇ ਸਵੇਰੇ ਬਚਿੰਤ ਕੌਰ ਨੂੰ ਦੱਸਦਾ, “ਕੱਲ੍ਹ ਰਾਤ ਉਹ ਬੁੜਬੁੜਾਉਂਦੀ ਹੋਈ ਕਹਿ ਰਹੀ ਸੀ ਕਿ ਮਿੱਟੀ ਦੇ ਬਣੇ ਇਨਸਾਨਾਂ ਨੂੰ ਜੇ ਜਿਉਂਦੇ ਜੀ ਮਿੱਟੀ ਤੋਂ ਇੰਨਾ ਦੂਰ ਕਰ ਦਿੱਤਾ ਤਾਂ ਪੱਥਰ ਦਿਲ ਹੋਣਾ ਕੋਈ ਜੱਗੋ ਤੇਰ੍ਹਵੀਂ ਗੱਲ ਨਹੀਂ। ਮੈਨੂੰ ਤਾਂ ਲੱਗਦਾ ਹੈ ਕਿ ਇੱਥੇ ਮਰਨ ਤੋਂ ਬਾਅਦ ਵੀ ਮਿੱਟੀ ਨਸੀਬ ਨਹੀਂ ਹੋਣੀ। ਇਹ ਤਾਂ ਆਹ ਸ਼ਮਸ਼ਾਨਘਾਟ ਵਿੱਚ ਗੈਸ ਵਾਲੀ ਮਸ਼ੀਨ ਨਾਲ ਹੀ ਆਖ਼ਰੀ ਯਾਤਰਾ ਕਰਵਾ ਦੇਣਗੇ ਜਿੱਥੇ ਹੱਡੀਆਂ ਹੀ ਮਿਲਦੀਆਂ ਹਨ। ਕੀ ਪੈਸੇ ਤੇ ਰੁਤਬੇ ਨੇ ਇਨਸਾਨ ਨੂੰ ਇੰਨਾ ਪੱਥਰ ਦਿਲ ਬਣਾ ਦਿੱਤਾ ਕਿ ਆਖ਼ਰੀ ਸਾਹ ’ਤੇ ਵੀ ਆਪਣਿਆਂ ਨੂੰ ਆਪਣੀ ਮਿੱਟੀ ਨਸੀਬ ਹੋਣ ਦਾ ਫ਼ਿਕਰ ਨਾ ਹੋਵੇ। ਬਚਿੰਤ ਕੌਰ ਦੀ ਮਾਨਸਿਕ ਸਥਿਤੀ ਨੂੰ ਭਾਂਪਦਿਆਂ ਪਿੰਡ ਜਾਣ ਦਾ ਫ਼ੈਸਲਾ ਕਰ ਲਿਆ ਜਿਸ ਨਾਲ ਬੱਚਿਆਂ ਨੂੰ ਛੱਡ ਕੇ ਨੂੰਹਾਂ ਪੁੱਤਰਾਂ ’ਤੇ ਕੋਈ ਅਸਰ ਦਿਖਾਈ ਨਾ ਦਿੱਤਾ ਸਗੋਂ ਪੁੱਤਰਾਂ ਨੇ ਨੌਕਰਾਂ ਨੂੰ ਸਾਮਾਨ ਬੰਨ੍ਹਣ ਤੇ ਡਰਾਈਵਰ ਨੂੰ ਪਿੰਡ ਛੱਡ ਆਉਣ ਦਾ ਹੁਕਮ ਦੇ ਦਿੱਤਾ। ਅੱਜ ਬਚਿੰਤ ਕੌਰ ਦੇ ਨਾਲੋ ਨਾਲ ਸੂਰਤ ਸਿੰਘ ਨੇ ਵੀ ਅਜੋਕੀ ਪੀੜ੍ਹੀ ਦੀ ਭਾਵਨਾਤਮਕ ਦਸ਼ਾ ਨੂੰ ਬਾਖ਼ੂਬੀ ਦੇਖ ਲਿਆ। ਦੂਜੇ ਦਿਨ ਸਵੇਰੇ ਚਾਰ ਵਜੇ ਆਪਣਾ ਸਾਮਾਨ ਚੁੱਕ ਕੇ ਬਿਨਾਂ ਕਿਸੇ ਨੂੰ ਦੱਸੇ ਜ਼ਿੰਦਗੀ ਦੇ ਆਖ਼ਰੀ ਬਸੰਤ ਪਿੰਡ ਦੀਆਂ ਰੁਮਕਦੀਆਂ ਪੌਣਾਂ ਤੇ ਮਿੱਟੀ ਦੀ ਖੁਸ਼ਬੂ ਵਿੱਚ ਮਾਣਨ ਲਈ ਚੁੱਪਚਾਪ ਪਿੰਡ ਦੇ ਰਾਹ ਪੈ ਗਏ।

ਸੰਪਰਕ: 78374-90309

* * *

ਮੇਰਾ ਕੀ ਕਸੂਰ?

ਸੁਖਮਿੰਦਰ ਸੇਖੋਂ

ਬੇਹੋਸ਼ੀ ਦੀ ਹਾਲਤ ਵਿੱਚੋਂ ਉਹ ਹੋਸ਼ ਵਿੱਚ ਪਰਤੀ। ਆਪਣੇ ਆਪ ਨੂੰ ਸੰਭਾਲਿਆ। ਆਪਣੇ ਵਾਲਾਂ ਵਿੱਚ ਹੱਥ ਫੇਰਿਆ, ਕੱਪੜੇ ਠੀਕ ਕੀਤੇ।

‘‘ਹੁਣ ਮੇਰੇ ਲਈ ਆਤਮ ਹੱਤਿਆ ਕਰਨ ਤੋਂ ਬਿਨਾ ਹੋਰ ਕੋਈ ਰਸਤਾ ਨਹੀਂ ਬਚਿਆ।’’ ਉਸ ਆਪੇ ਨਾਲ ਸੰਵਾਦ ਰਚਾਇਆ।

ਠੋਸ ਇਰਾਦਾ ਕਰਦਿਆਂ ਉਹ ਆਤਮ ਹੱਤਿਆ ਕਰਨ ਲਈ ਸ਼ਹਿਰ ਦੇ ਲਾਗਲੀ ਨਹਿਰ ਵੱਲ ਦੌੜੀ ਗਈ। ਪਰ ਜਦੋਂ ਨਹਿਰ ਵਿੱਚ ਛਾਲ ਮਾਰਨ ਲੱਗੀ ਤਾਂ ਇਕਦਮ ਉਸ ਦੇ ਅੰਦਰੋਂ ਇੱਕ ਸਵਾਲ ਉੱਠਿਆ ‘ਪਰ ਕਿਉਂ? ਮੈਂ ਆਪਣੀ ਜ਼ਿੰਦਗੀ ਨੂੰ ਬੇਮਤਲਬ ਕਿਉਂ ਖਤਮ ਕਰਾਂ?’

ਉਹ ਸੋਚਣ ਲੱਗੀ, ‘ਜੇ ਦਰਿੰਦਿਆਂ ਨੇ ਮੇਰੇ ਨਾਲ ਰੇਪ ਕੀਤੈ ਤਾਂ ਇਸ ਵਿੱਚ ਮੇਰਾ ਕੀ ਕਸੂਰ? ਮੇਰੇ ਆਤਮ ਹੱਤਿਆ ਕਰਨ ਨਾਲ ਮਸਲਾ ਹੱਲ ਨਹੀਂ ਹੋਣਾ। ਇਸ ਲਈ ਮੈਂ ਜੀਆਂਗੀ। ਹਾਲਾਤ ਦਾ ਸ਼ਿਕਾਰ ਹੋਈ ਇੱਕ ਪੀੜਤ ਔਰਤ ਹੁਣ ਹਾਲਾਤ ਬਦਲਣ ਬਾਰੇ ਗਹਿਰਾਈ ਨਾਲ ਸੋਚਦਿਆਂ ਘਰ ਪਰਤ ਆਈ ਸੀ।

ਸੰਪਰਕ: 98145-07693

* * *

ਵਹੁਟੀ

ਰਚਨਾ ਸ਼ਰਮਾ

ਚੜ੍ਹਦੇ ਅੱਸੂ ਵਿੱਚ ਅਕਸਰ ਬੈਂਡ ਵਾਜਿਆਂ ਤੇ ਸਪੀਕਰਾਂ ਦੀਆਂ ਆਵਾਜ਼ਾਂ ਗੂੰਜਣੀਆਂ ਸ਼ੁਰੂ ਹੋ ਜਾਂਦੀਆਂ। ਵਿਆਹਾਂ ਦੀਆਂ ਰੌਣਕਾਂ ਤੇ ਖ਼ੁਸ਼ੀਆਂ ਪਿੰਡ ਵਿੱਚ ਫੈਲ ਜਾਂਦੀਆਂ ਜਿਵੇਂ ਵਿਆਹ ਇੱਕ ਘਰ ਵਿੱਚ ਨਾ ਹੋ ਕੇ ਪੂਰੇ ਇਲਾਕੇ ਵਿੱਚ ਹੋ ਰਿਹਾ ਹੋਵੇ। ਛੋਟੀਆਂ ਬੱਚੀਆਂ ਤੇ ਅੱਲ੍ਹੜ ਮੁਟਿਆਰਾਂ ਵਹੁਟੀ ਦੇ ਚੂੜੇ, ਕਲੀਰਿਆਂ ਤੇ ਸ਼ਿੰਗਾਰ ਤੋਂ ਖ਼ਾਸੀਆਂ ਪ੍ਰਭਾਵਿਤ ਹੁੰਦੀਆਂ। ਇਸੇ ਤਰ੍ਹਾਂ ਨਵੀਂ ਵਿਆਹੀ ਦੀ ਫੁੱਲਾਂ ਨਾਲ ਸ਼ਿੰਗਾਰੀ ਕਾਰ ਨੂੰ ਨਿਹਾਰਨਾ ਤੇ ਉਸ ਦੇ ਘੁੰਡ ਵਿੱਚੋਂ ਇੱਕ ਵਾਰ ਉਸ ਦੀ ਝਾਤ ਪਾ ਲੈਣਾ ਮੇਰੀ ਵੀ ਖ਼ਾਹਿਸ਼ ਹੁੰਦੀ। ਲਾਲ ਜੋੜਾ, ਗੇਂਦੇ ਦੇ ਫੁੱਲਾਂ ਦੀ ਖੁਸ਼ਬੂ ਤੇ ਖੜ ਖੜ ਕਰਦੇ ਕਲੀਰਿਆਂ ਦੀਆਂ ਚਮਕਦੀਆਂ ਤਾਰਾਂ ਨੂੰ ਚੁੱਕਣਾ ਬੜਾ ਸੋਹਣਾ ਲੱਗਦਾ। ਇਸੇ ਤਰ੍ਹਾਂ ਜਦੋਂ ਪਿੰਡ ਵਿੱਚ ਕਾਕੇ ਦਾ ਵਿਆਹ ਧਰਿਆ ਗਿਆ ਤਾਂ ਨਵੀਂ ਵਹੁਟੀ ਨੂੰ ਵੇਖਣ ਦਾ ਚਾਅ ਉਛਾਲੇ ਮਾਰਨ ਲੱਗਾ। ਖ਼ੁਸ਼ੀ-ਖ਼ੁਸ਼ੀ ਦੌੜਦੀ ਪਿੰਡ ਦੀ ਕਮਲੀ ਤਾਈ ਕੋਲ ਪਹੁੰਚੀ। ‘‘ਤਾਈ, ਤੈਨੂੰ ਪਤਾ ਲੱਭੂ ਕੇ ਕਾਕੇ ਕਾ ਵਿਆਹ ਧਰਿਆ ਗਿਆ। ਹੁਣ ਤਾਂ ਗੁਆਂਢ ’ਚ ਵਹੁਟੀ ਆਊ ਵਹੁਟੀ।’’ ਤਾਈ ਹੱਸੀ, ਬਹੁਤ ਹੱਸੀ, ਖਿੜ ਖਿੜ ਹੱਸੀ ਤੇ ਮੈਂ ਇੱਕ ਟਕ ਉਹਦੇ ਵੱਲ ਬੇਬਾਕ ਦੇਖਦੀ ਰਹੀ ਜਿਵੇਂ ਉਹ ਮੇਰੀ ਖਿੱਲੀ ਉਡਾ ਰਹੀ ਹੋਵੇ। ਉਹ ਬੋਲੀ, ‘‘ਵਹੁਟੀ ਵਹੁਟੀ!’’

ਉਸ ਵੱਲੋਂ ਦੁਹਰਾਏ ਇਹ ਸ਼ਬਦ ਮੈਨੂੰ ਆਪਣੇ ਆਪ ’ਤੇ ਹੈਰਾਨ ਹੋਣ ਲਈ ਮਜਬੂਰ ਕਰ ਰਹੇ ਸਨ। ਕਮਲੀ ਤਾਈ ਨੇ ਸ਼ਾਇਦ ਕੋਈ ਡੂੰਘੀ ਸੱਟ ਖਾਧੀ ਸੀ। ਇਸ ਸ਼ਬਦ ਨੂੰ ਜਿਸ ਲਹਿਜੇ ਵਿੱਚ ਉਹ ਰਟ ਰਹੀ ਸੀ ਉਸ ਦੇ ਦਿਲ ਦਾ ਬਿਆਨ ਹਾਲ ਬਿਆਨ ਕਰ ਰਹੇ ਸਨ।

ਮੈਂ ਫਿਰ ਆਪਣੇ ਮੱਥੇ ਤੋਂ ਸਵਾਲੀਆ ਤਿਊੜੀਆਂ ਸਿੱਧਿਆਂ ਕਰਦਿਆਂ ਕਿਹਾ, ‘‘ਹਾਂ ਤਾਈ, ਨਵੀਂ ਵਹੁਟੀ ਆਊਗੀ ਪਿੰਡ ’ਚ।’’

ਤਾਈ ਨੇ ਲਹਿਜਾ ਥੋੜ੍ਹਾ ਬਦਲਦਿਆਂ ਕਿਹਾ, ‘‘ਭੋਲੀਏ ਧੀਏ! ਵਹੁਟੀ ਨਹੀਂ ਰੋਟੀ ਆਊਗੀ, ਹਾਂ ਰੋਟੀ ਆਊਗੀ।’’

‘‘ਰੋਟੀ… ਕਿਉਂ?’’ ਹੁਣ ਮੇਰੇ ਮਨ ’ਚ ਫਿਰ ਸਵਾਲ ਉੱਭਰਿਆ ਤੇ ਮੈਂ ਕਿਹਾ, ‘‘ਤਾਈ, ਤੂੰ ਸੱਚੀਂ ਕਮਲੀ ਏਂ ਤਾਂ ਹੀ ਤੈਨੂੰ ਸਾਰਾ ਪਿੰਡ ਕਮਲੀ ਤਾਈ ਕਹਿੰਦਾ ਏ।’’

ਮੈਂ ਜਿਵੇਂ ਦੁੜੰਗੇ ਲਾਏ ਤੇ ਉੱਥੋਂ ਵਿਆਹ ਵਾਲੇ ਘਰ ਵੱਲ ਕੰਧਾਂ ਤੋਂ ਝਾਤੀਆਂ ਮਾਰਨ ਲੱਗੀ। ਬਦਾਣੇ ਤੇ ਲੱਡੂਆਂ ਨੇ ਜਿਵੇਂ ਸੰਝ ਵੇਲੇ ਖੁਸ਼ਬੂਆਂ ਦੀ ਮਹਿਫ਼ਲ ਲਗਾਈ ਹੋਵੇ।

ਜੰਞ ਚੜ੍ਹੀ, ਵਹੁਟੀ ਆਈ, ਪਾਣੀ ਵਾਰਿਆ ਗਿਆ।

ਮੈਂ ਵਹੁਟੀ ਨੂੰ ਵੇਖਣ ਲਈ ਰੋਜ਼ ਸ਼ਾਮ ਨੂੰ ਸਕੂਲ ਦਾ ਕੰਮ ਨਿਪਟਾ ਕੇ ਉਸ ਘਰ ਜਾਣਾ ਸ਼ੁਰੂ ਕਰ ਦਿੱਤਾ। ਵਹੁਟੀ ਨੇ ਵੀ ਮੇਰੇ ਵੱਲ ਤੱਕਣਾ ਤੇ ਨਿੰਮੀ ਜਿਹੀ ਹਾਸੀ ਹੱਸਣੀ। ਉਹ ਦਿਨ ਵੀ ਆਇਆ ਜਦੋਂ ਵਹੁਟੀ ਚੁੱਲ੍ਹੇ ਚੜ੍ਹੀ। ਨਵੀਂ ਵਹੁਟੀ ਨੇ ਆਟੇ ਦਾ ਕੜਾਹ ਬਣਾਇਆ ਤੇ ਨਾਲ ਰੋਟੀ ਬਣਾਈ। ਸਾਰਾ ਟੱਬਰ ਖਾਣ ਬੈਠਿਆ। ਉਨ੍ਹਾਂ ਦੇ ਮਨਾਂ ਵਿੱਚ ਰੋਟੀ ਪਰਖਣ ਦੀ ਕਸੌਟੀ ਹੋਵੇਗੀ, ਮੈਂ ਇਸ ਗੱਲ ਤੋਂ ਅਣਜਾਣ ਸੀ।

‘‘ਰੋਟੀ ਥੋੜ੍ਹੀ ਮੋਟੀ ਲਾਹੁੰਦੀ ਏ,’’ ਸੱਸ ਦੀ ਪ੍ਰਤੀਕਿਰਿਆ ਸੀ।

‘‘ਹਾਂ, ਥੋੜ੍ਹੀ ਟੇਢੀ ਵੀ।’’

‘‘ਸੁਣ ਵਹੁਟੀਏ, ਰੋਟੀ ਗੋਲ ਤੇ ਥੋੜ੍ਹੀ ਪਤਲੀ ਵੇਲਿਆ ਕਰ ਵੇਲਣੇ ’ਤੇ ਥੋੜ੍ਹਾ ਵਜ਼ਨ ਦੇ ਕੇ, ਆਖ਼ਰ ਰੋਟੀ ਤੋਂ ਹੀ ਪਤਾ ਚੱਲਦਾ ਖਲਣੇ-ਘਰਾਣੇ ਦਾ।’’ ਵਹੁਟੀ ਦੀ ਜਿਵੇਂ ਜਿੰਦ ਹੀ ਨਿਕਲ ਗਈ ਹੋਵੇ। ਉਸ ਨੇ ਸ਼ਾਇਦ ਕੁਝ ਹੋਰ ਸੋਚ ਰੱਖਿਆ ਸੀ, ਪਰ ਕਲਪਨਾ ਤਾਂ ਕੋਰੀ ਕਲਪਨਾ ਹੁੰਦੀ ਹੈ। ਇਹ ਸੋਚ ਕੇ ਹਿੰਮਤ ਕੀਤੀ ਕਿ ਸਹੁਰਿਆਂ ਦਾ ਮਨ ਤਾਂ ਜਿੱਤਣਾ ਹੈ, ਅਗਲੀ ਸ਼ਾਮ ਫਿਰ ਰੋਟੀ ਬਣਾਈ। ਇਸ ਵਾਰ ਰੋਟੀ ਗੋਲ ਤੇ ਪਤਲੀ ਸੀ, ਪਰ ਇੱਕ ਪਾਸੇ ਸੇਕ ਲੱਗਣ ਕਾਰਨ ਜ਼ਿਆਦਾ ਹੀ ਰੜ੍ਹ ਗਈ ਸੀ।

‘‘ਰੋਟੀ ਸੜੀ ਹੋਈ ਹੈ।’’

‘‘ਹਾਂ ਬੇਬੇ, ਇਹਨੇ ਘਿਓ ਵੀ ਉਲਟੇ ਪਾਸੇ ਲਾਇਐ। ਸਾਡੇ ਘਰ ’ਚ ਤਾਂ ਘਿਓ ਦੂਜੇ ਪਾਸੇ ਲੱਗਦਾ। ਇਹਦੇ ਪੇਕਿਆਂ ਦੇ ਇਧਰ ਘਿਓ ਲੱਗਦਾ ਹੋਣਾ।’’ ਸੱਸ ਤੇ ਨਨਾਣ ਦੀ ਘੁਸਰ-ਮੁਸਰ ਵਹੁਟੀ ਦੇ ਕੰਨੀ ਪਈ ਪਰ ਉਸ ਨੇ ਅਗਲੇ ਦਿਨ ਦੇ ਸੁਧਾਰ ਬਾਰੇ ਸੋਚਿਆ ਤੇ ਸ਼ਾਂਤ ਰਹੀ। ਤੀਜੀ ਸ਼ਾਮ ਫਿਰ ਰੋਟੀ ਬਣਾਈ।

‘‘ਬੇਬੇ, ਲੱਗਦੈ ਇਹਨੂੰ ਰੋਟੀ ਬਣਾਉਣੀ ਸਿਖਾਈ ਨਹੀਂ ਕਿਸੇ ਨੇ। ਆਟਾ ਦੇਖ ਕਿੰਨਾ ਡੋਲ੍ਹਿਆ ਚਕਲੇ ਦੁਆਲੇ। ਰੋਟੀ ਵੀ ਕੱਚੀ-ਪੱਕੀ ਜਿਹੀ ਹੀ ਲਾਹੁੰਦੀ ਹੈ। ਤੂੰ ਸਿਖਾ ਆਪਣੇ ਵਰਗੀ।’’ ਇਹ ਸ਼ਬਦ ਵਹੁਟੀ ਦੇ ਕੰਨਾਂ ਵਿੱਚ ਕੱਚ ਵਾਂਗ ਚੁੱਭੇ ਜਿਵੇਂ ਕਿਸੇ ਨੇ ਟੁੱਟੀ ਬੋਤਲ ਨੂੰ ਗਲਮੇ ਤੋਂ ਫੜ ਕੇ ਉਸ ਦੀਆਂ ਨੁਕੀਲੀਆਂ ਚੁੰਝਾਂ ਨੂੰ ਵਹੁਟੀ ਦੇ ਕੰਨਾਂ ਵਿੱਚ ਧੱਕ ਦਿੱਤਾ ਹੋਵੇ। ਇਸ ਵਾਰ ਉਹ ਸੁੰਨ ਹੋ ਗਈ ਕਿਉਂਕਿ ਇਹ ਸ਼ਬਦ ਉਸ ਦੇ ਪਤੀ ਕਾਕੇ ਦੇ ਸਨ। ਉਸ ਦਾ ਹਿਰਦਾ ਵਲੂੰਧਰਿਆ ਗਿਆ, ਪਰ ਸੀ ਨਾ ਕੀਤੀ ਤੇ ਰੋਟੀ ਬਣਾਉਂਦੀ ਰਹੀ ਤੇ ਖੁਆਉਂਦੀ ਰਹੀ।

ਅੰਦਰੂਨੀ ਸੱਟਾਂ ਕਈ ਵਾਰ ਜੀਵਨ ਜਿਊਣ ਦੀ ਖ਼ਾਹਿਸ਼ ਨੂੰ ਖ਼ਤਮ ਕਰ ਦਿੰਦੀਆਂ ਹਨ। ਇਸੇ ਪ੍ਰਕਾਰ ਇਸੇ ਮਾਨਸਿਕ ਸਥਿਤੀ ਵਿੱਚ ਉਸ ਵਹੁਟੀ ਨੇ ਬੱਚੇ ਨੂੰ ਜਨਮ ਦੇਣ ਉਪਰੰਤ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਵਿਰਲਾਪ ਹੋਇਆ, ਪਿੱਟ ਸਿਆਪਾ ਹੋਇਆ ਤੇ ਮੂੰਹਾਂ ’ਤੇ ਪੱਲੇ ਲਈ ਪਿੰਡ ਦੀਆਂ ਤ੍ਰੀਮਤਾਂ ਵਿੱਚੋਂ ਇੱਕ ਬੋਲੀ, ‘‘ਹੁਣ ਕਾਕੇ ਦੀ ਰੋਟੀ ਦਾ ਕੀ ਬਣੂੰਗਾ? ਬੜਾ ਔਖਾ ਏ।’’

ਮੈਨੂੰ ਕਮਲੀ ਤਾਈ ਦੇ ਹਾਸੇ ਦਾ ਮਤਲਬ ਹੁਣ ਸਮਝ ਲੱਗਾ ਸੀ। ਵਹੁਟੀ ਭਾਵ ਰੋਟੀ।

ਕਿਰਿਆ-ਕਰਮ ਦੌਰਾਨ ਹੀ ਕਾਕੇ ਲਈ ਰੋਟੀ ਦੇ ਇੰਤਜ਼ਾਮ ਦਾ ਵਿਚਾਰ-ਵਟਾਂਦਰਾ ਹੋਣ ਲੱਗਾ ਤੇ ਰਿਸ਼ਤਿਆਂ ਦੀ ਦੱਸ ਪੈਣੀ ਸ਼ੁਰੂ ਹੋ ਗਈ ਸੀ।

ਸੰਪਰਕ: 95920-99153

* * *

ਦਹਿਸ਼ਤ

ਰਣਜੀਤ ਆਜ਼ਾਦ ਕਾਂਝਲਾ

ਲੋਕ ਸਭਾ ਦੀ ਚੋਣ ਲਈ ਵੋਟਾਂ ਪੈਣ ਵਿੱਚ ਕੁਝ ਦਿਨ ਬਾਕੀ ਸਨ। ਸੰਬੰਧਤ ਉਮੀਦਵਾਰ ਦਾ ਚੋਣ ਪ੍ਰਚਾਰ ਪੂਰੇ ਸਿਖਰ ’ਤੇ ਪੁੱਜ ਗਿਆ ਸੀ। ਉਂਜ ਹਰ ਵੋਟਰ ਦੇ ਮਨ ਵਿੱਚ ਅਕਹਿ ਤੇ ਅਸਹਿ ਡਰ ਦਾ ਪਰਛਾਵਾਂ ਪਿਆ ਜਾਪਦਾ ਸੀ ਪਰ ਖੁੱਲ੍ਹ ਕੇ ਕੋਈ ਕੁਝ ਨਹੀਂ ਸੀ ਦੱਸ ਰਿਹਾ।

ਹਰੇਕ ਹਲਕੇ ਵਿੱਚ ਖੜ੍ਹੇ ਉਮੀਦਵਾਰ ਨੂੰ ਘੱਟੋ ਘੱਟ ਪੰਜ-ਛੇ ਬਾਡੀਗਾਰਡ ਉਸ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਤਾਇਨਾਤ ਕੀਤੇ ਗਏ ਸਨ ਤੇ ਹੋਰ ਸੁਰੱਖਿਆ ਲਈ ਨਿੱਜੀ ਅਮਲਾ ਉਮੀਦਵਾਰ ਦਾ ਆਪਣਾ ਵੱਖਰਾ ਸੀ। ਕੁੱਲ ਮਿਲਾ ਕੇ ਇਨ੍ਹਾਂ ਬੰਦੂਕਧਾਰੀ ਸੱਜਣਾਂ ਦੀ ਗਿਣਤੀ ਦਸ-ਬਾਰਾਂ ਦੇ ਕਰੀਬ ਪੁੱਜ ਜਾਂਦੀ। ਉਮੀਦਵਾਰ ਜਿੱਧਰ ਵੀ ਜਾਂਦਾ, ਉਹ ਉਸ ਨਾਲ ਪਰਛਾਵੇਂ ਵਾਂਗ ਰਹਿੰਦੇ ਸਨ, ਸਰਕਾਰ ਦੀ ਹਦਾਇਤ ਵੀ ਇਹੋ ਸੀ।

ਇੱਕ ਦਿਨ ਇੱਕ ਆਜ਼ਾਦ ਉਮੀਦਵਾਰ, ਜੋ ਮੈਨੂੰ ਘੱਟ ਜਾਣਦਾ ਸੀ ਪਰ ਉਹ ਅੱਗੋਂ ਮੇਰੇ ਇੱਕ ਰਿਸ਼ਤੇਦਾਰ ਦਾ ਚੰਗਾ ਵਾਕਿਫ਼ ਸੀ। ਮੇਰੇ ਉਸ ਰਿਸ਼ਤੇਦਾਰ ਦੇ ਕਹਿਣ ’ਤੇ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ-ਪ੍ਰਚਾਰ ਲਈ ਆਣ ਟਪਕਿਆ। ਜਿਉਂ ਹੀ ਉਹ ਉਮੀਦਵਾਰ ਤੇ ਦਸ-ਬਾਰਾਂ ਬੰਦੂਕਧਾਰੀ ਅੰਗ-ਰੱਖਿਅਕ ਪਿੰਡ ਵਿੱਚ ਦਾਖਲ ਹੋਏ ਤਾਂ ਘਰਾਂ ਵਿੱਚ ਮੌਜੂਦ ਬੁੜੀਆਂ-ਕੁੜੀਆਂ ਨੇ ਕਿਸੇ ਅਣਜਾਣੇ ਜਿਹੇ ਭੈਅ ਨਾਲ ਦੇਖਿਆ ਕਿ ਅੱਜ ਇਹ ਕੀਹਦਾ ‘ਕਲਿਆਣ’ ਕਰਨ ਆਏ ਹਨ…।

ਮੇਰੇ ਘਰ ਦੇ ਦੱਸੇ ਪਤੇ ਅਨੁਸਾਰ ਜਦ ਉਹ ਮੇਰੇ ਘਰ ਤੋਂ ਚਾਰ ਕੁ ਘਰ ਪਿੱਛੇ ਰਹਿ ਗਏ। ਆਪਣੇ ਘਰ ਅੱਗੇ ਖੜ੍ਹੀ ਇੱਕ ਬਿਰਧ ਮਾਈ ਨੂੰ ਪੁੱਛਣ ਲੱਗੇ, ‘‘ਮਾਤਾ ਜੀ, ਮਾਸਟਰ ਉਜਾਗਰ ਸਿੰਘ ਦਾ ਘਰ ਕਿਹੜੈ…?’’

‘‘… ਮੈਂ ਤਾਂ ਭਾਈ ਬਾਹਰੋਂ ਆਈ ਹੋਈ ਆਂ ਮੈਨੂੰ ਤਾਂ ਪਤਾ ਨ੍ਹੀਂ।’’ ਇਨ੍ਹਾਂ ਬੋਲਾਂ ਤੋਂ ਬਾਡੀਗਾਰਡ ਭਾਂਪ ਗਏ ਕਿ ਮਾਈ ਨੇ ਡਰਦਿਆਂ ਘਰ ਨਹੀਂ ਦੱਸਿਆ। ਉਨ੍ਹਾਂ ਵਿੱਚੋਂ ਇੱਕ ਨੇ ਅੱਗੇ ਹੋ ਕੇ ਕਿਹਾ, ‘‘ਮਾਤਾ ਜੀ ਘਬਰਾਉ ਨਾ, ਅਸੀਂ ਤਾਂ ਵੋਟਾਂ ਖਾਤਰ ਆਹ ਸਰਦਾਰ ਜੀ ਨਾਲ ਸੁਰੱਖਿਆ ਲਈ ਹਾਂ।’’

‘‘ਅੱਛਾ… ਭਾਈ, ਮੈਂ ਤਾਂ ਸਮਝਿਆ ਕਿਤੇ ਉਹ…।’’ ਮਾਈ ਹੁਣ ਕੁਝ ਝਿਜਕਦੀ ਹੋਈ ਬੋਲੀ, ‘‘ਅਹੁ ਹਰੇ ਰੰਗ ਦੇ ਦਰਵਾਜ਼ੇ ਵਾਲਾ ਚੌਥਾ ਘਰ ਮਾਸਟਰਾਂ ਦਾ ਈ ਐ।’’ ਮਾਈ ਨੇ ਹੌਸਲਾ ਜਿਹਾ ਕਰ ਇਸ਼ਾਰੇ ਨਾਲ ਸਮਝਾਉਂਦਿਆਂ ਕਿਹਾ।

ਸੰਪਰਕ: 94646-97781

* * *

ਬਦਲਿਆ ਕੀ?

ਹਰਭਿੰਦਰ ਸਿੰਘ ਸੰਧੂ

ਜਿੰਦਰ ਦਸ ਸਾਲ ਮਗਰੋਂ ਵਿਦੇਸ਼ ਤੋਂ ਵਾਪਸ ਪਿੰਡ ਆਇਆ ਸੀ। ਉਸ ਦੇ ਪਿੱਛੋਂ ਪੰਜਾਬ ਵਿੱਚ ਦੋ ਸਰਕਾਰਾਂ ਬਦਲ ਚੁੱਕੀਆਂ ਸਨ। ਅਖ਼ਬਾਰਾਂ ਮੁਤਾਬਿਕ ਤਾਂ ਹੁਣ ਦਫ਼ਤਰੀ ਕੰਮ ਵਿਦੇਸ਼ ਦੀ ਤਰਜ਼ ’ਤੇ ਹੁੰਦੇ ਸਨ। ਅੱਜ ਉਸ ਦੇ ਬਾਪੂ ਨੇ ਆਪਣੀ ਕੁਝ ਜ਼ਮੀਨ ਜਿੰਦਰ ਦੇ ਨਾਮ ਕਰਾਉਣ ਲਈ ਕਚਹਿਰੀ ਜਾਣਾ ਸੀ ਕਿਉਂਕਿ ਕਾਲਮਨਵੀਸ ਮੁਤਾਬਿਕ ਤਹਿਸੀਲਦਾਰ ਨੇ ਪੂਰੇ ਦਸ ਵਜੇ ਆ ਜਾਣਾ ਸੀ। ਜਿੰਦਰ ਦੇ ਬਾਪੂ ਨੇ ਰੋਟੀ ਖਾ ਲਈ ਸੀ। ਜਦੋਂ ਜਿੰਦਰ ਦੀ ਭੈਣ ਉਸ ਨੂੰ ਰੋਟੀ ਖਾਣ ਵਾਸਤੇ ਕਿਹਾ ਤਾਂ ਉਹ ਬੋਲਿਆ, ‘‘ਭੈਣੇ, ਬੱਸ ਥੋੜ੍ਹਾ ਚਿਰ ਹੀ ਲੱਗਣਾ ਉੱਥੇ। ਮੈਂ ਆ ਕੇ ਖਾਵਾਂਗਾ ਰੋਟੀ।’’

ਕਾਨੂੰਨ ਮੁਤਾਬਿਕ ਉਹ ਪਿੰਡੋਂ ਸੱਤ ਬੰਦੇ ਗਵਾਹ ਦੇ ਤੌਰ ’ਤੇ ਹੋਰ ਲੈ ਕੇ ਗਏ ਸਨ। ਜਦੋਂ ਦਫ਼ਤਰ ਪਹੁੰਚੇ ਤਾਂ ਤਹਿਸੀਲਦਾਰ ਅਜੇ ਨਹੀਂ ਸੀ ਆਇਆ। ਜਿਸ ਮੁਲਾਜ਼ਮ ਤੋਂ ਵੀ ਪੁੱਛਦੇ, ਇੱਕੋ ਰਟਿਆ ਜਵਾਬ ਮਿਲਦਾ, ‘‘ਬੱਸ ਸਾਬ੍ਹ ਪਹੁੰਚਣ ਹੀ ਵਾਲੇ ਨੇ। ਦੁਪਹਿਰ ਦੇ ਦੋ ਵੱਜ ਚੁੱਕੇ ਸਨ। ਸਭ ਦੇ ਚਿਹਰਿਆਂ ਤੋਂ ਭੁੱਖ ਦਾ ਅੰਦਾਜ਼ਾ ਲੱਗ ਰਿਹਾ ਸੀ। ਪਰ ਕੋਈ ਵੀ ਬਾਹਰ ਢਾਬੇ ’ਤੇ ਜਾਣ ਦਾ ਰਿਸਕ ਨਹੀਂ ਸੀ ਲੈ ਰਿਹਾ ਤਾਂ ਜੋ ਉਨ੍ਹਾਂ ਦੀ ਵਾਰੀ ਲੰਘ ਨਾ ਜਾਵੇ। ਜਦੋਂ ਸ਼ਾਮ ਦੇ ਚਾਰ ਵਜੇ ਤਹਿਸੀਲਦਾਰ ਆਇਆ ਤਾਂ ਕੰਮ ਹੋਣ ਤੋਂ ਬਾਅਦ ਜਿੰਦਰ ਦੇ ਦਿਮਾਗ਼ ਵਿੱਚ ਇੱਕੋ ਹੀ ਗੱਲ ਘੁੰਮੀ ਜਾ ਰਹੀ ਸੀ ਕਿ ਦਸ ਸਾਲ ਪਹਿਲਾਂ ਵੀ ਇਹ ਹਾਲ ਸੀ ਤੇ ਅੱਜ ਵੀ ਉਹੀ ਹਾਲ ਏ। ਬਦਲਿਆ ਕੀ?a

ਸਾਂਝਾ ਕਰੋ

ਪੜ੍ਹੋ

ਹਿੰਦੂ ਨੇਤਾ ਦਾ ਗੋਲੀਆਂ ਮਾਰ ਕੇ ਕਤਲ

ਜਮਸ਼ੇਦਪੁਰ, 21 ਅਪ੍ਰੈਲ – ਝਾਰਖੰਡ ਦੇ ਜਮਸ਼ੇਦਪੁਰ ਜ਼ਿਲ੍ਹੇ ਤੋਂ ਇੱਕ...