ਪੇ੍ਰਰਨਾਸਰੋਤ ਐਥਲੀਟ

ਪੈਰਿਸ ਉਲੰਪਿਕ ਵਿਚ ਨੀਨੋ ਸਾਲੁਕਵਾਜ਼ੇ ਜਦੋਂ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਆਪਣੀ ਵਾਰੀ ਦੀ ਸ਼ੁਰੂਆਤ ਕਰੇਗੀ ਤਾਂ 10 ਉਲੰਪਿਕ ਖੇਡਾਂ ’ਚ ਹਿੱਸਾ ਲੈਣ ਵਾਲੀ ਦੂਜੀ ਐਥਲੀਟ ਬਣ ਜਾਵੇਗੀ। ਮਹਿਲਾਵਾਂ ਦੇ ਵਰਗ ਵਿਚ ਸਭ ਤੋਂ ਵੱਧ ਉਲੰਪਿਕ ਖੇਡਾਂ ਵਿਚ ਹਿੱਸਾ ਲੈਣ ਦਾ ਰਿਕਾਰਡ ਉਸ ਨੇ ਟੋਕੀਓ ਉਲੰਪਿਕ ਵਿਚ ਤੋੜ ਦਿੱਤਾ ਸੀ। ਜਾਰਜੀਆ ਦੀ ਇਸ ਮਹਾਨ ਨਿਸ਼ਾਨੇਬਾਜ਼ ਦਾ ਕਹਿਣਾ ਹੈ ਕਿ ਪੈਰਿਸ ਉਲੰਪਿਕ ਲਈ ਕੁਆਲੀਫਾਈ ਕਰਕੇ ਉਸ ਨੇ ਆਪਣੇ ਪਿਤਾ ਦੀ ਅੰਤਮ ਇੱਛਾ ਪੂਰੀ ਕਰ ਦਿੱਤੀ ਹੈ। ਸਾਲੁਕਵਾਜ਼ੇ ਦਾ ਉਲੰਪਿਕ ਦਾ ਸੁਨਹਿਰੀ ਸਫਰ 1988 ਦੀਆਂ ਸਿਓਲ ਉਲੰਪਿਕ ਖੇਡਾਂ ਵਿਚ 19 ਸਾਲ ਦੀ ਉਮਰ ’ਚ ਸ਼ੁਰੂ ਹੋਇਆ ਸੀ, ਜਦੋਂ ਉਸ ਨੇ ਸਾਬਕਾ ਸੋਵੀਅਤ ਯੂਨੀਅਨ ਲਈ 25 ਮੀਟਰ ਪਿਸਟਲ ਮੁਕਾਬਲੇ ਵਿਚ ਸੋਨੇ ਤੇ 10 ਮੀਟਰ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਿਆ ਸੀ। ਉਸ ਤੋਂ ਬਾਅਦ ਬਾਰਸੀਲੋਨਾ, ਐਟਲਾਂਟਾ, ਸਿਡਨੀ, ਏਥਨਜ਼, ਬੀਜਿੰਗ, ਲੰਡਨ, ਰੀਓ ਦਾ ਜਨੇਰੀਓ ਤੇ ਟੋਕੀਓ ਉਲੰਪਿਕ ਖੇਡਾਂ ਵਿਚ ਉਸ ਨੇ ਲਗਾਤਾਰ ਹਿੱਸਾ ਲਿਆ।

ਸੋਵੀਅਤ ਯੂਨੀਅਨ ਦੇ ਖਿੰਡਰਨ ਦੇ ਬਾਅਦ ਜਾਰਜੀਆ ਵੱਲੋਂ ਹਿੱਸਾ ਲੈਣ ਵਾਲੀ 55 ਸਾਲਾ ਸਾਲੁਕਵਾਜ਼ੇ ਪੈਰਿਸ ਉਲੰਪਿਕ ਵਿਚ ਕੈਨੇਡਾ ਦੇ ਘੋੜਸਵਾਰ ਈਆਨ ਮਿਲਰ ਦੇ 10 ਉਲੰਪਿਕ ਦੇ ਰਿਕਾਰਡ ਦੀ ਬਰਾਬਰੀ ਕਰੇਗੀ। ਸਾਲੁਕਵਾਜ਼ੇ ਦਾ ਕਹਿਣਾ ਹੈਪਹਿਲੀਆਂ ਉਲੰਪਿਕ ਖੇਡਾਂ ਦੇ ਬਾਅਦ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ 10 ਉਲੰਪਿਕ ਖੇਡਾਂਗੀ। ਮੈਨੂੰ ਆਪਣੇ ਖੇਡ ਜੀਵਨ ਦੀ ਏਨੀ ਲੰਮੀ ਮਿਆਦ ਨੂੰ ਸਮਝਾਉਣ ਲਈ ਪੂਰੀ ਕਿਤਾਬ ਲਿਖਣੀ ਪਵੇਗੀ, ਪਰ ਹਰ ਜਿੱਤ ਦੇ ਬਾਅਦ ਜੋ ਤਾਕਤ ਮੈਂ ਮਹਿਸੂਸ ਕੀਤੀ, ਉਸ ਨੇ ਮੈਨੂੰ ਹਰ ਦਿਨ ਹੋਰ ਸਖਤ ਮਿਹਨਤ ਕਰਨ ਲਈ ਮਜਬੂਰ ਕੀਤਾ।

ਰੀਓ ਉਲੰਪਿਕ ਵਿਚ ਆਪਣੇ ਬੇਟੇ ਸੋਤਨੇ ਮਾਚਾਵਰਿਆਨੀ ਨਾਲ ਹਿੱਸਾ ਲੈਣ ਵਾਲੀ ਸਾਲੁਕਵਾਜ਼ੇ ਨੇ ਆਪਣੇ ਖੇਡ ਸਫਰ ਦਾ ਜ਼ਿਕਰ ਕਰਦਿਆਂ ਇਹ ਵੀ ਕਿਹਾਟੋਕੀਓ ਉਲੰਪਿਕ ਦੇ ਬਾਅਦ ਲੱਗਿਆ ਕਿ ਹੁਣ ਕਹਾਣੀ ਖਤਮ ਹੋ ਗਈ। ਟੋਕੀਓ ਦੇ ਬਾਅਦ ਮੈਂ ਹਾਰ ਮੰਨ ਲਈ ਸੀ, ਪਰ ਮੇਰੇ ਪਿਤਾ, ਜੋ ਉਦੋਂ 93 ਸਾਲ ਦੇ ਸਨ, ਨੇ ਮੈਨੂੰ ਕਿਹਾ ਕਿ ਪੈਰਿਸ ਉਲੰਪਿਕ ਵਿਚ ਸਿਰਫ ਤਿੰਨ ਸਾਲ ਬਚੇ ਹਨ ਤੇ ਤੂੰ ਉਸ ਲਈ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕਰ। ਮੈਨੂੰ ਲੱਗਿਆ ਕਿ ਪਿਤਾ ਨੇ ਮੇਰੇ ਤੋਂ ਕਦੇ ਕੁਝ ਨਹੀਂ ਮੰਗਿਆ ਤੇ ਉਹ ਉਨ੍ਹਾ ਦੀ ਆਖਰੀ ਮੰਗ ਹੋ ਸਕਦੀ ਹੈ। ਇਸ ਲਈ ਮੈਂ ਪੂਰੀ ਤਾਕਤ ਜੁਟਾਈ ਤੇ ਹਾਮੀ ਭਰ ਦਿੱਤੀ। ਅੱਜ ਮੇਰੇ ਪਿਤਾ ਤਾਂ ਦੁਨੀਆ ਵਿਚ ਨਹੀਂ, ਪਰ ਮੈਂ ਖੁਸ਼ ਹਾਂ ਕਿ ਮੈਂ ਉਨ੍ਹਾ ਦੀ ਮੰਗ ਪੂਰੀ ਕੀਤੀ ਹੈ। ਪਿਤਾ ਤੋਂ ਇਲਾਵਾ ਬੇਟੇ ਨੇ ਵੀ ਹਥਿਆਰ ਛੱਡਣ ਵਿਰੁੱਧ ਧਮਕੀ ਦਿੰਦਿਆਂ ਕਿਹਾ ਸੀ ਕਿ ਜੇ ਤੂੰ ਆਤਮ-ਸਮਰਪਣ ਕੀਤਾ ਤਾਂ ਮੈਂ ਵੀ ਕਰ ਦੇਵਾਂਗਾ। 55 ਸਾਲਾ ਸਾਲੁਕਵਾਜ਼ੇ ਦਾ ਖੇਡ ਜੀਵਨ ਨਿਸਚੇ ਹੀ ਪੇ੍ਰਰਨਾਸਰੋਤ ਹੈ। ਖੇਡਾਂ ਵਿਚ ਨਾਮਣਾ ਖੱਟਣ ਦੀ ਇੱਛਾ ਰੱਖਣ ਵਾਲਿਆਂ ਨੂੰ ਆਪਣੇ ਕਮਰੇ ਵਿਚ ਆਪਣੇ ਹੋਰਨਾਂ ਆਦਰਸ਼ ਐਥਲੀਟਾਂ ਦੇ ਨਾਲ-ਨਾਲ ਉਸ ਦੀ ਤਸਵੀਰ ਲਾਉਣੀ ਉਨ੍ਹਾਂ ਨੂੰ ਹੋਰ ਬਲ ਬਖਸ਼ਣ ’ਚ ਸਹਾਈ ਹੋ ਸਕਦੀ ਹੈ।

ਸਾਂਝਾ ਕਰੋ

ਪੜ੍ਹੋ

PF ਖਾਤੇ ‘ਚ ਆ ਗਿਆ ਹੈ ਵਿਆਜ

ਨਵੀਂ ਦਿੱਲੀ, 25 ਨਵੰਬਰ – EPFO ਨਿਵੇਸ਼ ਲਈ ਬਹੁਤ ਵਧੀਆ...