ਪੈਰਿਸ ਓਲੰਪਿਕ ਵਿੱਚ 117 ਖਿਡਾਰੀ ਕਰਨਗੇ ਭਾਰਤ ਦੀ ਨੁਮਾਇੰਦਗੀ

ਨਵੀਂ ਦਿੱਲੀ, 18 ਜੁਲਾਈ ਪੈਰਿਸ ਓਲੰਪਿਕ ਵਿੱਚ ਭਾਰਤ ਦੇ 117 ਖਿਡਾਰੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਖੇਡ ਮੰਤਰਾਲੇ ਨੇ ਸਹਿਯੋਗੀ ਸਟਾਫ ਦੇ 140 ਮੈਂਬਰਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਵਿੱਚ ਖੇਡ ਅਧਿਕਾਰੀ ਵੀ ਸ਼ਾਮਲ ਹਨ। ਸਹਿਯੋਗੀ ਸਟਾਫ਼ ਦੇ 72 ਮੈਂਬਰ ਸਰਕਾਰੀ ਖਰਚੇ ’ਤੇ ਮਨਜ਼ੂਰ ਕੀਤੇ ਗਏ ਹਨ। ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਖਿਡਾਰੀਆਂ ’ਚ ਸਿਰਫ ਸ਼ਾਟਪੁਟ ਅਥਲੀਟ ਆਭਾ ਖਟੂਆ ਦਾ ਨਾਂ ਸੂਚੀ ’ਚ ਸ਼ਾਮਲ ਨਹੀਂ ਹੈ। ਵਿਸ਼ਵ ਰੈਂਕਿੰਗ ਰਾਹੀਂ ਕੋਟਾ ਹਾਸਲ ਕਰਨ ਵਾਲੀ ਆਭਾ ਦਾ ਨਾਂ ਹਟਾਉਣ ਬਾਰੇ ਕੋਈ ਸਪੱਸ਼ਟੀਕਰਨ ਵੀ ਨਹੀਂ ਦਿੱਤਾ ਗਿਆ। ਲੰਡਨ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਸਾਬਕਾ ਨਿਸ਼ਾਨੇਬਾਜ਼ ਗਗਨ ਨਾਰੰਗ ਨੂੰ ਚੀਫ-ਡੀ-ਮਿਸ਼ਨ (ਇੰਚਾਰਜ) ਨਿਯੁਕਤ ਕੀਤਾ ਗਿਆ ਹੈ। ਨਾਰੰਗ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੇ ਮੀਤ ਪ੍ਰਧਾਨ ਵੀ ਹਨ। ਖੇਡ ਮੰਤਰਾਲੇ ਨੇ ਆਈਓਏ ਪ੍ਰਧਾਨ ਪੀਟੀ ਊਸ਼ਾ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ, ‘‘ਓਲੰਪਿਕ ਖੇਡਾਂ 2024 ਦੀ ਪ੍ਰਬੰਧਕੀ ਕਮੇਟੀ ਦੇ ਨਿਯਮਾਂ ਅਨੁਸਾਰ ਸਹਿਯੋਗੀ ਸਟਾਫ਼ ਦੇ ਸਿਰਫ਼ 67 ਮੈਂਬਰ ਹੀ ਉਥੇ ਰਹਿ ਸਕਦੇ ਹਨ, ਜਿਸ ਵਿੱਚ ਆਈਓਏ ਦੇ 11 ਅਧਿਕਾਰੀ ਵੀ ਸ਼ਾਮਲ ਹਨ। ਆਭਾ ਦਾ ਨਾਂ ਨਾ ਹੋਣ ਦੇ ਬਾਵਜੂਦ ਖਿਡਾਰੀਆਂ ਦੀ ਸੂਚੀ ’ਚ ਸਭ ਤੋਂ ਵੱਧ 29 (11 ਮਹਿਲਾ ਅਤੇ 18 ਪੁਰਸ਼) ਖਿਡਾਰੀ ਅਥਲੈਟਿਕਸ ਦੇ ਹਨ। ਉਨ੍ਹਾਂ ਤੋਂ ਬਾਅਦ ਸ਼ੂਟਿੰਗ (21) ਅਤੇ ਹਾਕੀ (19) ਆਉਂਦੀ ਹੈ। ਭਾਰਤ ਦੇ ਅੱਠ ਖਿਡਾਰੀ ਟੇਬਲ ਟੈਨਿਸ ਵਿੱਚ ਹਿੱਸਾ ਲੈਣਗੇ ਜਦਕਿ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਸਮੇਤ ਸੱਤ ਖਿਡਾਰੀ ਬੈਡਮਿੰਟਨ ਵਿੱਚ ਹਿੱਸਾ ਲੈਣਗੇ। ਕੁਸ਼ਤੀ (6), ਤੀਰਅੰਦਾਜ਼ੀ (6) ਅਤੇ ਮੁੱਕੇਬਾਜ਼ੀ (6) ਵਿੱਚ ਛੇ-ਛੇ ਖਿਡਾਰੀ ਓਲੰਪਿਕ ਵਿੱਚ ਆਪਣੀ ਚੁਣੌਤੀ ਪੇਸ਼ ਕਰਨਗੇ। ਇਸ ਤੋਂ ਬਾਅਦ ਗੋਲਫ (4), ਟੈਨਿਸ (3) ਤੇ ਤੈਰਾਕੀ (2) ਆਉਂਦੀ ਹੈ। ਘੋੜ ਸਵਾਰੀ, ਜੂਡੋ, ਰੋਇੰਗ ਅਤੇ ਵੇਟ ਲਿਫਟਿੰਗ ਵਿੱਚ ਇੱਕ-ਇੱਕ ਖਿਡਾਰੀ ਹਿੱਸਾ ਲਵੇਗਾ। ਸ਼ੂਟਿੰਗ ਟੀਮ ਵਿੱਚ 11 ਮਹਿਲਾ ਅਤੇ 10 ਪੁਰਸ਼ ਖਿਡਾਰੀ ਸ਼ਾਮਲ ਹਨ। ਟੇਬਲ ਟੈਨਿਸ ਵਿੱਚ, ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਵਿੱਚ ਚਾਰ-ਚਾਰ ਖਿਡਾਰੀ ਹਨ। ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗ਼ਮਾ ਜੇਤੂ ਮੀਰਾਬਾਈ ਚਾਨੂ ਟੀਮ ਵਿੱਚ ਸ਼ਾਮਲ ਇਕਲੌਤੀ ਵੇਟਲਿਫਟਰ ਹੈ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...