ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਹੋਏ ਜਾਨਲੇਵਾ ਹਮਲੇ ਨੇ ਅਮਰੀਕਾ ਹੀ ਨਹੀਂ, ਪੂਰੀ ਦੁਨੀਆ ਨੂੰ ਰਾਜਨੀਤੀ ਵਿਚ ਫੈਲ ਰਹੇ ਵੈਰ-ਭਾਵ ’ਤੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਗੋਲ਼ੀ ਨਿਸ਼ਾਨੇ ’ਤੇ ਲੱਗ ਜਾਂਦੀ ਤਾਂ ਕੁੜੱਤਣ ਵਾਲੇ ਇਸ ਮਾਹੌਲ ਵਿਚ ਕੀ ਹੋ ਸਕਦਾ ਸੀ, ਇਸ ਨੂੰ ਸੋਚ ਕੇ ਹੀ ਹਰ ਕਿਸੇ ਦੇ ਲੂ-ਕੰਡੇ ਖੜ੍ਹੇ ਹੋ ਜਾਂਦੇ ਹਨ। ਇਸੇ ਲਈ ਰਾਸ਼ਟਰਪਤੀ ਜੋਅ ਬਾਇਡਨ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਲੋਕਾਂ ਨੂੰ ਹਿੰਸਕ ਬਿਆਨਬਾਜ਼ੀ ਰੋਕਣ ਦੀ ਅਪੀਲ ਕੀਤੀ। ਟਰੰਪ ਨੇ ਵੀ ਹਮਲੇ ਤੋਂ ਬਾਅਦ ਕਿਹਾ ਕਿ ਉਹ ਆਪਣੀ ਰਿਪਬਲਿਕਨ ਪਾਰਟੀ ਦੇ ਇਜਲਾਸ ਦੇ ਭਾਸ਼ਣ ਵਿਚ ਦੇਸ਼ ਨੂੰ ਇਕਜੁੱਟ ਹੋਣ ਦੀ ਅਪੀਲ ਕਰਨਗੇ। ਦੋਵੇਂ ਪਾਰਟੀਆਂ ਦੇ ਮੁੱਖ ਨੇਤਾ, ਸਿਆਸੀ ਪੰਡਿਤ ਅਤੇ ਮੀਡੀਆ ਸਾਰੇ ਇਸ ਸਮੇਂ ਸਮਝਦਾਰੀ ਵਾਲੀਆਂ ਗੱਲਾਂ ਕਰ ਰਹੇ ਹਨ ਅਤੇ ਲੋਕਾਂ ਨੂੰ ਯਾਦ ਦਿਵਾ ਰਹੇ ਹਨ ਕਿ ਲੋਕਤੰਤਰ ਅਤੇ ਹਿੰਸਾ ਨਾਲ-ਨਾਲ ਨਹੀਂ ਰਹਿ ਸਕਦੇ।
ਇਹ ਦੋਵੇਂ ਇਕ-ਦੂਜੇ ਦੇ ਵਿਰੋਧੀ ਹਨ। ਟਰੰਪ ’ਤੇ ਹਮਲੇ ਦੀ ਦੁਨੀਆ ਭਰ ਦੇ ਨੇਤਾਵਾਂ ਨੇ ਨਿੰਦਾ ਕੀਤੀ ਹੈ। ਭਾਰਤ ਵਿਚ ਵੀ ਪ੍ਰਧਾਨ ਮੰਤਰੀ ਮੋਦੀ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਪਰ ਹਕੀਕਤ ਇਹ ਹੈ ਕਿ ਅਮਰੀਕਾ ਅਤੇ ਭਾਰਤ, ਦੋਵੇਂ ਹੀ ਲੋਕਤੰਤਰਾਂ ਦੀ ਰਾਜਨੀਤੀ ਵਿਚ ਹਿੰਸਾ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਤੇ ਪੁਰਾਣੀਆਂ ਹਨ। ਅਮਰੀਕਾ ਵਿਚ ਜਦ-ਜਦ ਵੀ ਸਮਾਜਿਕ ਅਤੇ ਸੱਭਿਆਚਾਰਕ ਮੁੱਦਿਆਂ ’ਤੇ ਆਪਸੀ ਵਿਰੋਧ ਵਧਿਆ, ਤਦ-ਤਦ ਰਾਜਨੀਤਕ ਹੱਤਿਆਵਾਂ ਅਤੇ ਦੰਗੇ-ਫ਼ਸਾਦ ਹੋਏ ਹਨ। ਉੱਨੀਵੀਂ ਸਦੀ ਦੇ ਅੱਧ ਵਿਚ ਦੇਸ਼ ਜਦੋਂ ਦਾਸਤਾ ਹਟਾਉਣ ਦੇ ਮੁੱਦੇ ’ਤੇ ਉੱਤਰ ਤੇ ਦੱਖਣ ਵਿਚ ਵੰਡਿਆ ਗਿਆ ਸੀ, ਉਦੋਂ ਦਾਸਤਾ ਨੂੰ ਹਟਾਉਣ ਦੇ ਪੱਖ ਵਿਚ ਡਟੇ ਰਾਸ਼ਟਰਪਤੀ ਇਬਰਾਹੀਮ ਲਿੰਕਨ ਦੀ ਹੱਤਿਆ ਹੋਈ। ਪਿਛਲੀ ਸਦੀ ਦੇ ਸੱਤਵੇਂ ਦਹਾਕੇ ਵਿਚ ਜਦ ਨਾਗਰਿਕ ਅਧਿਕਾਰ ਅੰਦੋਲਨ ਨੂੰ ਲੈ ਕੇ ਆਪਸੀ ਮਤਭੇਦ ਵਧੇ, ਉਦੋਂ ਰਾਸ਼ਟਰਪਤੀ ਜੌਹਨ ਕੈਨੇਡੀ, ਸੈਨੇਟਰ ਰਾਬਰਟ ਕੈਨੇਡੀ ਅਤੇ ਮਾਰਟਿਨ ਲੂਥਰ ਕਿੰਗ ਦੇ ਕਤਲ ਹੋਏ।
ਪਿਛਲੀ ਸਦੀ ਦੇ ਅੱਠਵੇਂ ਦਹਾਕੇ ਵਿਚ ਵੀਅਤਨਾਮ ਜੰਗ ਨੂੰ ਲੈ ਕੇ ਫੈਲੀ ਵਿਚਾਰਧਾਰਕ ਕੁੜੱਤਣ ਦੌਰਾਨ ਦੋ ਵਾਰ ਰਾਸ਼ਟਰਪਤੀ ਜੇਰਲਡ ਫੋਰਡ ’ਤੇ ਜਾਨਲੇਵਾ ਹਮਲੇ ਹੋਏ ਅਤੇ 1981 ਵਿਚ ਆਰਥਿਕ ਸੰਕਟ ਨੂੰ ਲੈ ਕੇ ਫੈਲੀ ਕੁੜੱਤਣ ਦੌਰਾਨ ਰਾਸ਼ਟਰਪਤੀ ਰੀਗਨ ’ਤੇ ਹਮਲਾ ਹੋਇਆ। ਤ੍ਰਾਸਦੀ ਇਹ ਹੈ ਕਿ ਦੁਨੀਆ ਵਿਚ ਸਭ ਤੋਂ ਚੰਗੀ ਆਰਥਿਕ ਅਤੇ ਫੌ਼ਜੀ ਸਥਿਤੀ ਦੇ ਬਾਵਜੂਦ ਅਮਰੀਕਾ ਇਸ ਸਮੇਂ ਸਭ ਤੋਂ ਗੰਭੀਰ ਵਿਚਾਰਧਾਰਕ ਅਤੇ ਰਾਜਨੀਤਕ ਸੰਕਟ ਦੇ ਦੌਰ ਵਿਚ ਹੈ। ਉਸ ਦਾ ਅਰਥਚਾਰਾ ਕੋਵਿਡ ਦੀ ਮਾਰ ਤੋਂ ਬਾਅਦ ਤੋਂ ਸਭ ਤੋਂ ਸ਼ਕਤੀਸ਼ਾਲੀ ਹੋ ਕੇ ਉੱਭਰਿਆ ਹੈ। ਬੇਰੁਜ਼ਗਾਰੀ ਸਭ ਤੋਂ ਹੇਠਲੇ ਪੱਧਰ ’ਤੇ ਹੈ। ਮਹਿੰਗਾਈ ਨੂੰ ਨੱਥ ਪੈ ਰਹੀ ਹੈ। ਵਿਆਜ ਦਰਾਂ ਘਟਣ ਵਾਲੀਆਂ ਹਨ। ਚੀਨ ਦੀ ਕੋਸ਼ਿਸ਼ ਦੇ ਬਾਵਜੂਦ ਡਾਲਰ ਅਤੇ ਅਮਰੀਕੀ ਕੰਪਨੀਆਂ ਦੀ ਚੜ੍ਹਤ ਬਰਕਰਾਰ ਹੈ, ਫਿਰ ਵੀ ਅੱਧੀ ਅਮਰੀਕੀ ਜਨਤਾ ਨੂੰ ਪੱਟੀ ਪੜ੍ਹਾ ਦਿੱਤੀ ਗਈ ਹੈ ਕਿ ਉਨ੍ਹਾਂ ਦਾ ਦੇਸ਼ ਤੀਜੀ ਦੁਨੀਆ ਦਾ ਮੁਲਕ ਬਣ ਚੁੱਕਾ ਹੈ।
ਰਿਪਬਲਿਕਨ ਪਾਰਟੀ ਦੇ ਟਰੰਪ ਸਮਰਥਕਾਂ ਨੂੰ ਲੱਗਦਾ ਹੈ ਕਿ ਬਾਇਡਨ ਸਰਕਾਰ ਦੇਸ਼ ਦੇ ਦਰਵਾਜ਼ੇ ਅਪਰਾਧੀ ਅਤੇ ਪਾਗਲ ਪਰਵਾਸੀਆਂ ਦੀ ਭੀੜ ਲਈ ਖੋਲ੍ਹ ਕੇ ਉਨ੍ਹਾਂ ਦੀ ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਨਸ਼ਟ ਕਰਨ ’ਤੇ ਉਤਾਰੂ ਹੈ। ਡੈਮੋਕ੍ਰੈਟਿਕ ਪਾਰਟੀ ਨੂੰ ਉਹ ਉਸ ਡੀਪ ਸਟੇਟ ਜਾਂ ਨੌਕਰਸ਼ਾਹੀ ਤੰਤਰ ਦਾ ਹਿੱਸਾ ਮੰਨਦੇ ਹਨ ਜੋ ਜਲਵਾਯੂ ਪਰਿਵਰਤਨ ਰੋਕਣ ਦੇ ਨਾਂ ’ਤੇ ਟੈਕਸ ਵਧਾ ਕੇ ਦੇਸ਼ ਨੂੰ ਬਰਬਾਦ ਕਰਨਾ ਚਾਹੁੰਦਾ ਹੈ। ਦੂਜੇ ਪਾਸੇ ਬਾਇਡਨ ਦੀ ਡੈਮੋਕ੍ਰੈਟਿਕ ਪਾਰਟੀ ਦੇ ਸਮਰਥਕਾਂ ਨੂੰ ਲੱਗਦਾ ਹੈ ਕਿ ਟਰੰਪ ਦੀ ਜਿੱਤ ਲੋਕਤੰਤਰ ਨੂੰ ਖ਼ਤਮ ਕਰ ਕੇ ਤਾਨਾਸ਼ਾਹੀ ਲਿਆ ਦੇਵੇਗੀ ਅਤੇ ਟਰੰਪ ਦੇ ਚੁਣੇ ਜਾਂਦੇ ਹੀ ਅਮਰੀਕਾ ਵਿਚ ਕਿਆਮਤ ਆ ਜਾਵੇਗੀ। ਟਰੰਪ ਆਪਣੇ ਵਿਰੋਧੀਆਂ ਨੂੰ ਕੀੜੇ-ਮਕੌੜੇ ਕਹਿੰਦੇ ਹਨ ਜਦਕਿ ਬਾਇਡਨ ਟਰੰਪ ਨੂੰ ਫਾਸੀ, ਤਾਨਾਸ਼ਾਹ ਅਤੇ ਅਪਰਾਧੀ ਕਹਿੰਦੇ ਹਨ। ਲੋਕਤੰਤਰ ਵਿਚ ਵਿਰੋਧੀ ਬਿਆਨਬਾਜ਼ੀ ਕੋਈ ਨਵੀਂ ਗੱਲ ਨਹੀਂ ਹੈ ਪਰ ਅਮਰੀਕਾ ਦੀ ਸਮੱਸਿਆ ਇਹ ਹੈ ਕਿ ਉੱਥੇ ਗੰਨਸੰਖਿਆ ਜਨਸੰਖਿਆ ਨਾਲੋਂ ਵੀ ਜ਼ਿਆਦਾ ਹੈ।
ਇਕ ਆਮ ਬਾਲਗ ਨਾਗਰਿਕ ਆਤਮ ਰੱਖਿਆ ਲਈ ਸੁਪਰ ਬਾਜ਼ਾਰ ਤੋਂ ਗੰਨ ਖ਼ਰੀਦ ਸਕਦਾ ਹੈ। ਅਮਰੀਕਾ ਵਿਚ ਮਾਨਸਿਕ ਤੌਰ ’ਤੇ ਬਿਮਾਰਾਂ ਦੀ ਗਿਣਤੀ ਵੀ ਵਧ ਰਹੀ ਹੈ। ਅਜਿਹੇ ਸਮਾਜਿਕ ਮਾਹੌਲ ਵਿਚ ਇੰਟਰਨੈੱਟ ਮੀਡੀਆ ’ਤੇ ਵਿਰੋਧੀਆਂ ਦਾ ਦਾਨਵੀਕਰਨ ਕੱਚੇ ਮਾਨਸਿਕ ਸੰਤੁਲਨ ਵਾਲੇ ਲੋਕਾਂ ਨੂੰ ਰਾਜਨੀਤਕ ਹਿੰਸਾ ਲਈ ਪ੍ਰੇਰਿਤ ਕਰ ਸਕਦਾ ਹੈ ਅਤੇ ਕਰ ਰਿਹਾ ਹੈ। ਟਰੰਪ ’ਤੇ ਹਮਲਾ ਕਰਨ ਵਾਲਾ ਟਾਮਸ ਮੈਥਿਊ ਕਰੁਕਸ ਇਸੇ ਦੀ ਮਿਸਾਲ ਹੈ। ਅਮਰੀਕਾ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸਿਆਸਤਦਾਨ ਅਤੇ ਉਨ੍ਹਾਂ ਦੇ ਸਮਰਥਕ ਇਸ ਘਟਨਾ ਤੋਂ ਸਬਕ ਲੈ ਕੇ ਦੂਜਿਆਂ ਦਾ ਦਾਨਵੀਕਰਨ ਕਰਨੋਂ ਅਤੇ ਹਿੰਸਾ ਲਈ ਉਕਸਾਉਣ ਵਾਲੀ ਬਿਆਨਬਾਜ਼ੀ ਤੋਂ ਬਾਜ਼ ਆਉਣ ਲਈ ਤਿਆਰ ਹਨ? ਟਰੰਪ ਤੇ ਉਨ੍ਹਾਂ ਦੇ ਸਮਰਥਕ ਹਾਲੇ ਤਾਂ ਦੇਸ਼ ਜੋੜਨ ਦੀਆਂ ਗੱਲਾਂ ਕਰ ਰਹੇ ਹਨ ਪਰ ਕੀ ਉਨ੍ਹਾਂ ਨੂੰ ਚੋਣ ਪ੍ਰਚਾਰ ਵਿਚ ਹਕੀਕਤ ਵਿਚ ਬਦਲ ਸਕਣਗੇ? ਚੋਣ ਪ੍ਰਚਾਰ ਦੀ ਦਿਸ਼ਾ ਇਸ ਸਮੇਂ ਟਰੰਪ ਦੇ ਹੱਥਾਂ ਵਿਚ ਹੈ। ਬਹੁਤ ਕੁਝ ਇਸ ’ਤੇ ਨਿਰਭਰ ਕਰੇਗਾ ਕਿ ਰਿਪਬਲਿਕਨ ਪਾਰਟੀ ਦੇ ਇਜਲਾਸ ਵਿਚ ਆਪਣੀ ਉਮੀਦਵਾਰੀ ਸਵੀਕਾਰ ਕਰਦੇ ਹੋਏ ਟਰੰਪ ਕਿਸ ਅੰਦਾਜ਼ ਵਿਚ ਕੀ ਕਹਿਣਗੇ?
ਹਿੰਸਾ ਲਈ ਉਕਸਾਉਣ ਦੇ ਮਾਮਲੇ ਵਿਚ ਸਭ ਤੋਂ ਵੱਧ ਉਂਗਲੀਆਂ ਉਨ੍ਹਾਂ ’ਤੇ ਉੱਠਦੀਆਂ ਰਹੀਆਂ ਹਨ। ਅਜਿਹੀਆਂ ਕੁਝ ਘਟਨਾਵਾਂ ਨੂੰ ਬਾਇਡਨ ਨੇ ਗਿਣਾਇਆ ਵੀ, ਜਿਵੇਂ ਲੋਕਾਂ ਨੂੰ ਅਮਰੀਕੀ ਸੰਸਦ ’ਤੇ ਧਾਵਾ ਬੋਲਣ ਅਤੇ ਅਮਰੀਕੀ ਕਾਂਗਰਸ ਦੀ ਸਾਬਕਾ ਸਪੀਕਰ ਨੈਨਸੀ ਪੇਲੋਸੀ ਦੇ ਘਰ ਵਿਚ ਘੁਸ ਕੇ ਉਨ੍ਹਾਂ ਦੇ ਪਤੀ ’ਤੇ ਹਮਲੇ ਲਈ ਜਾਂ ਫਿਰ ਮਿਸ਼ੀਗਨ ਦੀ ਗਵਰਨਰ ਨੂੰ ਅਗਵਾ ਕਰਨ ਲਈ ਉਕਸਾਉਣਾ। ਹਮਲੇ ਕਾਰਨ ਇਸ ਸਮੇਂ ਟਰੰਪ ਦੀ ਲੋਕਪ੍ਰਿਅਤਾ ’ਚ ਉਛਾਲ ਆ ਰਿਹਾ ਹੈ ਪਰ ਹਮਲੇ ਤੋਂ ਬਾਅਦ ਰੀਗਨ ਦੀ ਲੋਕਪ੍ਰਿਅਤਾ ਵਿਚ ਆਏ ਉਛਾਲ ਦੀ ਤਰ੍ਹਾਂ ਉਹ ਕੁਝ ਹਫ਼ਤਿਆਂ ਵਿਚ ਹੇਠਾਂ ਆ ਸਕਦੀ ਹੈ। ਉਸ ਸੂਰਤ ਵਿਚ ਟਰੰਪ ਅਤੇ ਉਨ੍ਹਾਂ ਦੇ ਸਮਰਥਕ ਕਿੰਨਾ ਸੰਜਮ ਵਰਤਣਗੇ? ਦੂਜੇ ਪਾਸੇ ਬਾਇਡਨ ਅਤੇ ਉਨ੍ਹਾਂ ਦੇ ਸਮਰਥਕ ਲੋਕਪ੍ਰਿਅਤਾ ਵਿਚ ਟਰੰਪ ਤੋਂ ਪੱਛੜਨ ਕਾਰਨ ਭਾਰੀ ਦਬਾਅ ਵਿਚ ਹਨ। ਅਜਿਹੇ ਵਿਚ ਕੀ ਉਹ ਨਫ਼ਰਤੀ ਬਿਆਨਬਾਜ਼ੀ ਨਾਲ ਵੋਟਾਂ ਹਾਸਲ ਕਰਨ ਦੇ ਲੋਭ ਤੋਂ ਬਚ ਸਕਣਗੇ? ਹਾਲੇ ਤਾਂ ਅਮਰੀਕੀ ਮੀਡੀਆ ਵਿਚ ਸੰਜਮ ਭਰੀਆਂ ਸੰਪਾਦਕੀਆਂ ਛਪ ਰਹੀਆਂ ਹਨ ਪਰ ਕੀ ਇਹ ਸੰਜਮ ਚੋਣ ਪ੍ਰਚਾਰ ਦੀ ਗਰਮੀ ਨੂੰ ਸਹਾਰ ਸਕੇਗਾ?
ਅਮਰੀਕਾ ਨੂੰ ਇਸ ਸਮੇਂ ਇਸ ਤਰ੍ਹਾਂ ਦੇ ਕਈ ਸਵਾਲਾਂ ਦੇ ਉੱਤਰ ਲੱਭਣੇ ਪੈਣੇ ਹਨ। ਓਥੇ ਹੀ ਯੂਰਪੀ ਦੇਸ਼ਾਂ, ਚੀਨ ਅਤੇ ਭਾਰਤ ਨੇ ਇਕ ਵਾਰ ਫਿਰ ਟਰੰਪ ਦੀਆਂ ਅਣਕਿਆਸੀਆਂ ਨੀਤੀਆਂ ਲਈ ਕਮਰ ਕੱਸਣੀ ਹੈ ਕਿਉਂਕਿ ਹਮਲੇ ਮਗਰੋਂ ਉਨ੍ਹਾਂ ਦੇ ਜਿੱਤਣ ਦੀ ਸੰਭਾਵਨਾ ਮਜ਼ਬੂਤ ਹੋ ਗਈ ਹੈ। ਭਾਰਤ ਸਮੇਤ ਹਰ ਜਮਹੂਰੀ ਮੁਲਕ ਨੂੰ ਆਪਣੇ ਇੱਥੇ ਰਾਜਨੀਤੀ ਵਿਚ ਵਧਦੇ ਵੈਰ-ਭਾਵ ਅਤੇ ਹਿੰਸਾ ਤੇ ਇੰਟਰਨੈੱਟ ਮੀਡੀਆ ਜ਼ਰੀਏ ਫੈਲਦੀ ਉਸ ਦੀ ਗੂੰਜ ਦੇ ਅਸਰਾਂ ਨਾਲ ਨਿਪਟਣ ਬਾਰੇ ਸੰਜੀਦਗੀ ਨਾਲ ਸੋਚਣਾ ਹੋਵੇਗਾ। ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਖ਼ਤਰਨਾਕ ਨਤੀਜੇ ਸਾਹਮਣੇ ਆ ਸਕਦੇ ਹਨ ਤੇ ਸਮਾਜ ਵਿਚ ਅਸ਼ਾਂਤੀ ਵਾਲਾ ਮਾਹੌਲ ਬਣ ਸਕਦਾ ਹੈ। ਇਸ ਲਈ ਚੰਗਾ ਇਹੀ ਹੋਵੇਗਾ ਕਿ ਰਾਜਨੀਤੀ ਵਿਚ ਵਧ ਰਹੇ ਵੈਰ ਦੀ ਭਾਵਨਾ ਅਤੇ ਹਿੰਸਾ ਨੂੰ ਖ਼ਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ। ਸ਼ਿਕਾਗੋ ਯੂਨੀਵਰਸਿਟੀ ਦੀ ਇਕ ਖੋਜ ਸੰਸਥਾ ਸ਼ਿਕਾਗੋ ਪ੍ਰਾਜੈਕਟ ਦੇ ਹਾਲੀਆ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਅਮਰੀਕਾ ਦੇ ਦਸ ਪ੍ਰਤੀਸ਼ਤ ਲੋਕਾਂ ਨੇ ਟਰੰਪ ਨੂੰ ਸੱਤਾ ਵਿਚ ਆਉਣ ਤੋਂ ਰੋਕਣ ਅਤੇ ਸੱਤ ਪ੍ਰਤੀਸ਼ਤ ਨੇ ਉਨ੍ਹਾਂ ਨੂੰ ਸੱਤਾ ਵਿਚ ਲਿਆਉਣ ਲਈ ਤਾਕਤ ਦੀ ਵਰਤੋਂ ਨੂੰ ਸਹੀ ਠਹਿਰਾਇਆ। ਅਮਰੀਕਾ ਵਿਚ ਹਿੰਸਾ ਦੇ ਲੰਬੇ ਇਤਿਹਾਸ ਨੂੰ ਦੇਖਦੇ ਹੋਏ ਉਕਤ ਸਰਵੇਖਣ ਹੋਰ ਚਿੰਤਾ ਵਧਾ ਰਿਹਾ ਹੈ। ਜਨਤਾ ਵਿਚ ਤੇਜ਼ੀ ਵਧ ਰਹੀ ਹਿੰਸਕ ਬਿਰਤੀ ਸ਼ਾਸਨ ਅਤੇ ਪ੍ਰਸ਼ਾਸਨ ਲਈ ਖ਼ਤਰੇ ਦੀ ਘੰਟੀ ਹੈ। ਲੋਕਤੰਤਰ ਵਿਚ ਮਨਚਾਹੀ ਸੱਤਾ ਲਈ ਵੋਟ ਦੀ ਜਗ੍ਹਾ ਲਾਠੀ ਪ੍ਰਤੀ ਵਧਦਾ ਲੋਕਾਂ ਦਾ ਇਹ ਵਿਸ਼ਵਾਸ ਖ਼ੁਦ ਨੂੰ ਲੋਕਤੰਤਰ ਦਾ ਸਭ ਤੋਂ ਵੱਡਾ ਪਹਿਰੇਦਾਰ ਮੰਨਣ ਵਾਲੇ ਅਮਰੀਕਾ ਲਈ ਹੀ ਨਹੀਂ, ਹਰ ਲੋਕਤੰਤਰ ਲਈ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ।