ਗੁਰੂ ਜੋਗਾ ਭਾਈ ਜੋਗਾ ਸਿੰਘ

ਭਾਈ ਜੋਗਾ ਸਿੰਘ ਦਾ ਜਨਮ ਪਿਸ਼ਾਵਰ ਵਿੱਚ ਗੁਰਮੁੱਖ ਸਿੰਘ ਦੇ ਘਰ 1685 ਈ. ਵਿੱਚ ਹੋਇਆ। ਉਹ ਆਪਣੇ ਪਰਿਵਾਰ ਤੋਂ ਸਿੱਖੀ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਹੋਇਆ। 1694 ਈ. ਵਿੱਚ ਪਿਸ਼ਾਵਰ ਦੀ ਸੰਗਤ ਆਨੰਦਪੁਰ ਸਾਹਿਬ ਹੋਲੇ ਮਹੱਲੇ ’ਤੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਲਈ ਤਿਆਰ ਹੋਈ। ਇਸ ਵਿੱਚ ਜੋਗਾ ਵੀ ਗੁਰੂ ਦੇ ਦਰਸ਼ਨ ਕਰਨ ਲਈ ਸੰਗਤ ਨਾਲ ਆਨੰਦਪੁਰ ਸਾਹਿਬ ਵੱਲ ਤੁਰ ਪਿਆ। ਉਥੇ ਪਹੁੰਚ ਕੇ ਜੋਗਾ ਰੋਜ਼ਾਨਾ ਦੀਵਾਨ ਵਿੱਚ ਬੈਠ ਕੇ ਗੁਰੂ ਜੀ ਦੀ ਸੰਗਤ ਕਰਦਾ ਅਤੇ ਬਾਕੀ ਸਮਾਂ ਲੰਗਰ ਦੀ ਸੇਵਾ ਵਿੱਚ ਲੱਗਾ ਰਹਿੰਦਾ। ਉਸ ਨੂੰ ਆਪਣਾ ਘਰ-ਬਾਰ ਭੁੱਲ ਗਿਆ ਤੇ ਗੁਰੂ ਚਰਨਾਂ ’ਚ ਲੱਗ ਗਿਆ। ਇੱਕ ਦਿਨ ਉਹ ਲੰਗਰ ਵਿੱਚ ਸੇਵਾ ਕਰਦੇ ਸਮੇਂ ਭਾਂਡੇ ਮਾਂਜ ਰਿਹਾ ਸੀ ਤਾਂ ਗੁਰੂ ਗੋਬਿੰਦ ਸਿੰਘ ਟਹਿਲਦੇ-ਟਹਿਲਦੇ ਉਸ ਕੋਲ ਆਏ ਅਤੇ ਉਸ ਨੂੰ ਰੀਝ ਨਾਲ ਭਾਂਡੇ ਸਾਫ ਕਰਦੇ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਜੋਗੇ ਨੂੰ ਪੁੱਛਿਆ, ‘‘ਤੁਹਾਡਾ ਨਾਮ ਕੀ ਹੈ?’’

ਜੋਗਾ ਸਿੰਘ ਨੇ ਕਿਹਾ, ‘‘ਜੋਗਾ।’’

ਗੁਰੂ ਜੀ ਨੇ ਪੁੱਛਿਆ, ‘‘ਕਿਸ ਜੋਗਾ।’’

ਉਸ ਨੇ ਕਿਹਾ, ‘‘ਗੁਰੂ ਜੋਗਾ।’’

ਗੁਰੂ ਜੀ ਨੇ ਖ਼ੁਸ਼ ਹੋ ਕੇ ਕਿਹਾ, ‘‘ਜੋਗੇ ਜੇ ਤੂੰ ਗੁਰੂ ਜੋਗਾ ਤਾਂ ਗੁਰੂ ਤੇਰੇ ਜੋਗੇ।’’ ਗੁਰੂ ਜੀ ਨੇ ਸਿਰ ’ਤੇ ਪਿਆਰ ਦੇ ਕੇ ਬਾਲਕ ਜੋਗੇ ਨੂੰ ਨਿਹਾਲ ਕਰ ਦਿੱਤਾ ਅਤੇ ਕਿਹਾ ਕਿ ਉਹ ਉਸ ਨੂੰ ਮਾਪਿਆਂ ਨਾਲ ਹੁਣ ਵਾਪਸ ਨਹੀਂ ਜਾਣ ਦੇਣਗੇ। ਜੋਗੇ ਨੇ ਕਿਹਾ, ‘‘ਮੇਰਾ ਮਨ ਹੁਣ ਸ੍ਰੀ ਆਨੰਦਪੁਰ ਸਾਹਿਬ ’ਚ ਤੁਹਾਡੇ ਚਰਨਾਂ ਵਿੱਚ ਲੱਗ ਗਿਆ ਹੈ। ਇਸ ਲਈ ਮੇਰਾ ਮਨ ਵੀ ਹੁਣ ਵਾਪਸ ਜਾਣ ਨੂੰ ਮਨ ਨਹੀਂ ਕਰਦਾ। ਪਿਸ਼ਾਵਰ ਦੀ ਸੰਗਤ ਕੁੱਝ ਦਿਨ ਆਨੰਦਪੁਰ ਸਾਹਿਬ ਰਹਿ ਕੇ ਵਾਪਸ ਪਿਸ਼ਾਵਰ ਨੂੰ ਜਾਣ ਲਈ ਤਿਆਰ ਹੋਣ ਲੱਗੀ ਤਾਂ ਜੋਗੇ ਦੇ ਮਾਪਿਆਂ ਨੇ ਉਸ ਨੂੰ ਵੀ ਤਿਆਰ ਹੋਣ ਲਈ ਕਿਹਾ। ਜੋਗੇ ਨੇ ਕਿਹਾ ਕਿ ਹੁਣ ਉਹ ਆਨੰਦਪੁਰ ਸਾਹਿਬ ਵਿੱਚ ਰਹਿ ਕੇ ਗੁਰੂ ਦੀ ਸੰਗਤ ਦਾ ਅਨੰਦ ਮਾਣੇਗਾ। ਜੋਗੇ ਦੇ ਮਾਤਾ-ਪਿਤਾ ਬਾਕੀ ਸੰਗਤ ਨਾਲ ਪਿਸ਼ਾਵਰ ਆ ਗਏ ਤੇ ਜੋਗਾ ਆਨੰਦਪੁਰ ਸਾਹਿਬ ਰਹਿ ਕੇ ਗੁਰੂ ਜੀ ਦੀ ਸੰਗਤ ਦਾ ਆਨੰਦ ਮਾਣਦਾ ਅਤੇ ਬਾਕੀ ਸਮਾਂ ਗੁਰੂ ਘਰ ਵਿੱਚ ਸੇਵਾ ਕਰਨ ’ਚ ਲਗਾ ਦਿੰਦਾ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਨੂੰ ਵਿਸਾਖੀ ਦੇ ਇਤਿਹਾਸਕ ਦਿਹਾੜੇ ਮੌਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਜੋਗਾ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਭਾਈ ਜੋਗਾ ਸਿੰਘ ਬਣ ਗਿਆ। ਭਾਈ ਜੋਗਾ ਸਿੰਘ ਨੇ ਗੁਰੂ ਘਰ ਰਹਿ ਕੇ ਜਿੱਥੇ ਗੁਰਮੁਖੀ, ਉਰਦੂ ਤੇ ਫਾਰਸੀ ਭਾਸ਼ਾ ਸਿੱਖੀ, ਉਥੇ ਹੀ ਘੋੜ ਸਵਾਰੀ ਅਤੇ ਹਥਿਆਰ ਚਲਾਉਣ ਵਿੱਚ ਵੀ ਨਿਪੁੰਨਤਾ ਪ੍ਰਾਪਤ ਕਰ ਲਈ।

1701 ਈ: ਵਿੱਚ ਭਾਈ ਜੋਗਾ ਸਿੰਘ ਦੇ ਮਾਤਾ ਪਿਤਾ ਨੇ ਗੁਰੂ ਜੀ ਨੂੰ ਚਿੱਠੀ ਲਿਖੀ ਕਿ ਭਾਈ ਜੋਗਾ ਸਿੰਘ ਦੀ ਮੰਗਣੀ ਕਰ ਦਿੱਤੀ ਹੈ। ਵਿਆਹ ਲਈ ਉਸ ਨੂੰ ਪਿਸ਼ਾਵਰ ਭੇਜ ਦਿਓ। ਗੁਰੂ ਜੀ ਨੇ ਭਾਈ ਜੋਗਾ ਸਿੰਘ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੇ ਝੱਟ ਉੱਤਰ ਦਿੱਤਾ ਕਿ ਉਸ ਦਾ ਆਨੰਦਪੁਰ ਸਾਹਿਬ ਛੱਡਣ ਨੂੰ ਮਨ ਨਹੀਂ ਕਰਦਾ। ਭਾਈ ਜੋਗਾ ਸਿੰਘ ਦਾ ਉੱਤਰ ਸੁਣ ਕੇ ਗੁਰੂ ਜੀ ਖ਼ੁਸ਼ ਹੋ ਗਏ ਅਤੇ ਉਨ੍ਹਾਂ ਨੇ ਭਾਈ ਜੋਗਾ ਸਿੰਘ ਨੂੰ ਹਿੱਕ ਨਾਲ ਲਾਉਂਦਿਆ ਕਿਹਾ, ‘‘ਲੋੜ ਪੈਣ ’ਤੇ ਤੁਹਾਨੂੰ ਸੱਦ ਲਿਆ ਜਾਵੇਗਾ ਪਰ ਸੱਦਾ ਮਿਲਣ ’ਤੇ ਦੇਰ ਨਾ ਲਾਉਣਾ। ਭਾਈ ਜੋਗਾ ਸਿੰਘ ਗੁਰੂ ਦਾ ਹੁਕਮ ਮੰਨ ਕੇ ਆਨੰਦਪੁਰ ਸਾਹਿਬ ਤੋਂ ਪਿਸ਼ਾਵਰ ਆਪਣੇ ਘਰ ਪਹੁੰਚ ਗਿਆ। ਪਰਿਵਾਰ ਭਾਈ ਜੋਗਾ ਸਿੰਘ ਦੇ ਵਿਆਹ ਦੀ ਤਿਆਰੀ ਕਰਨ ਲੱਗਾ। ਉਸ ਦੇ ਸਹੁਰਾ ਪਰਿਵਾਰ ਨੇ ਜੰਝ ਦੀ ਸੇਵਾ ’ਚ ਕੋਈ ਕਸਰ ਨਹੀਂ ਛੱਡੀ। ਜੋਗਾ ਸਿੰਘ ਅਤੇ ਉਸ ਦੀ ਪਤਨੀ ਲਾਵਾਂ ਲੈਣ ਲੱਗੇ ਤਾਂ ਬਾਬਾ ਜੀ ਨੇ ਹਾਲੇ ਦੂਸਰੀ ਲਾਂਵ ਹੀ ਪੜ੍ਹੀ ਸੀ ਕਿ ਆਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਗੁਰਸਿੱਖ ਹੱਥ ਭਾਈ ਜੋਗਾ ਨੂੰ ਚੱਠੀ ਭਿਜਵਾਈ ਅਤੇ ਭਾਈ ਜੋਗਾ ਸਿੰਘ ਨੂੰ ਚਿੱਠੀ ਪੜ੍ਹਦੇ ਹੀ ਆਨੰਦਪੁਰ ਸਾਹਿਬ ਆਉਣ ਲਈ ਕਿਹਾ । ਭਾਈ ਜੋਗਾ ਸਿੰਘ ਬਾਕੀ ਲਾਵਾਂ ਛੱਡ ਕੇ ਆਨੰਦਪੁਰ ਸਾਹਿਬ ਵੱਲ ਚਾਲੇ ਪਾਉਣ ਲੱਗਾ ਤਾਂ ਰਿਸ਼ਤੇਦਾਰਾਂ ਨੇ ਉਸ ਨੂੰ ਸਾਰੀਆਂ ਲਾਵਾਂ ਸੰਪੂਰਨ ਕਰਨ ਲਈ ਜ਼ੋਰ ਲਗਾਇਆ ਪਰ ਭਾਈ ਜੋਗਾ ਸਿੰਘ ਨੇ ਕਿਸੇ ਦੀ ਨਹੀਂ ਮੰਨੀ। ਭਾਈ ਜੋਗਾ ਸਿੰਘ ਦੀ ਪਤਨੀ ਨੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਉਸ ਦਾ ਪਤੀ ਦੋ ਲਾਵਾਂ ਲੈ ਕੇ ਗੁਰੂ ਜੀ ਕੋਲ ਚਲਾ ਗਿਆ। ਉਹ ਬਾਕੀ ਰਹਿੰਦੀ ਜ਼ਿੰਦਗੀ ਉਸ ਦੀ ਯਾਦ ਵਿੱਚ ਹੀ ਬਤੀਤ ਕਰੇਗੀ।

ਭਾਈ ਜੋਗਾ ਸਿੰਘ ਦਿਨ-ਰਾਤ ਪੈਂਡਾ ਤਹਿ ਕਰਦਾ ਹੋਇਆ ਇੱਕ ਰਾਤ ਹੁਸ਼ਿਆਰਪੁਰ ਪਹੁੰਚ ਗਿਆ। ਉਸ ਦੇ ਮਨ ਵਿੱਚ ਹੰਕਾਰ ਆ ਗਿਆ ਕਿ ਉਸ ਨੇ ਆਪਣੇ ਗੁਰੂ ਵਾਸਤੇ ਲਾਵਾਂ ਛੱਡ ਦਿੱਤੀਆਂ। ਇਸ ਹੰਕਾਰ ਵਿੱਚ ਉਹ ਇਧਰ-ਉਧਰ ਟਹਿਲਣ ਲੱਗਾ। ਉਸ ਨੇ ਇੱਕ ਜਗ੍ਹਾ ਦੇਖਿਆ ਕਿ ਚੁਬਾਰੇ ਵਿੱਚ ਇੱਕ ਵੇਸਵਾ ਬਾਰੀ ਰਾਹੀਂ ਹੇਠਾਂ ਉਸ ਵੱਲ ਵੇਖ ਰਹੀ ਹੈ। ਜਦੋਂ ਜੋਗੇ ਨੇ ਉਸ ਵੱਲ ਵੇਖਿਆ ਤਾਂ ਵੇਸਵਾ ਦੀ ਸੁੰਦਰਤਾ ਦੇਖ ਕੇ ਉਹ ਵੀ ਚੁਬਾਰੇ ਵਿੱਚ ਜਾਣ ਲਈ ਉਤਾਵਲਾ ਹੋਣ ਲੱਗਾ। ਸਾਖੀ ਅਨੁਸਾਰ ਜਦੋਂ ਭਾਈ ਜੋਗਾ ਸਿੰਘ ਪੌੜੀਆਂ ਚੜ੍ਹਨ ਦੀ ਕੋਸ਼ਿਸ਼ ਕਰਦਾ ਤਾਂ ਪਹਿਰੇਦਾਰ ਵਾਰ-ਵਾਰ ਆਨੇ-ਬਹਾਨੇ ਉਸ ਨੂੰ ਪਿੱਛੇ ਮੋੜਦੇ ਰਹੇ। ਅੰਤ ਅੰਮ੍ਰਿਤ ਵੇਲੇ ਉਸ ਨੂੰ ਗਿਆਨ ਹੋ ਗਿਆ ਕਿ ਉਹ ਤਾਂ ਆਪਣੇ ਗੁਰੂ ਦਾ ਹੁਕਮ ਮੰਨ ਕੇ ਆਪਣੀ ਪਤਨੀ ਛੱਡ ਕੇ ਆਨੰਦਪੁਰ ਸਾਹਿਬ ਜਾਣ ਲਈ ਆਇਆ ਸੀ। ਉਸ ਨੇ ਸੋਚਿਆ ਕਿ ਪਹਿਲਾਂ ਉਹ ਹੰਕਾਰ ’ਚ ਆ ਗਿਆ ਅਤੇ ਫਿਰ ਵੇਸਵਾ ਦੀ ਸੁੰਦਰਤਾ ਦੇ ਜਾਲ ਵਿੱਚ ਫਸ ਗਿਆ, ਜਿਹੜਾ ਗੁਰੂ ਦੇ ਸਿੱਖ ਨੂੰ ਸੋਭਾ ਨਹੀਂ ਦਿੰਦਾ।

ਭਾਈ ਜੋਗਾ ਸਿੰਘ ਸਵੇਰੇ ਹੁਸ਼ਿਆਰਪੁਰ ਤੋਂ ਆਨੰਦਪੁਰ ਸਾਹਿਬ ਨੂੰ ਚੱਲ ਪਿਆ ਅਤੇ ਉੱਥੇ ਪਹੁੰਚ ਕੇ ਦੇਖਿਆ ਕਿ ਦੀਵਾਨ ਲੱਗਿਆ ਹੋਇਆ ਹੈ ਅਤੇ ਗੁਰੂ ਜੀ ਅੱਖਾਂ ਬੰਦ ਕਰ ਕੇ ਬੈਠੇ ਹਨ। ਭਾਈ ਜੋਗਾ ਸਿੰਘ ਜਦੋਂ ਗੁਰੂ ਜੀ ਨੂੰ ਨਤਮਸਤਕ ਹੋਇਆ ਤਾਂ ਗੁਰੂ ਜੀ ਨੇ ਨੇਤਰ ਖੋਲ੍ਹ ਕੇ ਭਾਈ ਜੋਗਾ ਸਿੰਘ ਨੂੰ ਕਿਹਾ, ‘‘ਭਾਈ ਜੋਗਾ ਸਿੰਘ ਤੁਹਾਨੂੰ ਬਚਾਉਣ ਲਈ ਸਾਨੂੰ ਸਾਰੀ ਰਾਤ ਪਹਿਰੇਦਾਰ ਬਣ ਕੇ ਰਾਖੀ ਕਰਨੀ ਪਈ, ਜਿਸ ਕਰਕੇ ਹੁਣ ਸਾਨੂੰ ਨੀਂਦ ਦੇ ਝੋਕੇ ਲੱਗ ਰਹੇ ਹਨ।’’ ਭਾਈ ਜੋਗਾ ਸਿੰਘ ਆਪਣੇ ਆਪ ’ਚ ਬਹੁਤ ਸ਼ਰਮਿੰਦਾ ਹੋਇਆ ਅਤੇ ਸੋਚਾਂ ਵਿੱਚ ਡੁੱਬ ਕੇ ਗੁਰੂ ਦੇ ਚਰਨਾਂ ’ਚ ਢੇਰੀ ਹੋ ਗਿਆ। ਉਹ ਗੁਰੂ ਜੀ ਤੋਂ ਮੁਆਫੀ ਮੰਗਣ ਲੱਗਾ। ਗੁਰੂ ਜੀ ਨੇ ਦੁਖੀ ਹੋਏ ਭਾਈ ਜੋਗਾ ਸਿੰਘ ਨੂੰ ਉਠਾ ਕੇ ਹਿੱਕ ਨਾਲ ਲਾਇਆ। ਭਾਈ ਜੋਗਾ ਸਿੰਘ ਨੂੰ ਗਿਆਨ ਹੋ ਗਿਆ ਕਿ ਜਿਹੜਾ ਵੀ ਗੁਰਸਿੱਖ ਗੁਰੂ ਦਾ ਬਣ ਕੇ ਰਹਿੰਦਾ ਹੈ, ਗੁਰੂ ਉਸ ਨੂੰ ਡੋਲਣ ਨਹੀਂ ਦਿੰਦਾ ਅਤੇ ਹਰ ਔਖੇ ਸਮੇਂ ਰਾਖੀ ਕਰਨ ਲਈ ਜ਼ਰੂਰ ਪਹੁੰਚਦਾ ਹੈ। ਪਿਛਾਵਰ ਅਤੇ ਹੁਸ਼ਿਆਰਪੁਰ ਵਿੱਚ ਭਾਈ ਜੋਗਾ ਸਿੰਘ ਦੀ ਯਾਦ ’ਚ ਗੁਰਦੁਆਰੇ ਸੁਸ਼ੋਭਿਤ ਹਨ।

ਸਾਂਝਾ ਕਰੋ

ਪੜ੍ਹੋ