ਕੇਂਦਰੀ ਮੰਤਰੀ ਤੇ ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਨਿਤਿਨ ਗਡਕਰੀ ਵੱਲੋਂ ਬੀਤੇ ਦਿਨੀਂ ਗੋਆ ਦੀ ਰਾਜਧਾਨੀ ਪਣਜੀ ਵਿਚ ਪਾਰਟੀ ਦੀ ਸੂਬਾਈ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ’ਚ ਭਾਜਪਾ ਆਗੂਆਂ ਨੂੰ ਕਾਂਗਰਸ ਵੱਲੋਂ ਕੀਤੀਆਂ ਗਲਤੀਆਂ ਨੂੰ ਦੁਹਰਾਉਣ ਵਿਰੁੱਧ ਖਬਰਦਾਰ ਕਰਨਾ ਪਾਰਟੀ ਲੀਡਰਸ਼ਿਪ ਨੂੰ ਸੁਨੇਹਾ ਸਮਝਿਆ ਜਾ ਰਿਹਾ ਹੈ। ਗਡਕਰੀ ਨੇ ਕਿਹਾਅਡਵਾਨੀ ਜੀ ਕਹਿੰਦੇ ਹੁੰਦੇ ਸਨ ਕਿ ਅਸੀਂ ਵੱਖਰੀ ਕਿਸਮ ਦੀ ਪਾਰਟੀ ਹਾਂ। ਸਾਨੂੰ ਸਾਡੇ ਤੇ ਦੂਜੀਆਂ ਪਾਰਟੀਆਂ ਵਿਚਾਲੇ ਫਰਕ ਨੂੰ ਸਮਝਣਾ ਪਏਗਾ। ਜੇ ਅਸੀਂ ਉਹੀ ਕਰਨਾ ਜਾਰੀ ਰੱਖਿਆ, ਜੋ ਕਾਂਗਰਸ ਕਰਦੀ ਰਹੀ ਤਾਂ ਉਸ ਦੇ ਸੱਤਾ ਵਿੱਚੋਂ ਬਾਹਰ ਹੋਣ ਤੇ ਸਾਡੇ ਸੱਤਾ ਵਿਚ ਆਉਣ ਦਾ ਕੋਈ ਮਤਲਬ ਨਹੀਂ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਤੇ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ਵਿਚ ਗਡਕਰੀ ਨੇ ਇਹ ਗੱਲਾਂ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਅਤੇ ਪਾਰਟੀ ਵਿਚ ਵਧ ਰਹੀ ਬੇਚੈਨੀ ਦਰਮਿਆਨ ਕਹੀਆਂ। ਕਈ ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਮੋਦੀ-ਸ਼ਾਹ ਦੀ ਜੋੜੀ ਵੱਲੋਂ ਮਰਜ਼ੀ ਨਾਲ ਉਮੀਦਵਾਰ ਚੁਣਨ ਤੇ ਚਾਰ ਸੌ ਪਾਰ ਦਾ ਨਾਅਰਾ ਲਾਉਣ ਕਰਕੇ ਪਾਰਟੀ ਬਹੁਮਤ ਹਾਸਲ ਨਹੀਂ ਕਰ ਸਕੀ। ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਨੇ ਖੁੱਲ੍ਹੇਆਮ ‘ਸੇਵਕ’ ਦੇ ‘ਹੰਕਾਰ’ ਨੂੰ ਰੱਦ ਕੀਤਾ ਸੀ। ਮੋਦੀ ਖੁਦ ਨੂੰ ‘ਪ੍ਰਧਾਨ ਸੇਵਕ’ ਕਹਿਣਾ ਪਸੰਦ ਕਰਦੇ ਹਨ। ਮੋਹਨ ਭਾਗਵਤ ਦੇ ਬੋਲਣ ਤੋਂ ਬਾਅਦ ਭਾਜਪਾ ਦੇ ਖੁੱਦਾਰ ਆਗੂ ਵੀ ਬੋਲਣ ਲੱਗ ਪਏ ਹਨ। ਪਾਰਟੀ ਲੀਡਰਸ਼ਿਪ ਨੂੰ ਸਮੇਂ-ਸਮੇਂ ਚੋਭਾਂ ਲਾਉਣ ਵਾਲੇ ਗਡਕਰੀ ਨੇ ਇਹ ਵੀ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਕਾਰਗੁਜ਼ਾਰੀ ਨਾਲ ਪਰਖਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਦੀ ਦੌਲਤ ਦੇ ਆਧਾਰ ’ਤੇ। ਗਡਕਰੀ ਇੱਥੋਂ ਤੱਕ ਕਹਿ ਗਏ ਕਿ ਭੂਟਾਨ ਆਪਣੀ ਸਰਕਾਰ ਦਾ ਪ੍ਰਦਰਸ਼ਨ ‘ਘਰੇਲੂ ਖੁਸ਼ੀ ਸੂਚਕ ਅੰਕ’ ਨਾਲ ਮਾਪਦਾ ਹੈ, ਨਾ ਕਿ ‘ਕੁਲ ਘਰੇਲੂ ਪੈਦਾਵਾਰ’ ਨਾਲ।
(ਮੋਦੀ ਸਰਕਾਰ ਕੁਲ ਘਰੇਲੂ ਪੈਦਾਵਾਰ ਦੇ ਨਾਂਅ ’ਤੇ ਭਾਰਤ ਨੂੰ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਆਰਥਿਕਤਾ ਬਣਾਉਣ ਦਾ ਦਾਅਵਾ ਤੇ ਤੀਜੀ ਬਣਾ ਦੇਣ ਦਾ ਵਾਅਦਾ ਕਰਦੀ ਹੈ।) ਗਡਕਰੀ ਨੇ ਇਮਾਨਦਾਰ ਤੇ ਦੂਰਅੰਦੇਸ਼ ਆਗੂਆਂ ਦੀ ਕਮੀ ਦਾ ਹਵਾਲਾ ਦਿੰਦਿਆਂ ਕਿਹਾਤੁਸੀਂ ਅੱਖਾਂ ਦਾਨ ਕਰ ਸਕਦੇ ਹੋ, ਪਰ ਨਜ਼ਰੀਆ ਨਹੀਂ। ਗਡਕਰੀ ਤੋਂ ਇਲਾਵਾ ਯੂ ਪੀ ਦੇ ਜੌਨਪੁਰ ਜ਼ਿਲ੍ਹੇ ਦੇ ਬਦਲਾਪੁਰ ਹਲਕੇ ਦੇ ਵਿਧਾਇਕ ਰਮੇਸ਼ ਚੰਦਰ ਮਿਸ਼ਰਾ ਨੇ ਵੀ ਬੀਤੇ ਦਿਨੀਂ ਬਿਆਨ ਦਿੱਤਾ ਕਿ ਯੂ ਪੀ ’ਚ ਹਾਲਤ ਬਹੁਤ ਖਰਾਬ ਹੈ, ਕੇਂਦਰੀ ਲੀਡਰਸ਼ਿਪ ਦਖਲ ਦੇਵੇ, ਵਰਨਾ ਅਗਲੀਆਂ ਅਸੰਬਲੀ ਚੋਣਾਂ ਜਿੱਤਣੀਆਂ ਮੁਸ਼ਕਲ ਹਨ। ਇਸ ਤੋਂ ਪਹਿਲਾਂ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਸਾਬਕਾ ਵਿਧਾਇਕ ਰਜਿੰਦਰ ਪ੍ਰਤਾਪ ਸਿੰਘ ਉਰਫ ਮੋਤੀ ਸਿੰਘ ਨੇ ਇਕ ਮੀਟਿੰਗ ਵਿਚ ਕਿਹਾ ਸੀ ਕਿ ਤਹਿਸੀਲਾਂ ਤੇ ਥਾਣਿਆਂ ਵਿਚ ਜਿੰਨੀ ਕੁਰੱਪਸ਼ਨ ਚੱਲ ਰਹੀ ਹੈ, ਉਹ ਪਹਿਲਾਂ ਕਦੇ ਨਹੀਂ ਦੇਖੀ। ਇਹ ਪਾਰਟੀ ਦੇ ਭਵਿੱਖ ਬਾਰੇ ਚਿੰਤਾ ਪ੍ਰਗਟਾਉਦੀਆਂ ਆਵਾਜ਼ਾਂ ਹਨ, ਪਰ ਸਾਲ ਦੇ ਅਖੀਰ ਵਿਚ ਹਰਿਆਣਾ, ਮਹਾਰਾਸ਼ਟਰ ਤੇ ਝਾਰਖੰਡ ਦੀਆਂ ਅਸੰਬਲੀ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਚੰਗੀ ਨਾ ਰਹੀ ਤਾਂ ਹੈਰਾਨੀ ਨਹੀਂ ਹੋਵੇਗੀ ਕਿ ਆਗੂ ਤੇ ਵਰਕਰ ਮੋਦੀ ਤੇ ਸ਼ਾਹ ਦਾ ਨਾਂਅ ਲੈ ਕੇ ਵੀ ਬਿਆਨ ਦੇਣ ਲੱਗ ਪੈਣ।