7 ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਜਿੱਥੇ ਕੇਂਦਰ ’ਚ ਹੁਕਮਰਾਨ ਭਾਜਪਾ ਆਗੂਆਂ ਦੇ ਮੱਥੇ ’ਤੇ ਤ੍ਰੇਲੀਆਂ ਲਿਆ ਦਿੱਤੀਆਂ ਹਨ, ਉੱਥੇ ‘ਇੰਡੀਆ’ ਗੱਠਜੋੜ ਵਾਲਿਆਂ ਦੇ ਹੌਸਲੇ ਨੂੰ ਖੰਭ ਲਾ ਦਿੱਤੇ ਹਨ। ਇਨ੍ਹਾਂ 13 ਸੀਟਾਂ ਵਿੱਚੋਂ ਭਾਜਪਾ 11 ਤੇ ਉਸ ਦੀਆਂ ਭਾਈਵਾਲ ਪਾਰਟੀਆਂ 2 ਲੜ ਰਹੀਆਂ ਸਨ। ਭਾਜਪਾ ਨੇ ਚੋਣਾਂ ਜਿੱਤਣ ਲਈ ਹਰ ਹਰਬਾ ਵਰਤਿਆ, ਪਰ ਜਨਤਾ ਨੇ ਉਸ ਨੂੰ ਨਕਾਰ ਦਿੱਤਾ। ਭਾਜਪਾ ਨੂੰ ਸਿਰਫ਼ 2 ਮਿਲੀਆਂ ਤੇ ਭਾਈਵਾਲ ਖਾਲੀ ਹੱਥ ਰਹੇ। ਇਨ੍ਹਾਂ 13 ਸੀਟਾਂ ਵਿੱਚੋਂ ਇੰਡੀਆ ਬਲਾਕ ਨੇ 10 ਸੀਟਾਂ ਤੇ ਇੱਕ ਅਜ਼ਾਦ ਨੇ ਜਿੱਤੀ ਹੈ। ਇੰਡੀਆ ਬਲਾਕ ਦੀਆਂ ਪਾਰਟੀਆਂ ਵਿੱਚੋਂ ਕਾਂਗਰਸ ਤੇ ਟੀ ਐੱਮ ਸੀ ਨੂੰ 4-4, ਆਪ ਤੇ ਡੀ ਐੱਮ ਕੇ ਨੂੰ 1-1 ਸੀਟ ਮਿਲੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣ ਵਿੱਚ ਭਾਜਪਾ ਨੂੰ ਹਰਾ ਕੇ ਕਾਂਗਰਸ ਸੱਤਾ ਵਿੱਚ ਆਈ ਸੀ। ਕਾਂਗਰਸ ਨੂੰ 40, ਭਾਜਪਾ ਨੂੰ 25 ਤੇ ਅਜ਼ਾਦਾਂ ਨੂੰ 3 ਸੀਟਾਂ ਮਿਲੀਆਂ ਸਨ। ਉਸੇ ਦਿਨ ਤੋਂ ਹੀ ਭਾਜਪਾ ਨੇ ਕਾਂਗਰਸ ਨੂੰ ਤੋੜ ਕੇ ਮੁੜ ਰਾਜ ਸੱਤਾ ਹਾਸਲ ਕਰਨ ਲਈ ਬਦਨਾਮ ‘ਕਮਲ ਅਪੇ੍ਰਸ਼ਨ’ ਸ਼ੁਰੂ ਕਰ ਦਿੱਤਾ ਸੀ। ਰਾਜ ਸਭਾ ਚੋਣ ਮੌਕੇ 6 ਕਾਂਗਰਸੀ ਵਿਧਾਇਕਾਂ ਤੋਂ ਕਰਾਸ ਵੋਟਿੰਗ ਕਰਾ ਕੇ ਉਸ ਨੇ ਕਾਂਗਰਸੀ ਉਮੀਦਵਾਰ ਅਭਿਸ਼ੇਕ ਮਨੂੰ ਸਿੰਘਵੀ ਨੂੰ ਹਰਾ ਦਿੱਤਾ ਸੀ। ਤਿੰਨ ਅਜ਼ਾਦ ਵਿਧਾਇਕਾਂ ਨੂੰ ਵੀ ਉਸ ਨੇ ਨਾਲ ਜੋੜ ਲਿਆ ਸੀ। ਇਸ ਤਰ੍ਹਾਂ ਕਾਂਗਰਸ ਕੋਲ ਸਿਰਫ਼ 34 ਰਹਿ ਗਏ ਸਨ। ਕਾਂਗਰਸ ਵੀ ਹਾਰ ਮੰਨਣ ਲਈ ਤਿਆਰ ਨਹੀਂ ਸੀ। ਉਸ ਨੇ ਵਿੱਪ੍ਹ ਦੀ ਉਲੰਘਣਾ ਕਰਕੇ ਵਿਧਾਇਕ ਮੀਟਿੰਗ ਵਿੱਚ ਨਾ ਆਉਣ ’ਤੇ ਬਾਗੀ ਹੋਏ 6 ਵਿਧਾਇਕਾਂ ਦੀ ਮੈਂਬਰੀ ਰੱਦ ਕਰ ਦਿੱਤੀ।
ਇਸ ਦੌਰਾਨ ਭਾਜਪਾ ਨੇ ਤਿੰਨ ਅਜ਼ਾਦਾਂ ਤੋਂ ਵੀ ਅਸਤੀਫ਼ੇ ਦਿਵਾ ਦਿੱਤੇ ਸਨ, ਜੋ ਸਪੀਕਰ ਨੇ ਪੈਂਡਿੰਗ ਰੱਖ ਲਏ। ਖਾਲੀ ਹੋਈਆਂ 6 ਸੀਟਾਂ ਉੱਤੇ ਲੋਕ ਸਭਾ ਚੋਣਾਂ ਦੇ ਨਾਲ ਵੋਟਿੰਗ ਹੋਈ। ਭਾਜਪਾ ਨੇ ਛੇ ਬਾਗੀ ਕਾਂਗਰਸੀਆਂ ਨੂੰ ਪਾਰਟੀ ’ਚ ਸ਼ਾਮਲ ਕਰਕੇ ਉਮੀਦਵਾਰ ਬਣਾ ਦਿੱਤਾ। ਇਨ੍ਹਾਂ 6 ਸੀਟਾਂ ਵਿੱਚੋਂ ਚਾਰ ਕਾਂਗਰਸ ਨੇ ਜਿੱਤ ਲਈਆਂ। ਇਸ ਤਰ੍ਹਾਂ ਕਾਂਗਰਸੀ ਵਿਧਾਇਕਾਂ ਦੀ ਗਿਣਤੀ 38 ਹੋ ਗਈ ਤੇ ਸਰਕਾਰ ਬਚ ਗਈ। ਇਸ ਪਿੱਛੋਂ ਸਪੀਕਰ ਨੇ ਤਿੰਨ ਅਜ਼ਾਦਾਂ ਦੇ ਅਸਤੀਫ਼ੇ ਪ੍ਰਵਾਨ ਕਰ ਲਏ। ਭਾਜਪਾ ਨੇ ਉਨ੍ਹਾਂ ਨੂੰ ਉਮੀਦਵਾਰ ਬਣਾ ਦਿੱਤਾ। ਇਸ ਦੌਰਾਨ ਇੱਕ ਮੱਝ ਕੱਟਣ ਦੀ ਵੀਡੀਓ ਨੂੰ ਲੈ ਕੇ ਮੁਸਲਿਮ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੰਗਣਾ ਰਣੌਤ ਦੇ ਥੱਪੜ ਕਾਂਡ ਨੂੰ ਪੰਜਾਬੀਆਂ ਵਿਰੁੱਧ ਵਰਤਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਨਾਲਾਗੜ੍ਹ ਤੋਂ ਕਾਂਗਰਸੀ ਉਮੀਦਵਾਰ ਪੰਜਾਬੀ ਪਿਛੋਕੜ ਵਾਲਾ ਪਗੜੀਧਾਰੀ ਹਰਦੀਪ ਸਿੰਘ ਸੀ। ਜਨਤਾ ਨੇ ਭਾਜਪਾ ਦੀਆਂ ਸਭ ਚਾਲਾਂ ਨੂੰ ਮਾਤ ਦੇ ਦਿੱਤੀ। ਦੇਹਰਾ ਤੇ ਨਾਲਾਗੜ੍ਹ ਤੋਂ ਕਾਂਗਰਸੀ ਉਮੀਦਵਾਰ ਸ਼ਾਨ ਨਾਲ ਜਿੱਤੇ ਤੇ ਹਮੀਰਪੁਰ ਤੋਂ ਭਾਜਪਾ ਹਾਰਦੀ-ਹਾਰਦੀ ਮਸਾਂ 1571 ਵੋਟਾਂ ਨਾਲ ਜਿੱਤੀ। ਇਸ ਤਰ੍ਹਾਂ ਕਾਂਗਰਸ ਮੁੜ 40 ਵਿਧਾਇਕਾਂ ਦਾ ਅੰਕੜਾ ਹਾਸਲ ਕਰਨ ਵਿੱਚ ਕਾਮਯਾਬ ਹੋ ਗਈ ਹੈ। ਨਾਲ ਲੱਗਦੇ ਦੂਜੇ ਪਹਾੜੀ ਰਾਜ ਉੱਤਰਾਖੰਡ ਦੀਆਂ ਵੀ ਕਾਂਗਰਸ ਨੇ ਦੋਵੇਂ ਸੀਟਾਂ ਜਿੱਤ ਲਈਆਂ ਹਨ। ਵਿਸ਼ਨੂੰ ਦੀ ਗੱਦੀ ਵਜੋਂ ਮਸ਼ਹੂਰ ਬਦਰੀਨਾਥ ਵਿੱਚ ਭਾਜਪਾ ਦੀ ਹਾਰ ਨੇ ਅਯੁੱਧਿਆ ਵਿੱਚ ਹੋਈ ਹਾਰ ਨੂੰ ਮੁੜ ਚੇਤੇ ਕਰਾ ਦਿੱਤਾ ਹੈ। ਵਿਧਾਨ ਸਭਾ ਚੋਣਾਂ ਮੌਕੇ ਵੀ ਇਹ ਸੀਟ ਕਾਂਗਰਸ ਨੇ ਜਿੱਤੀ ਸੀ।
ਭਾਜਪਾ ਨੇ ਹਿਮਾਚਲ ਵਾਂਗ ਹੀ ਕਾਂਗਰਸੀ ਵਿਧਾਇਕ ਰਜਿੰਦਰ ਭੰਡਾਰੀ ਤੋਂ ਅਸਤੀਫ਼ਾ ਦਿਵਾ ਕੇ ਇਹ ਸੀਟ ਖਾਲੀ ਕਰਾਈ ਸੀ। ਹਾਲੀਆ ਚੋਣ ਵਿੱਚ ਭਾਜਪਾ ਨੇ ਰਜਿੰਦਰ ਭੰਡਾਰੀ ਨੂੰ ਉਮੀਦਵਾਰ ਬਣਾਇਆ, ਪਰ ਉਹ ਵੀ ਕਾਂਗਰਸ ਦੇ ਲਖਪਤ ਸਿੰਘ ਬਟੋਲਾ ਤੋਂ 5 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਗਿਆ। ਦੂਜੀ ਸੀਟ ਮੰਗਲੌਰ ਤੋਂ ਵੀ ਕਾਂਗਰਸ ਦੇ ਕਾਜ਼ੀ ਨਿਜ਼ਾਮੂਦੀਨ ਨੇ ਭਾਜਪਾ ਦੇ ਚਰਚਿੱਤ ਦਲ-ਬਦਲੂ ਕਰਤਾਰ ਸਿੰਘ ਭੜਾਨਾ ਨੂੰ ਫਸਵੇਂ ਮੁਕਾਬਲੇ ਵਿੱਚ ਹਾਰ ਦੇ ਦਿੱਤੀ ਹੈ। ਇਸ ਸੀਟ ਤੋਂ ਬਸਪਾ ਨੇ ਮੁਸਲਿਮ ਉਮੀਦਵਾਰ ਖੜ੍ਹਾ ਕਰਕੇ ਕਾਂਗਰਸ ਦੀਆਂ ਵੋਟਾਂ ਵਿੱਚ 28 ਹਜ਼ਾਰ ਦੇ ਕਰੀਬ ਸੰਨ੍ਹ ਲਾਈ। ਇਹੋ ਨਹੀਂ, ਇੱਥੇ ਮੁਸਲਮਾਨਾਂ ਨੂੰ ਵੋਟਾਂ ਪਾਉਣ ਤੋਂ ਰੋਕਣ ਲਈ ਸਰਕਾਰੀ ਮਸ਼ੀਨਰੀ ਦੀ ਖੁੱਲ੍ਹ ਕੇ ਦੁਰਵਰਤੋਂ ਕੀਤੀ ਗਈ, ਜਿਸ ਵਿਰੁੱਧ ਲੋਕਾਂ ਨੂੰ ਧਰਨੇ ਦੇਣੇ ਪਏ। ਇਸ ਸਭ ਦੇ ਬਾਵਜੂਦ ਭਾਜਪਾ ਦੀ ਬੇੜੀ ਪਾਰ ਨਾ ਲੱਗ ਸਕੀ। ਬੰਗਾਲ ਵਿੱਚ 4 ਸੀਟਾਂ ਉੱਤੇ ਚੋਣਾਂ ਹੋਈਆਂ ਸਨ। ਇਨ੍ਹਾਂ ਵਿੱਚੋਂ ਤਿੰਨ ਭਾਜਪਾ ਤੇ ਇੱਕ ਟੀ ਐੱਮ ਸੀ ਦੀ ਸਿਟਿੰਗ ਸੀਟ ਸੀ। ਇਹ ਚਾਰੇ ਸੀਟਾਂ ਟੀ ਐੱਮ ਸੀ ਨੇ ਭਾਜਪਾ ਨੂੰ 33 ਹਜ਼ਾਰ ਤੋਂ 62 ਹਜ਼ਾਰ ਦੇ ਵੱਡੇ ਫ਼ਰਕ ਨਾਲ ਹਰਾ ਕੇ ਜਿੱਤੀਆਂ ਹਨ। ਮੱਧ ਪ੍ਰਦੇਸ਼ ਦੀ ਅਮਰਵਾੜਾ ਸੀਟ ਪਹਿਲਾਂ ਕਾਂਗਰਸ ਕੋਲ ਸੀ। ਭਾਜਪਾ ਨੇ ਇੱਥੇ ਵੀ ਕਾਂਗਰਸ ਦੇ ਜਿੱਤੇ ਉਮੀਦਵਾਰ ਕਮਲੇਸ਼ ਤੋਂ ਅਸਤੀਫ਼ਾ ਦਿਵਾ ਕੇ ਮੁੜ ਆਪਣਾ ਉਮੀਦਵਾਰ ਬਣਾਇਆ ਸੀ।
ਉਹ 3 ਹਜ਼ਾਰ ਦੇ ਕਰੀਬ ਵੋਟਾਂ ਨਾਲ ਜਿੱਤ ਗਿਆ ਹੈ। ਕਾਂਗਰਸ ਦਾ ਦੋਸ਼ ਹੈ ਕਿ ਕਾਊਂਟਿੰਗ ਵਿੱਚ ਹੇਰਾਫੇਰੀ ਕਰਕੇ ਉਸ ਨੂੰ ਹਰਾਇਆ ਗਿਆ ਹੈ। ਇਹ ਸੱਚ ਹੈ ਕਿ 14ਵੇਂ ਰਾਊਂਡ ਤੱਕ ਕਾਂਗਰਸੀ ਉਮੀਦਵਾਰ ਲੱਗਭੱਗ 7 ਹਜ਼ਾਰ ਵੋਟਾਂ ਨਾਲ ਅੱਗੇ ਸੀ। ਉਸ ਤੋਂ ਬਾਅਦ ਕਾਊਂਟਿੰਗ ਅਮਲੇ ਨੇ ਲੰਚ ਬਰੇਕ ਕੀਤਾ। ਦੁਬਾਰਾ ਕਾਊਂਟਿੰਗ ਸ਼ੁਰੂ ਹੋਈ ਤਾਂ ਭਾਜਪਾ ਉਮੀਦਵਾਰ ਨੇ ਬੜ੍ਹਤ ਲੈਣੀ ਸ਼ੁਰੂ ਕਰ ਦਿੱਤੀ। ਦੋ ਈ ਵੀ ਐੱਮ ਬਾਰੇ ਕਿਹਾ ਗਿਆ ਕਿ ਇਹ ਖ਼ਰਾਬ ਹੋ ਗਈਆਂ ਹਨ। ਉਨ੍ਹਾਂ ਦੀਆਂ ਥੱਲੇ ਡਿਗਦੀਆਂ ਪਰਚੀਆਂ ਨੂੰ ਗਿਣਿਆ। ਆਖਰ ਭਾਜਪਾ ਉਮੀਦਵਾਰ ਨੂੰ 3027 ਵੋਟਾਂ ’ਤੇ ਜਿੱਤਿਆ ਐਲਾਨ ਦਿੱਤਾ ਗਿਆ। ਇੱਥੇ ਗੋਂਡਵਾਨਾ ਗਣਤੰਤਰ ਪਾਰਟੀ ਦੇ ਉਮੀਦਵਾਰ ਨੇ 28 ਹਜ਼ਾਰ ਤੋਂ ਵੱਧ ਵੋਟਾਂ ਲੈ ਕੇ ਭਾਜਪਾ ਵਿਰੋਧੀ ਵੋਟਾਂ ਨੂੰ ਵੱਡੀ ਸੰਨ੍ਹ ਲਾਈ। ਪੰਜਾਬ ਦੀ ਜਲੰਧਰ ਪੱਛਮੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ 58.39 ਫ਼ੀਸਦੀ ਵੋਟਾਂ ਹਾਸਲ ਕਰਕੇ ਭਾਜਪਾ ਦੇ ਸ਼ੀਤਲ ਅੰਗੂਰਾਲ ਨੂੰ 37325 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਹੈ। ਕਾਂਗਰਸ ਤੀਜੇ ਥਾਂ ਉਤੇ ਰਹੀ ਹੈ। ਆਪ ਦੇ ਵਿਧਾਇਕ ਸ਼ੀਤਲ ਅੰਗੂਰਾਲ ਤੋਂ ਅਸਤੀਫ਼ਾ ਦਿਵਾ ਕੇ ਭਾਜਪਾ ਨੇ ਇਹ ਸੀਟ ਖਾਲੀ ਕਰਵਾਈ ਸੀ। ਤਾਮਿਲਨਾਡੂ ਦੀ ਵਿਕਰਾਵੰਡੀ ਸੀਟ ਡੀ ਐੱਮ ਕੇ ਨੇ ਐੱਨ ਡੀ ਏ ਦੇ ਉਮੀਦਵਾਰ ਨੂੰ 67 ਹਜ਼ਾਰ ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਜਿੱਤ ਲਈ ਹੈ। ਸਭ ਤੋਂ ਵੱਡਾ ਉਲਟ-ਫੇਰ ਬਿਹਾਰ ਦੀ ਰੁਪੌਲੀ ਸੀਟ ਉੱਤੇ ਹੋਇਆ ਹੈ। ਇਸ ਸੀਟ ਤੋਂ ਜੇ ਡੀ ਯੂ ਨੂੰ ਹਰਾ ਕੇ ਅਜ਼ਾਦ ਉਮੀਦਵਾਰ ਸ਼ੰਕਰ ਸਿੰਘ ਨੇ ਜਿੱਤ ਹਾਸਲ ਕੀਤੀ ਹੈ। ਇੱਥੋਂ ਆਰ ਜੇ ਡੀ ਦੀ ਬੀਮਾ ਭਾਰਤੀ ਤੀਜੇ ਸਥਾਨ ਉੱਤੇ ਖਿਸਕ ਗਈ ਹੈ।
ਲੋਕ ਸਭਾ ਚੋਣਾਂ ਵਿੱਚ ਸੀਟਾਂ ਦੀ ਵੰਡ ਸਮੇਂ, ਜਿਸ ਤਰ੍ਹਾਂ ਲਾਲੂ ਯਾਦਵ ਨੇ ਮਰਜ਼ੀ ਕੀਤੀ ਸੀ, ਇਸ ਚੋਣ ਵਿੱਚ ਉਹੀ ਰਵੱਈਆ ਰਿਹਾ, ਜਿਸ ਦੀ ਸਜ਼ਾ ਆਰ ਜੇ ਡੀ ਨੂੰ ਲੋਕ ਸਭਾ ਚੋਣਾਂ ਵਿੱਚ ਮਿਲੀ ਤੇ ਹੁਣ ਵੀ ਮਿਲ ਗਈ ਹੈ। ਪੱਪੂ ਯਾਦਵ ਨੇ ਕਿਹਾ ਸੀ ਕਿ ਟਿਕਟ ਸ਼ੰਕਰ ਸਿੰਘ ਨੂੰ ਦਿਓ, ਪਰ ਤੇਜਸਵੀ ਨੇ ਇਨਕਾਰ ਕਰ ਦਿੱਤਾ। ਇਸ ਚੋਣ ਵਿੱਚ ਇੰਡੀਆ ਗੱਠਜੋੜ ਦਾ ਕੋਈ ਵੀ ਭਾਈਵਾਲ ਸਰਗਰਮ ਨਹੀਂ ਹੋਇਆ। ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣੀਆਂ ਹਨ, ਜੇਕਰ ਇੰਡੀਆ ਗੱਠਜੋੜ ਦਾ ਇਹੋ ਹਾਲ ਰਿਹਾ ਤਾਂ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਨਾਲ ਭਾਜਪਾ ਅੰਦਰ ਮਾਤਮ ਛਾਇਆ ਹੋਇਆ ਹੈ, ਕਿਉਂਕਿ ਅੱਗੇ ਤਾਂ ਇਸ ਦਾ ਵੱਡਾ ਘੱਲੂਘਾਰਾ ਹੋਣ ਵਾਲਾ ਹੈ। ਲੋਕ ਸਭਾ ਚੋਣਾਂ ਵਿੱਚ ਜਿਹੜੇ ਵਿਧਾਇਕ ਜਿੱਤ ਕੇ ਸਾਂਸਦ ਬਣ ਗਏ ਹਨ, ਉਨ੍ਹਾਂ ਦੀਆਂ ਸੀਟਾਂ ਉੱਤੇ ਵੀ ਚੋਣਾਂ ਕਰਾਉਣੀਆਂ ਪੈਣੀਆਂ ਹਨ। ਇਨ੍ਹਾਂ ਵਿੱਚ ਯੂ ਪੀ ਦੀਆਂ 10, ਬੰਗਾਲ ਦੀਆਂ 6, ਰਾਜਸਥਾਨ ਦੀਆਂ 5, ਅਸਾਮ ਦੀਆਂ 5, ਪੰਜਾਬ ਦੀਆਂ 4 ਤੇ ਕੁਝ ਹੋਰ ਰਾਜਾਂ ਦੀਆਂ ਵੀ ਹਨ। ‘ਇੰਡੀਆ’ ਗੱਠਜੋੜ ਲਈ ਸਭ ਤੋਂ ਅਹਿਮ ਇਹ ਗੱਲ ਹੈ ਕਿ ਲੋਕ ਸਭਾ ਚੋਣਾਂ ਤੋਂ ਸ਼ੁਰੂ ਹੋਏ ਭਾਜਪਾ ਦੀ ਹਾਰ ਦੇ ਸਿਲਸਲੇ ਨੂੰ ਜਾਰੀ ਰੱਖਣ ਲਈ ਉਹ ਕਿਹੜੇ ਦਾਅ-ਪੇਚ ਅਪਣਾਉਂਦਾ ਹੈ। ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵੀ ਸਿਰ ’ਤੇ ਹਨ, ਸ਼ਾਇਦ ਉਕਤ ਸੀਟਾਂ ਦੀਆਂ ਚੋਣਾਂ ਵੀ ਉਨ੍ਹਾਂ ਨਾਲ ਹੀ ਹੋਣ। ਇਸ ਲਈ ‘ਇੰਡੀਆ’ ਗੱਠਜੋੜ ਦੇ ਆਗੂਆਂ ਨੂੰ ਉੇਸੇ ਤਰ੍ਹਾਂ ਚੋਣ ਮੋਡ ਵਿੱਚ ਰਹਿਣਾ ਪਵੇਗਾ, ਜਿਵੇਂ 2014 ਤੋਂ ਬਾਅਦ ਮੋਦੀ-ਸ਼ਾਹ ਰਹਿੰਦੇ ਸਨ।