ਨਵੀਂ ਦਿੱਲੀ 13 ਜੁਲਾਈ ਪਾਨ ਦੇ ਪੱਤੇ ਕਈ ਲੋਕਾਂ ਨੂੰ ਬੇਹੱਦ ਪਸੰਦ ਹੁੰਦੇ ਹਨ। ਜਦੋਂ ਵੀ ਪਾਨ ਦੀ ਗੱਲ ਆਉਂਦੀ ਹੈ ਤਾਂ ਬਨਾਰਸੀ ਪਾਨ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਇਹ ਸਵਾਦ ‘ਚ ਬਿਹਤਰੀਨ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ। ਪਾਨ ਦੇ ਪੱਤੇ ਨੂੰ ਬੀਟਲ ਲੀਫ ਵੀ ਕਿਹਾ ਜਾਂਦਾ ਹੈ ਤੇ ਇਹ ਭਾਰਤ ਦੇ ਹਰ ਕੋਨੇ, ਚੌਰਾਹੇ ‘ਤੇ ਪਾਨ ਦੀਆਂ ਦੁਕਾਨਾਂ ‘ਤੇ ਮੁਹੱਈਆ ਹੈ। ਜ਼ਿਆਦਾਤਰ ਲੋਕ ਇਸ ਨੂੰ ਕੱਥਾ, ਚੂਨਾ, ਚੈਰੀ ਆਦਿ ਦੇ ਨਾਲ ਮਾਊਥ ਫ੍ਰੈਸ਼ਨਰ ਵਜੋਂ ‘ਤੇ ਖਾਂਦੇ ਹਨ।
ਪਾਨ ਦੇ ਪੱਤਿਆਂ ਵਿਚ ਕੈਲਸ਼ੀਅਮ, ਵਿਟਾਮਿਨ ਸੀ, ਕੈਰੋਟੀਨ, ਰਾਈਬੋਫਲੇਵਿਨ, ਨਿਆਸੀਨ, ਐਂਟੀ-ਆਕਸੀਡੈਂਟ ਤੇ ਕਲੋਰੋਫਿਲ ਪਾਏ ਜਾਂਦੇ ਹਨ, ਜੋ ਸਿਹਤ ਨੂੰ ਕਈ ਫ਼ਾਇਦੇ ਦਿੰਦੇ ਹਨ। ਖਾਣਾ ਖਾਣ ਤੋਂ ਬਾਅਦ ਸੌਂਫ, ਇਲਾਇਚੀ ਤੇ ਲੌਂਗਾਂ ਨਾਲ ਪਾਨ ਦੇ ਪੱਤੇ ਚਬਾਉਣ ਨਾਲ ਪਾਚਨ ਵਿਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਹ ਭੋਜਨ ਵਿਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਵੀ ਦੂਰ ਕਰਦਾ ਹੈ ਤੇ ਵਧੀਆ ਮਾਊਥ ਫਰੈਸ਼ਨਰ ਦਾ ਕੰਮ ਕਰਦਾ ਹੈ। ਪਾਨ ਦੇ ਪੱਤਿਆਂ ਨੂੰ ਰਾਤ ਭਰ ਪਾਣੀ ਵਿਚ ਭਿਉਂ ਕੇ ਸਵੇਰੇ ਉਸ ਪਾਣੀ ਨੂੰ ਪੀਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਲੌਂਗ, ਦਾਲਚੀਨੀ ਤੇ ਪਾਨ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲੋ ਅਤੇ ਇਸ ਨੂੰ ਛਾਣ ਲਓ। ਇਸ ਪਾਣੀ ਨੂੰ ਪੀਣ ਨਾਲ ਗਲੇ ਦੀ ਖਰਾਸ਼, ਜ਼ੁਕਾਮ ਅਤੇ ਖਾਂਸੀ ਤੋਂ ਰਾਹਤ ਮਿਲਦੀ ਹੈ।
ਪਾਨ ਦੇ ਪੱਤਿਆਂ ਵਿੱਚ ਪਾਏ ਜਾਣ ਵਾਲੇ ਮਿਸ਼ਰਨ ਮੈਟਾਬੋਲਿਜ਼ਮ ਨੂੰ ਵਧਾਉਂਦੇ ਹਨ ਅਤੇ ਸਰੀਰ ਦੀ ਚਰਬੀ ਨੂੰ ਘਟਾਉਂਦੇ ਹਨ, ਜੋ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਪਾਨ ਦੇ ਪੱਤਿਆਂ ਦਾ ਪੇਸਟ ਬਣਾ ਕੇ ਸਿਰ ‘ਤੇ ਲਗਾਉਣ ਨਾਲ ਸਿੱਕਰੀ ਤੋਂ ਛੁਟਕਾਰਾ ਮਿਲਦਾ ਹੈ। ਐਂਟੀ-ਆਕਸੀਡੈਂਟਸ ਨਾਲ ਭਰਪੂਰ ਪਾਨ ਦੇ ਪੱਤੇ ਸਰੀਰ ਦੇ pH ਪੱਧਰ ਨੂੰ ਸੰਤੁਲਿਤ ਰੱਖਦੇ ਹਨ, ਜਿਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਪਾਨ ਦੇ ਪੱਤਿਆਂ ਵਿੱਚ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਓਰਲ ਕੈਵਿਟੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਸਾਹ ਦੀ ਬਦਬੂ ਨੂੰ ਦੂਰ ਕਰਨ ਦੇ ਨਾਲ ਮੂੰਹ ’ਚ ਬੈਕਟੀਰੀਆ ਪੈਦਾ ਹੋਣ ਤੋਂ ਵੀ ਰੋਕਦਾ ਹੈ, ਜੋ ਦੰਦਾਂ ਨੂੰ ਸੜਨ ਤੋਂ ਰੋਕਦਾ ਹੈ।