ਯੂਕਰੇਨ ਦੀ ਹਮਾਇਤ ’ਤੇ ਆਉਂਦਿਆਂ ‘ਨਾਟੋ’ ਮੈਂਬਰਾਂ ਨੇ ਜੰਗ ਦੇ ਝੰਬੇ ਮੁਲਕ ਦੀ ਮਦਦ ਪ੍ਰਤੀ ਆਪਣੀ ਵਚਨਬੱਧਤਾ ਨੂੰ ਪ੍ਰਤੱਖ ਰੂਪ ’ਚ ਜ਼ਾਹਿਰ ਕੀਤਾ ਹੈ। ਅਮਰੀਕਾ ਦੀ ਅਗਵਾਈ ਵਾਲੇ ਇਸ ਫ਼ੌਜੀ ਗੱਠਜੋੜ ‘ਨਾਟੋ’ ਦਾ ਕਹਿਣਾ ਹੈ ਕਿ ਉਹ ‘ਅਜਿਹੀ ਤਾਕਤ ਵਿਕਸਤ ਕਰਨ ਵਿੱਚ ਯੂਕਰੇਨ ਦੀ ਮਦਦ ਕਰਨਗੇ ਜੋ ਅਜੋਕੇ ਸਮੇਂ ਤੇ ਭਵਿੱਖ ਵਿੱਚ ਰੂਸ ਦੇ ਹਮਲਾਵਰ ਰੁਖ਼ ਨੂੰ ਮਾਤ ਦੇਣ ਦੇ ਸਮਰੱਥ ਹੋਵੇ।’ ਅਮਰੀਕਾ ਅਤੇ ਇਸ ਦੇ ਸਾਥੀ ਮੁਲਕਾਂ ਨੇ ਐਲਾਨ ਕੀਤਾ ਹੈ ਕਿ ਉਹ ਫ਼ੌਜੀ ਮਦਦ ਦੇ ਰੂਪ ਵਿੱਚ ਅਗਲੇ ਸਾਲ ਤੱਕ ਯੂਕਰੇਨ ਨੂੰ ਘੱਟੋ-ਘੱਟ 40 ਅਰਬ ਯੂਰੋ ਦੀ ਸਹਾਇਤਾ ਦੇਣ ਦਾ ਇਰਾਦਾ ਰੱਖਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸੈਨਿਕ ਗੱਠਜੋੜ ਯੂਕਰੇਨ ਦੀ ‘ਨਾਟੋ’ ਵਿੱਚ ਸ਼ਾਮਿਲ ਹੋਣ ’ਚ ਮਦਦ ਕਰਨ ਦੇ ਨਾਲ-ਨਾਲ ਇਸ ਦੀ ਯੂਰੋ-ਅਟਲਾਂਟਿਕ ’ਚ ਰਲਣ ਲਈ ਵੀ ਸਹਾਇਤਾ ਕਰੇਗਾ, ਇਸ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਇਹ ਅਹਿਦ ਬੁੱਧਵਾਰ ਨੂੰ ਵਾਸ਼ਿੰਗਟਨ ਵਿੱਚ ਹੋਏ ‘ਨਾਟੋ’ ਸੰਮੇਲਨ ਮੌਕੇ ਜਾਰੀ ਐਲਾਨਨਾਮੇ ਵਿਚ ਕੀਤਾ ਗਿਆ ਹੈ।
ਸਪੱਸ਼ਟ ਹੈ ਕਿ ਫਰਵਰੀ 2022 ਵਿੱਚ ਸ਼ੁਰੂ ਹੋਈ ਯੂਕਰੇਨ ਜੰਗ ਨੂੰ ਹੋਰ ਲੰਮਾ ਖਿੱਚਣ ਅਤੇ ਰੂਸ ਨੂੰ ਭੜਕਾਉਣ ਵਿੱਚ ਪੱਛਮੀ ਗੱਠਜੋੜ ਨੂੰ ਕੋਈ ਹਿਚਕ ਨਹੀਂ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਨਾਟੋ ਮੁਲਕ, ਖਾਸ ਕਰ ਕੇ ਅਮਰੀਕਾ, ਇਹ ਜੰਗ ਬੰਦ ਨਹੀਂ ਹੋਣ ਦੇਣਾ ਚਾਹੁੰਦਾ। ਤੱਥ ਇਹ ਵੀ ਹਨ ਕਿ ਹੁਣ ਤੱਕ ਅਮਰੀਕਾ ਯੂਕਰੇਨ ਨੂੰ ਅਰਬਾਂ ਡਾਲਰ ਦਾ ਜੰਗੀ ਸਮਾਨ ਵੇਚ ਚੁੱਕਾ ਹੈ। ਅਸਲ ਵਿਚ ਇਹ ਯੂਕਰੇਨ ਦੇ ਜ਼ਰੀਏ ਰੂਸ ਨੂੰ ਠੱਲ੍ਹ ਕੇ ਰੱਖਣਾ ਚਾਹੁੰਦਾ ਹੈ। ਜੰਗ ਵਿੱਚ ਹੁਣ ਤੱਕ ਹਜ਼ਾਰਾਂ ਆਮ ਲੋਕ ਮਾਰੇ ਜਾ ਚੁੱਕੇ ਹਨ। ਯੂਕਰੇਨ ਨੂੰ ‘ਨਾਟੋ’ ਦਾ ਮੈਂਬਰ ਬਣਾਉਣ ਲਈ ਲਾਇਆ ਜਾ ਰਿਹਾ ਜ਼ੋਰ ਹੀ ਉਹ ਮੁੱਖ ਨੁਕਤਾ ਸੀ ਜਿਸ ਨੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਗੁਆਂਢੀ ਮੁਲਕ ਖਿ਼ਲਾਫ਼ ਜੰਗ ਛੇੜਨ ਲਈ ਉਕਸਾਇਆ। ਸਥਿਤੀ ਦੋਵਾਂ ਪਾਸੇ ਵਿਅੰਗਾਤਮਕ ਹੈ: ਰੂਸ ’ਤੇ ਜੰਗ ਛੇੜਨ ਦਾ ਦੋਸ਼ ਲਾ ਕੇ ‘ਨਾਟੋ’ ਮਹਿਜ਼ ਨੈਤਿਕ ਹੋਣ ਦਾ ਦਿਖਾਵਾ ਕਰ ਰਿਹਾ ਹੈ ਜਦੋਂਕਿ ਅਮਰੀਕਾ ਨੇ 2026 ਤੋਂ ਜਰਮਨੀ ’ਚ ਲੰਮੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਤਾਇਨਾਤ ਕਰਨ ਦਾ ਐਲਾਨ ਕਰ ਕੇ ਅੱਗ ਨੂੰ ਹੋਰ ਭੜਕਾ ਦਿੱਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਹ ਮਿਜ਼ਾਈਲਾਂ ਯੂਰੋਪ ਲਈ ਰੂਸ ਤੋਂ ਖੜ੍ਹੇ ਹੋ ਰਹੇ ਖ਼ਤਰੇ ਦੇ ਮੱਦੇਨਜ਼ਰ ਲਾਈਆਂ ਜਾਣਗੀਆਂ।
ਇਸ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਪੱਛਮ ਰੂਸ ਨੂੰ ਗੱਲਬਾਤ ਦੀ ਮੇਜ਼ ’ਤੇ ਲਿਆਉਣ ਲਈ ਤਿਆਰ ਨਹੀਂ ਹੈ ਅਤੇ ਇਸੇ ਕਰ ਕੇ ਮਾਸਕੋ ਪਿਛਲੇ ਮਹੀਨੇ ਸਵਿਟਜ਼ਰਲੈਂਡ ਵੱਲੋਂ ਬੁਲਾਈ ਗਈ ਯੂਕਰੇਨ ਸ਼ਾਂਤੀ ਵਾਰਤਾ ਵਿੱਚੋਂ ਗ਼ੈਰ-ਹਾਜ਼ਰ ਰਿਹਾ ਸੀ। ਅਮਰੀਕਾ ਦੀ ਅਗਵਾਈ ਵਾਲਾ ਫ਼ੌਜੀ ਗੱਠਜੋੜ ਚੀਨ ਨੂੰ ਯੂਕਰੇਨ ਵਿੱਚ ਰੂਸੀ ਜੰਗ ਦਾ ‘ਫ਼ੈਸਲਾਕੁਨ ਮਦਦਗਾਰ’ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ। ਇਸ ’ਤੇ ਪੇਈਚਿੰਗ ਨੇ ਤਿੱਖੀ ਪ੍ਰਤੀਕਿਰਿਆ ਕਰਦਿਆਂ ਕਿਹਾ ਹੈ ਕਿ ਨਾਟੋ ਨੂੰ ਆਪਣੇ ਗਿਰੇਬਾਨ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਉਸ ਨੇ ਹੁਣ ਤੱਕ ਕੀ ਕੀਤਾ ਹੈ ਜੋ ਇਸ ਸੰਕਟ ਦਾ ਮੂਲ ਕਾਰਨ ਵੀ ਹੈ ਅਤੇ ਇਸ ਦੂਸ਼ਣਬਾਜ਼ੀ ਦੀ ਬਜਾਇ ਇਸ ਨੂੰ ਤਣਾਅ ਘਟਾਉਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ। ਵਾਕਈ, ਜੇ ਨਾਟੋ ਅਜਿਹੀ ਅੰਤਰਝਾਤ ਮਾਰਦਾ ਹੈ ਅਤੇ ਜੰਗਬਾਜ਼ੀ ਦੇ ਮਾਅਰਕਿਆਂ ਤੋਂ ਗੁਰੇਜ਼ ਕਰਦਾ ਹੈ ਤਾਂ ਇਹ ਚੰਗੀ ਗੱਲ ਹੋਵੇਗੀ, ਨਹੀਂ ਤਾਂ ਪੂਰਬੀ ਯੂਰੋਪ ਵਿੱਚ ਹਾਲਾਤ ਹੋਰ ਜਿ਼ਆਦਾ ਵਿਗੜ ਸਕਦੇ ਹਨ ਅਤੇ ਸਮੁੱਚੀ ਦੁਨੀਆ ਨੂੰ ਕਿਆਮਤ ਦੇ ਦਿਨ ਦੇਖਣੇ ਪੈ ਸਕਦੇ ਹਨ।