ਦੁਨੀਆ ਦੀ ਤੀਜੀ ਵੱਡੀ ਆਰਥਿਕਤਾ ਬਣਨ ਦਾ ਦਾਅਵਾ ਕਰ ਰਹੇ ਭਾਰਤ ਦੀ ਹਕੀਕਤ ਕੀ ਹੈ, ਇਹ ਹੁਣੇ ਆਈ ਯੂਨੀਸੈਫ ਦੀ ਇੱਕ ਤਾਜ਼ਾ ਰਿਪੋਰਟ ਤੋਂ ਪਤਾ ਲਗਦਾ ਹੈ। ਸਾਡਾ ਦੇਸ਼ ਮੋਦੀ ਰਾਜ ਅਧੀਨ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਖਰਬਪਤੀ ਪੈਦਾ ਕਰ ਰਿਹਾ ਹੈ। ਫੋਰਬਸ ਦੀ ਲਿਸਟ ਮੁਤਾਬਕ ਦੁਨੀਆ ਭਰ ਦੇ ਸਭ ਤੋਂ ਅਮੀਰ ਧਨ-ਮਲੇਸ਼ਾਂ ਵਿੱਚ ਭਾਰਤ ਦੇ 8 ਧਨ-ਕੁਬੇਰ ਸ਼ਾਮਲ ਹਨ। ਦੂਜੇ ਪਾਸੇ ਵਿਸ਼ਵ ‘ਭੁੱਖਮਰੀ ਇੰਡੈਕਸ’ ਦੇ ਤਾਜ਼ਾ ਸਰਵੇ ਅਨੁਸਾਰ ਭੁੱਖਮਰੀ ਦੇ ਮਾਮਲੇ ਵਿੱਚ ਸਭ ਤੋਂ ਕੰਗਾਲ 125 ਦੇਸ਼ਾਂ ਵਿੱਚ ਸਾਡਾ ਦੇਸ਼ 111ਵੀਂ ਥਾਂ ਪੁੱਜ ਚੁੱਕਾ ਹੈ। ਇਸ ਮਾਮਲੇ ਵਿੱਚ ਸਾਡੇ ਸਭ ਗੁਆਂਢੀ ਦੇਸ਼ ਸਾਥੋਂ ਬੇਹਤਰ ਸਥਿਤੀ ਵਿੱਚ ਹਨ।
ਯੂਨੀਸੈਫ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ 5 ਸਾਲ ਤੋਂ ਘੱਟ ਉਮਰ ਦੇ 34.7 ਫ਼ੀਸਦੀ ਬੱਚੇ ਮਰੀਅਲ ਹਨ ਤੇ ਭੁੱਖੇ ਸੌਂਦੇ ਹਨ। ਏਸ਼ੀਆ ਦੇ ਦੇਸ਼ਾਂ ਵਿੱਚ ਇਹ ਔਸਤ 2.8 ਫ਼ੀਸਦੀ ਹੈ। ਇਸ ਦਾ ਮਤਲਬ ਹੈ ਕਿ ਭਾਰਤ ਏਸ਼ੀਆ ਦੇ ਗਰੀਬ ਦੇਸ਼ਾਂ ਵਿੱਚੋਂ ਵੀ ਸਭ ਤੋਂ ਗਰੀਬ ਦੇਸ਼ ਹੈ। ਦੁਨੀਆ ਭਰ ਵਿੱਚ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਬੱਚਿਆਂ ਦੀ ਪੜਤਾਲ ਤੇ ਉਸ ਦੇ ਹੱਲ ਲਈ ਯੂਨੀਸੈਫ ਨੇ ‘ਬਾਲ ਭੋਜਨ ਕੰਗਾਲੀ’ ਨਾਂਅ ਦੇ ਵਿਭਾਗ ਦੀ ਸਥਾਪਨਾ ਕੀਤੀ ਸੀ। ਵਿਭਾਗ ਨੇ ਦੁਨੀਆ ਦੇ 93 ਦੇਸ਼ਾਂ ਵਿੱਚੋਂ 37 ਗਰੀਬ ਦੇਸ਼ਾਂ ਨੂੰ ਚੁਣਿਆ, ਜਿਨ੍ਹਾਂ ਵਿੱਚ 90 ਫ਼ੀਸਦੀ ਗਰੀਬ ਬੱਚੇ ਰਹਿੰਦੇ ਹਨ। ਇਸ ਵਿਭਾਗ ਨੇ ਇਨ੍ਹਾਂ ਦੇਸ਼ਾਂ ਦੇ ਸਰਕਾਰੀ ਅੰਕੜਿਆਂ ਨੂੰ ਵੀ ਜਾਚਿਆ ਤੇ ਹਕੀਕਤ ਜਾਣਨ ਲਈ ਮਾਹਰਾਂ ਰਾਹੀਂ ਸਰਵੇ ਵੀ ਕਰਾਏ। ਇਸ ਤੋਂ ਬਾਅਦ 6 ਜੂਨ 2024 ਨੂੰ ਆਪਣੀ 92 ਸਫਿਆਂ ਦੀ ਰਿਪੋਰਟ ਤਿਆਰ ਕਰਕੇ ਇੰਟਰਨੈੱਟ ’ਤੇ ਪਾ ਦਿੱਤੀ ਸੀ।
ਇਸ ਰਿਪੋਰਟ ਮੁਤਾਬਕ ਸਾਡਾ ਦੇਸ਼ ਭੁੱਖਮਰੀ, ਬਾਲ ਕੁਪੋਸ਼ਣ, ਜਨਮ ਸਮੇਂ ਮੌਤਾਂ, ਪੀਲੇ ਤੇ ਮਰੀਅਲ ਬੱਚਿਆਂ ਤੇ ਪੀਲੀਆ ਦੀਆਂ ਸ਼ਿਕਾਰ ਮਾਵਾਂ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ‘ਵਿਸ਼ਵ ਗੁਰੂ’ ਬਣ ਚੁੱਕਿਆ ਹੈ। ਜਦੋਂ ਇਹ ਰਿਪੋਰਟ ਆਈ, ਉਸ ਸਮੇਂ ਹੁਕਮਰਾਨ ਤੀਜੀ ਵਾਰ ਸੱਤਾ ਹਾਸਲ ਕਰ ਲੈਣ ਦੀ ਮਸਤੀ ਵਿੱਚ ਡੁੱਬੇ ਹੋਏ ਸਨ, ਨਹੀਂ ਤਾਂ ਹੁਣ ਤੱਕ ਉਹ ਇਸ ਰਿਪੋਰਟ ਨੂੰ ਭਾਰਤ ਵਿਰੁੱਧ ਵਿਦੇਸ਼ੀ ਸਾਜ਼ਿਸ਼ ਕਹਿ ਕੇ ਨਕਾਰ ਚੁੱਕੇ ਹੁੰਦੇ। 137 ਗਰੀਬ ਦੇਸ਼ਾਂ ਵਿੱਚੋਂ ਸਭ ਤੋਂ ਕੰਗਾਲ 63 ਅਜਿਹੇ ਦੇਸ਼ਾਂ ਵਿੱਚ ਯੂਨੀਸੈਫ ਨੇ ਵਿਸ਼ੇਸ਼ ਪੜਤਾਲ ਕਰਾਈ, ਜਿਨ੍ਹਾਂ ਵਿੱਚ ਬੱਚਿਆਂ ਨੂੰ ਲੱਗਭੱਗ ਰੋਜ਼ਾਨਾ ਪੇਟ ਭਰ ਕੇ ਭੋਜਨ ਨਹੀਂ ਮਿਲਦਾ। ਇਨ੍ਹਾਂ ਵਿੱਚੋਂ ਭਾਰਤ ਦਾ ਨੰਬਰ 40ਵਾਂ ਹੈ। ਸਾਡੇ ਨਾਲੋਂ ਮਾੜੀ ਹਾਲਤ 23 ਦੇਸ਼ਾਂ ਦੀ ਹੈ, ਜਿਨ੍ਹਾਂ ਵਿੱਚ ਇਥੋਪੀਆ, ਅਫ਼ਗਾਨਿਸਤਾਨ ਤੇ ਸੋਮਾਲੀਆ ਆਦਿ ਸ਼ਾਮਲ ਹਨ। ਸਾਡੇ ਗੁਆਂਢੀ ਦੇਸ਼ਾਂ ਵਿੱਚੋਂ ਸ੍ਰੀਲੰਕਾ ਦੀ ਹਾਲਤ ਸਭ ਤੋਂ ਵਧੀਆ ਹੈ। ਉਹ ਪੰਜਵੇਂ ਨੰਬਰ ’ਤੇ ਹੈ। ਬੰਗਲਾਦੇਸ਼ 20ਵੇਂ ਤੇ ਸੰਘੀਆਂ ਦਾ ਦੁਸ਼ਮਣ ਪਾਕਿਸਤਾਨ ਸਾਡੇ ਤੋਂ ਦੋ ਨੰਬਰ ਉੱਪਰ ਰਹਿ ਕੇ 38ਵੇਂ ਸਥਾਨ ’ਤੇ ਹੈ। ਰਿਪੋਰਟ ਮੁਤਾਬਕ ਅਫ਼ਰੀਕੀ ਦੇਸ਼ਾਂ ਵਿੱਚ ਬਾਲ ਭੁੱਖਮਰੀ ਦੀ ਹਾਲਤ ਸੁਧਰੀ ਹੈ, ਪਰ ਏਸ਼ੀਆ ਵਿੱਚ ਅਜਿਹਾ ਨਹੀਂ ਹੋਇਆ।
ਏਸ਼ੀਆਈ ਦੇਸ਼ਾਂ ਵਿੱਚ ਸਿਰਫ਼ ਨੇਪਾਲ ਹੈ, ਜਿੱਥੇ ਬਾਲ ਭੋਜਨ ਭੁੱਖਮਰੀ ਵਿੱਚ ਕਾਫ਼ੀ ਕਮੀ ਆਈ ਹੈ। ਰਿਪੋਰਟ ਮੁਤਾਬਕ ਦੁਨੀਆ ਭਰ ਵਿੱਚ 5 ਸਾਲ ਤੋਂ ਛੋਟੇ 18 ਕਰੋੜ 10 ਲੱਖ ਬੱਚੇ ਭੁੱਖਮਰੀ ਦਾ ਸ਼ਿਕਾਰ ਹਨ ਤੇ ਵਾਰ-ਵਾਰ ਬਿਮਾਰੀਆਂ ਦੀ ਜਕੜ ਵਿੱਚ ਆਉਣ ਕਾਰਨ ਮਰ ਜਾਂਦੇ ਹਨ। ਅਜਿਹੇ ਮਰੀਅਲ ਬੱਚਿਆਂ ਵਿੱਚ 65 ਫ਼ੀਸਦੀ ਜਿਨ੍ਹਾਂ ਦੇਸ਼ਾਂ ਵਿੱਚ ਰਹਿੰਦੇ ਹਨ, ਉਨ੍ਹਾਂ ਵਿੱਚ ‘ਮਹਾਨ ਭਾਰਤ’ ਵੀ ਸ਼ਾਮਲ ਹੈ। ਇਨ੍ਹਾਂ 20 ਦੇਸ਼ਾਂ ਵਿੱਚੋਂ 11 ਦੇਸ਼ ਅਜਿਹੇ ਹਨ, ਜਿਨ੍ਹਾਂ ਵਿੱਚ ਭੁੱਖਮਰੀ ਦੀ ਹਾਲਤ ਹੋਰ ਭਿਆਨਕ ਹੋਈ ਹੈ। ਸਵਾਲ ਸਿਰਫ਼ ਬਾਲਾਂ ਦਾ ਹੀ ਨਹੀਂ, ਗਰੀਬੀ ਦੀ ਭਿਆਨਕਤਾ ਦਾ ਵੀ ਹੈ। ਜਿਨ੍ਹਾਂ ਪਰਵਾਰਾਂ ਵਿੱਚ ਬੱਚੇ ਰਾਤ ਨੂੰ ਭੁੱਖੇ ਸੌਂਦੇ ਹੋਣ, ਉਨ੍ਹਾਂ ਪਰਵਾਰਾਂ ਦੇ ਬਾਕੀ ਮੈਂਬਰ ਭਲਾ ਕਿਵੇਂ ਰੱਜ ਕੇ ਸੌਂਦੇ ਹੋ ਸਕਦੇ ਹਨ। ਭੁੱਖਮਰੀ ਦੀ ਸਭ ਤੋਂ ਭਿਆਨਕ ਤਸਵੀਰ ਇਜ਼ਰਾਈਲ ਵੱਲੋਂ ਤਬਾਹ ਕੀਤੇ ਜਾ ਰਹੇ ਗਾਜ਼ਾ ਦੀ ਹੈ, ਜਿੱਥੇ 10 ਵਿੱਚੋਂ 9 ਬੱਚੇ ਭੁੱਖਮਰੀ ਦਾ ਸ਼ਿਕਾਰ ਹਨ।
ਇੱਕ ਪਾਸੇ ਸਾਡੀ ਭਵਿੱਖੀ ਪੀੜ੍ਹੀ ਦੀ ਇਹ ਹਾਲਤ ਹੈ, ਦੂਜੇ ਪਾਸੇ ਚੰਦ ਮੁੱਠੀ-ਭਰ ਲੋਕ ਦੌਲਤ ਦੇ ਅੰਬਾਰ ਇਕੱਠੇ ਕਰੀ ਜਾ ਰਹੇ ਹਨ। ਅਮੀਰ-ਗਰੀਬ ਦਾ ਪਾੜਾ ਦਿਨੋ-ਦਿਨ ਚੌੜਾ ਹੋ ਰਿਹਾ ਹੈ। ਮੁਨਾਫ਼ੇ ਦੀ ਹਵਸ ਹੋਰ ਤੋਂ ਹੋਰ ਵਧਦੀ ਜਾ ਰਹੀ ਹੈ। ਪ੍ਰਮਾਤਮਾ ਦਾ ਅਵਤਾਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਇਹ ਕਹਿੰਦੇ ਹਨ ਕਿ 2047 ਤੱਕ ਭਾਰਤ ਵਿਕਸਤ ਦੇਸ਼ ਬਣ ਜਾਵੇਗਾ, ਤਾਂ ਉਨ੍ਹਾ ਦੀ ਨਜ਼ਰ ਵਿੱਚ ਸਿਰਫ਼ ਧਨ-ਕੁਬੇਰ ਹੀ ਭਾਰਤ ਹਨ। ਉਨ੍ਹਾ ਦੇ ਭਾਰਤ ਵਿੱਚ ਰੋਟੀ ਨੂੰ ਤਰਸ-ਤਰਸ ਕੇ ਮਰ ਰਹੇ ਬਾਲਾਂ ਲਈ ਕੋਈ ਜਗ੍ਹਾ ਨਹੀਂ। ਯੂਨੀਸੈਫ ਦੀ ਰਿਪੋਰਟ ਨੇ ਹਕੀਕਤ ਤਾਂ ਸਾਹਮਣੇ ਲੈ ਆਂਦੀ ਹੈ, ਪਰ ਇਹ ਨਹੀਂ ਦੱਸਿਆ ਕਿ ਇਸ ਦਾ ਹੱਲ ਕੀ ਹੈ। ਇਸ ਸਮੱਸਿਆ ਦਾ ਹੱਲ ਓਨਾ ਚਿਰ ਸੰਭਵ ਨਹੀਂ, ਜਿੰਨਾ ਚਿਰ ਪੂੰਜੀਵਾਦੀ ਅਰਥ-ਵਿਵਸਥਾ ਦੀ ਥਾਂ ਸਮਾਜਵਾਦੀ ਅਰਥ-ਵਿਵਸਥਾ ਸਥਾਪਤ ਨਹੀਂ ਕੀਤੀ ਜਾਂਦੀ।