ਪੰਜਾਬ ਦਾ ਕੋਈ ਅਜਿਹਾ ਘਰ ਨਹੀਂ ਜਿਥੇ ਮਾਂਹ, ਮੁੰਗੀ ਤੇ ਤਿਲਾਂ ਦੀ ਵਰਤੋਂ ਨਾ ਹੁੰਦੀ ਹੋਵੇ। ਇਹ ਸਾਉਣੀ ਦੀਆਂ ਫ਼ਸਲਾਂ ਹਨ ਤੇ ਇਨ੍ਹਾਂ ਦੀ ਬਿਜਾਈ ਜੁਲਾਈ ਵਿਚ ਕੀਤੀ ਜਾਂਦੀ ਹੈ। ਤਿਲ ਮੁੱਖ ਤੌਰ ’ਤੇ ਬੀਜ ਫ਼ਸਲ ਹੈ ਪਰ ਇਸ ਦੀ ਵਰਤੋਂ ਖਾਣ ਲਈ ਵਧੇਰੇ ਹੁੰਦੀ ਹੈ। ਮਾਂਹ ਅਤੇ ਮੁੰਗੀ ਦੀ ਦਾਲ ਦੀ ਪੰਜਾਬੀਆਂ ਵਲੋਂ ਸੱਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ। ਮਾਂਹ ਦੀ ਦਾਲ ਵਿਚ ਕਾਫ਼ੀ ਮਾਤਰਾ ਵਿਚ ਪ੍ਰੋਟੀਨ ਹੁੰਦੀ ਹੈ, ਜਿਹੜੀ ਕਿ ਸ਼ਾਕਾਹਾਰੀ ਖ਼ੁਰਾਕ ਨੂੰ ਸੰਪੂਰਨ ਬਣਾਉਂਦੀ ਹੈ।
ਮੁੰਗੀ ਦੀਆਂ ਪਿੰਨੀਆਂ ਵੀ ਬਣਦੀਆਂ ਹਨ। ਤਿਲਾਂ ਦੀ ਵਰਤੋਂ ਸਰਦੀਆਂ ਵਿਚ ਰਿਉੜੀਆਂ, ਤਿਲ ਭੁੱਗਾ ਤੇ ਹੋਰ ਮਠਿਆਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਜਦ ਤੋਂ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਆਈਆਂ ਹਨ, ਕਿਸਾਨਾਂ ਨੇ ਦਾਲਾਂ ਤੇ ਤਿਲਾਂ ਦੀ ਕਾਸ਼ਤ ਬੰਦ ਕਰ ਦਿਤੀ ਹੈ। ਬਾਜ਼ਾਰ ਵਿਚ ਇਹ ਦਾਲਾਂ ਕਰੀਬ 100 ਰੁਪਏ ਕਿਲੋ ਮਿਲਦੀਆਂ ਹਨ। ਦਾਲਾਂ ਜਿਥੇ ਮਨੁੱਖੀ ਸਿਹਤ ਵਿਚ ਸੁਧਾਰ ਕਰਦੀਆਂ ਹਨ, ਉਥੇ ਧਰਤੀ ਦੀ ਸਿਹਤ ਨੂੰ ਵੀ ਠੀਕ ਕਰਦੀਆਂ ਹਨ। ਧਰਤੀ ਨੂੰ ਸਿਹਤਮੰਦ ਕਰਨ ਲਈ ਦਾਲਾਂ ਦੀ ਕਾਸ਼ਤ ਬਹੁਤ ਜ਼ਰੂਰੀ ਹੈ। ਇਸ ਨਾਲ ਹੀ ਘਰੇਲੂ ਲੋੜ ਲਈ ਤਿਲਾਂ ਦੀ ਬਿਜਾਈ ਵੀ ਜ਼ਰੂਰੀ ਹੈ। ਇਸ ਵਾਰ ਕਿਸਾਨ ਘੱਟੋ-ਘਟ ਘਰੇਲੂ ਲੋੜ ਦੀ ਪੂਰਤੀ ਲਈ ਉੱਚੀਆਂ ਥਾਵਾਂ ’ਤੇ ਝੋਨਾ ਬੀਜਣ ਦੀ ਥਾਂ ਦਾਲਾਂ ਦੀ ਕਾਸ਼ਤ ਕਰਨ।
ਮਿੱਟੀ ਦੀ ਸਿਹਤ ਦੇ ਨਾਲ-ਨਾਲ ਦਾਲਾਂ ਦੀ ਕਾਸ਼ਤ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਹੈ। ਇਹ ਤਾਂ ਮੀਂਹ ਦੇ ਪਾਣੀ ਨਾਲ ਹੀ ਪੱਕ ਜਾਂਦੀਆਂ ਹਨ। ਇਸ ਤੋਂ ਇਲਾਵਾ ਇਹ ਨਦੀਨਾਂ ਉਪਰ ਕਾਬੂ ਪਾਉਣ ਵਿਚ ਵੀ ਸਹਾਈ ਹੁੰਦੀਆਂ ਹਨ। ਮਾਂਹ ਅਤੇ ਮੁੰਗੀ ਦੀ ਬਿਜਾਈ ਜੁਲਾਈ ਦੇ ਸ਼ੁਰੂ ਵਿਚ ਕਰਨੀ ਚਾਹੀਦੀ ਹੈ। ਦੋਹਾਂ ਦਾਲਾਂ ਦਾ 8 ਕਿਲੋ ਬੀਜ ਪ੍ਰਤੀ ਏਕੜ ਵਰਤੋ। ਮੁੰਗੀ ਦੀਆਂ ਐਮਐਲ-818 ਤੇ ਐਮਐਲ-2056 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਤੋਂ ਪੰਜ ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੁੰਦਾ ਹੈ। ਇਹ ਕਿਸਮਾਂ ਤਿਆਰ ਹੋਣ ਵਿਚ ਤਿੰਨ ਮਹੀਨੇ ਤੋਂ ਵੀ ਘੱਟ ਸਮਾਂ ਲੈਂਦੀਆਂ ਹਨ। ਬੀਜਣ ਤੋਂ ਪਹਿਲਾਂ ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਲਗਾ ਕੇ ਸੋਧ ਲੈਣਾ ਚਾਹੀਦਾ ਹੈ। ਬਿਜਾਈ ਸਮੇਂ ਲਾਈਨਾਂ ਵਿਚਕਾਰ 30 ਸੈਂਟੀਮੀਟਰ ਫ਼ਾਸਲਾ ਰੱਖੋ। ਪੰਜਾਬ ਵਿਚ ਕਾਸ਼ਤ ਲਈ ਮਾਂਹ ਦੀਆਂ ਐਮਡਬਲਿਊਐਸ-114 ਤੇ ਐਮਡਬਲਿਊਐਸ-338 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਕਿਸਮਾਂ ਤੋਂ ਚਾਰ ਕੁਇੰਟਲ ਤਕ ਝਾੜ ਪ੍ਰਾਪਤ ਹੁੰਦਾ ਹੈ। ਮਾਂਹ ਨੂੰ ਮੱਕੀ ਦੇ ਸਿਆੜਾਂ ਵਿਚਕਾਰ ਵੀ ਬੀਜਿਆ ਜਾ ਸਕਦਾ ਹੈ। ਮੈਦਾਨਾਂ ਵਿਚ ਮਾਹਾਂ ਦੀ ਬਿਜਾਈ ਜੁਲਾਈ ਦੇ ਪਹਿਲੇ ਪੰਦਰਵਾੜੇ ਵਿਚ ਕਰ ਲੈਣੀ ਚਾਹੀਦੀ ਹੈ।
ਰਵਾਂਹ ਇਕ ਹੋਰ ਦਾਲ ਹੈ ਜਿਸ ਦੀ ਪੰਜਾਬੀਆਂ ਦੇ ਘਰਾਂ ਵਿਚ ਵਰਤੋਂ ਕੀਤੀ ਜਾਂਦੀ ਹੈ। ਰਵਾਂਹ ਦੀ ਬਿਜਾਈ ਲਈ ਵੀ ਇਹ ਢੁਕਵਾਂ ਸਮਾਂ ਹੈ। ਇਸ ਦੀ ਬਿਜਾਈ ਮੱਕੀ ਦੇ ਸਿਆੜਾਂ ਵਿਚ ਕੀਤੀ ਜਾ ਸਕਦੀ ਹੈ। ਪੰਜਾਬ ਵਿਚ ਕਾਸ਼ਤ ਲਈ ਸੀਐਲ-367 ਤੇ ਰਵਾਂਹ-8 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਵਧੀਆ ਫ਼ਸਲ ਪੰਜ ਕੁਇੰਟਲ ਤਕ ਦਾਲ ਪ੍ਰਤੀ ਏਕੜ ਦਿੰਦੀ ਹੈ। ਇਕ ਏਕੜ ਦੀ ਬਿਜਾਈ ਲਈ ਰਵਾਂਹ-88 ਦਾ 16 ਕਿਲੋ ਤੇ ਸੀਐਲ-367 ਦਾ 8 ਕਿਲੋ ਬੀਜ ਪ੍ਰਤੀ ਏਕੜ ਵਰਤੋ। ਬਰਸਾਤ ਦੇ ਦਿਨਾਂ ਵਿਚ ਫ਼ਸਲ ਵਲ ਪੂਰਾ ਧਿਆਨ ਦੇਵੋ। ਜੇ ਕੋਈ ਬੀਮਾਰੀ ਵਾਲਾ ਬੂਟਾ ਨਜ਼ਰ ਆਵੇ ਤਾਂ ਉਸ ਨੂੰ ਪੁੱਟ ਕੇ ਨਸ਼ਟ ਕਰ ਦੇਵੋ। ਜੇ ਕਿਸੇ ਪੱਤੇ ਉਤੇ ਕੋਈ ਕੀੜਾ ਹੋਵੇ ਤਾਂ ਉਸ ਪੱਤੇ ਨੂੰ ਤੋੜ ਕੇ ਕੀੜੇ ਨੂੰ ਮਾਰ ਦੇਵੋ। ਜੇ ਕੀੜਿਆਂ ਦਾ ਹਮਲਾ ਜ਼ਿਆਦਾ ਹੋਵੇ ਤਾਂ ਮਾਹਰਾਂ ਦੀ ਸਲਾਹ ਅਨੁਸਾਰ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਵੇ।