ਗੌਤਮ ਗੰਭੀਰ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕੋਚ ਨਿਯੁਕਤ

ਨਵੀਂ ਦਿੱਲੀ 9 ਜੁਲਾਈ ਭਾਰਤ ਦੇ ਨਵੇਂ ਨਿਯੁਕਤ ਮੁੱਖ ਕੋਚ ਗੌਤਮ ਗੰਭੀਰ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਅਹੁਦੇ ’ਤੇ ਰਹਿੰਦੇ ਹੋਏ ‘ਤਿਰੰਗੇ ਦੀ ਸੇਵਾ ਕਰਨਾ ਬੇਹੱਦ ਸਨਮਾਨ ਦੀ ਗੱਲ’ ਹੋਵੇਗੀ ਅਤੇ ਉਹ ਟੀਮ ਲਈ ਨਤੀਜੇ ਦੇਣ ਲਈ ‘ਅਪਣੀ ਪੂਰੀ ਤਾਕਤ ਲਗਾ ਦੇਣਗੇ’। ਭਾਰਤ ਦੀ 2011 ਵਨਡੇ ਵਿਸ਼ਵ ਕੱਪ ਜਿੱਤ ਦੇ ਨਾਇਕਾਂ ਵਿਚੋਂ ਇਕ ਗੰਭੀਰ ਨੇ ਰਾਹੁਲ ਦ੍ਰਾਵਿੜ ਦੀ ਥਾਂ ਲਈ ਹੈ, ਜਿਨ੍ਹਾਂ ਦਾ ਕਾਰਜਕਾਲ ਹਾਲ ਹੀ ਵਿਚ ਸਮਾਪਤ ਹੋਏ ਟੀ-20 ਵਿਸ਼ਵ ਕੱਪ ਨਾਲ ਖਤਮ ਹੋ ਗਿਆ ਸੀ, ਜਿਸ ਵਿਚ ਭਾਰਤੀ ਟੀਮ ਨੇ ਖਿਤਾਬ ਜਿੱਤਿਆ ਸੀ। ਉਨ੍ਹਾਂ ‘ਐਕਸ’ ’ਤੇ ਲਿਖਿਆ, ‘‘ਭਾਰਤ ਮੇਰੀ ਪਛਾਣ ਹੈ ਅਤੇ ਅਪਣੇ ਦੇਸ਼ ਦੀ ਸੇਵਾ ਕਰਨਾ ਮੇਰੀ ਜ਼ਿੰਦਗੀ ਦਾ ਸੱਭ ਤੋਂ ਵੱਡਾ ਸਨਮਾਨ ਰਿਹਾ ਹੈ। ਮੈਂ ਟੀਮ ਦੇ ਨਾਲ ਵਾਪਸੀ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ, ਹਾਲਾਂਕਿ ਇਕ ਵੱਖਰੀ ਭੂਮਿਕਾ ਵਿਚ। ਪਰ ਮੇਰਾ ਟੀਚਾ ਹਮੇਸ਼ਾ ਦੀ ਤਰ੍ਹਾਂ ਹਰ ਭਾਰਤੀ ਨੂੰ ਮਾਣ ਦਿਵਾਉਣਾ ਹੈ।

ਉਨ੍ਹਾਂ ਕਿਹਾ, ‘‘ਟੀਮ ਇੰਡੀਆ 1.4 ਅਰਬ ਭਾਰਤੀਆਂ ਦੇ ਸੁਪਨਿਆਂ ਨੂੰ ਅਪਣੇ ਮੋਢਿਆਂ ’ਤੇ ਚੁੱਕ ਰਹੀ ਹੈ ਅਤੇ ਮੈਂ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਪਣੀ ਪੂਰੀ ਤਾਕਤ ਲਗਾਵਾਂਗਾ। ਗੰਭੀਰ ਦੀ ਕਪਤਾਨੀ ’ਚ ਕੋਲਕਾਤਾ ਨਾਈਟ ਰਾਈਡਰਜ਼ ਨੇ 2012 ਅਤੇ 2014 ’ਚ ਆਈ.ਪੀ.ਐਲ. ਦਾ ਖਿਤਾਬ ਜਿੱਤਿਆ ਸੀ। ਉਹ 2024 ’ਚ ਆਈ.ਪੀ.ਐਲ. ਖਿਤਾਬ ਜਿੱਤਣ ਵਾਲੀ ਨਾਈਟ ਰਾਈਡਰਜ਼ ਟੀਮ ਦੇ ਸਲਾਹਕਾਰ ਸਨ। ਗੰਭੀਰ ਨੇ ਦ੍ਰਾਵਿੜ ਨੂੰ ਉਨ੍ਹਾਂ ਦੇ ਤਿੰਨ ਸਾਲ ਦੇ ਸ਼ਾਨਦਾਰ ਕਰੀਅਰ ਲਈ ਵਧਾਈ ਦਿਤੀ । ਉਨ੍ਹਾਂ ਕਿਹਾ, ‘‘ਅਪਣੇ ਤਿਰੰਗੇ, ਅਪਣੇ ਲੋਕਾਂ ਅਤੇ ਦੇਸ਼ ਦੀ ਸੇਵਾ ਕਰਨਾ ਸਨਮਾਨ ਦੀ ਗੱਲ ਹੈ। ਮੈਂ ਇਸ ਮੌਕੇ ’ਤੇ ਰਾਹੁਲ ਦ੍ਰਾਵਿੜ ਅਤੇ ਉਨ੍ਹਾਂ ਦੇ ਸਹਿਯੋਗੀ ਸਟਾਫ ਨੂੰ ਟੀਮ ਦੇ ਨਾਲ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦੇਣਾ ਚਾਹੁੰਦਾ ਹਾਂ। ਮੈਂ ਟੀਮ ਇੰਡੀਆ ਦੇ ਮੁੱਖ ਕੋਚ ਦੀ ਭੂਮਿਕਾ ਨਿਭਾਉਣ ਲਈ ਸਨਮਾਨਿਤ ਅਤੇ ਰੋਮਾਂਚਿਤ ਹਾਂ।

ਗੰਭੀਰ ਨੇ ਕਿਹਾ ਕਿ ਉਹ ਭਾਰਤੀ ਕ੍ਰਿਕਟ ਨੂੰ ਅੱਗੇ ਲਿਜਾਣ ਲਈ ਕੌਮੀ ਕ੍ਰਿਕਟ ਅਕੈਡਮੀ ਦੇ ਮੁਖੀ ਵੀ.ਵੀ.ਐਸ. ਲਕਸ਼ਮਣ ਸਮੇਤ ਕ੍ਰਿਕਟ ਭਾਈਚਾਰੇ ਦੇ ਕੁੱਝ ਹੁਸ਼ਿਆਰ ਦਿਮਾਗਾਂ ਨਾਲ ਕੰਮ ਕਰਨ ਲਈ ਉਤਸੁਕ ਹਨ। ਉਨ੍ਹਾਂ ਕਿਹਾ, ‘‘ਮੈਨੂੰ ਅਪਣੇ ਖੇਡ ਦੇ ਦਿਨਾਂ ਤੋਂ ਹੀ ਭਾਰਤ ਦੀ ਜਰਸੀ ਪਹਿਨਣ ’ਤੇ ਮਾਣ ਰਿਹਾ ਹੈ ਅਤੇ ਜਦੋਂ ਮੈਂ ਇਹ ਨਵੀਂ ਭੂਮਿਕਾ ਨਿਭਾਵਾਂਗਾ ਤਾਂ ਇਹ ਵੱਖਰਾ ਨਹੀਂ ਹੋਵੇਗਾ। ਗੰਭੀਰ ਨੇ ਕਿਹਾ, ‘‘ਕ੍ਰਿਕਟ ਮੇਰਾ ਜਨੂੰਨ ਹੈ ਅਤੇ ਮੈਂ ਬੀ.ਸੀ.ਸੀ.ਆਈ., ਕੌਮੀ ਕ੍ਰਿਕਟ ਅਕੈਡਮੀ ਦੇ ਮੁਖੀ ਵੀ.ਵੀ.ਐਸ. ਲਕਸ਼ਮਣ, ਸਹਿਯੋਗੀ ਸਟਾਫ ਅਤੇ ਸੱਭ ਤੋਂ ਮਹੱਤਵਪੂਰਨ ਖਿਡਾਰੀਆਂ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ ਕਿਉਂਕਿ ਅਸੀਂ ਆਉਣ ਵਾਲੇ ਟੂਰਨਾਮੈਂਟਾਂ ਵਿਚ ਸਫਲਤਾ ਹਾਸਲ ਕਰਨ ਲਈ ਕੰਮ ਕਰ ਰਹੇ ਹਾਂ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...