ਹਾਥਰਸ ’ਚ ਵਾਪਰੇ ਦੁਖਾਂਤ ਦੇ ਸਬਕ

ਇਕ ਵਾਰ ਫਿਰ ਇਕ ਧਾਰਮਿਕ ਆਯੋਜਨ ਵਿਚ ਭਾਜੜ ਮਚਣ ਕਾਰਨ ਅਨੇਕ ਲੋਕ ਮਾਰੇ ਗਏ। ਇਸ ਵਾਰ ਭਾਜੜ ਹਾਥਰਸ ਵਿਚ ਇਕ ਧਾਰਮਿਕ ਸਮਾਗਮ ਵਿਚ ਮਚੀ ਜਿੱਥੇ ਖ਼ੁਦ ਨੂੰ ਸਾਕਾਰ ਵਿਸ਼ਵ ਹਰੀ ਕਹਿਣ ਵਾਲਾ ਕਥਾਵਾਚਕ ਲੋਕਾਂ ਨੂੰ ਪ੍ਰਵਚਨ ਦੇ ਰਿਹਾ ਸੀ। ਪ੍ਰਵਚਨ ਸਮਾਪਤ ਹੋਣ ਤੋਂ ਬਾਅਦ ਬਦਇੰਤਜ਼ਾਮੀ ਕਾਰਨ ਜੋ ਭਾਜੜ ਮਚੀ, ਉਸ ਵਿਚ 121 ਲੋਕ ਮਾਰੇ ਗਏ। ਇਨ੍ਹਾਂ ’ਚੋਂ ਜ਼ਿਆਦਾਤਰ ਮਹਿਲਾਵਾਂ ਤੇ ਬੱਚੇ ਸਨ। ਆਪਣੇ ਦੇਸ਼ ਵਿਚ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦ ਕਿਸੇ ਧਾਰਮਿਕ ਜਾਂ ਸਮਾਜਿਕ-ਸੱਭਿਆਚਾਰਕ ਆਯੋਜਨ ਵਿਚ ਭਾਜੜ ਮਚਣ ਕਾਰਨ ਲੋਕਾਂ ਦੀ ਜਾਨ ਗਈ ਹੋਵੇ। ਇਸ ਤਰ੍ਹਾਂ ਦੇ ਹਾਦਸੇ ਦੁਨੀਆ ਦੇ ਹੋਰ ਦੇਸ਼ਾਂ ਵਿਚ ਵੀ ਹੁੰਦੇ ਰਹਿੰਦੇ ਹਨ ਪਰ ਅਜਿਹਾ ਲੱਗਦਾ ਹੈ ਕਿ ਆਪਣੇ ਦੇਸ਼ ਵਿਚ ਅਜਿਹੇ ਹਾਦਸੇ ਕੁਝ ਜ਼ਿਆਦਾ ਹੀ ਹੋ ਰਹੇ ਹਨ।

ਧਾਰਮਿਕ-ਸਮਾਜਿਕ ਆਯੋਜਨਾਂ ਵਿਚ ਬਦਇੰਤਜ਼ਾਮੀ ਫੈਲਣ ਕਾਰਨ ਹਾਦਸੇ ਉਦੋਂ ਹੁੰਦੇ ਹਨ ਜਦ ਆਯੋਜਕਾਂ ਵੱਲੋਂ ਨਾ ਤਾਂ ਭੀੜ ਦਾ ਅਨੁਮਾਨ ਲਗਾਇਆ ਜਾਂਦਾ ਹੈ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਉਸ ਦੀ ਸੁਰੱਖਿਆ ਲਈ ਢੁੱਕਵੇਂ ਉਪਾਅ ਕੀਤੇ ਜਾਂਦੇ ਹਨ। ਇਸ ਕਾਰਨ ਭੀੜ ਦੀ ਧੱਕਾ-ਮੁੱਕੀ ਸਦਕਾ ਭਾਜੜ ਮਚ ਜਾਂਦੀ ਹੈ ਅਤੇ ਲੋਕ ਇਕ-ਦੂਜੇ ਦੇ ਪੈਰਾਂ ਹੇਠਾਂ ਕੁਚਲ ਕੇ ਮਾਰੇ ਜਾਂਦੇ ਹਨ। ਹਾਥਰਸ ਵਿਚ ਅਜਿਹਾ ਹੀ ਵਾਪਰਿਆ। ਇਸ ਤਰ੍ਹਾਂ ਦੇ ਹਾਦਸੇ ਇਕ ਲੰਬੇ ਸਮੇਂ ਤੋਂ ਹੁੰਦੇ ਚਲੇ ਆ ਰਹੇ ਹਨ ਪਰ ਉਨ੍ਹਾਂ ਦੀ ਰੋਕਥਾਮ ਲਈ ਠੋਸ ਉਪਾਅ ਨਹੀਂ ਕੀਤੇ ਜਾ ਰਹੇ। ਧਾਰਮਿਕ ਆਯੋਜਨਾਂ ਵਿਚ ਬੜੀ ਆਸਾਨੀ ਨਾਲ ਭਾਰੀ ਭੀੜ ਇਕੱਠੀ ਹੋ ਜਾਂਦੀ ਹੈ। ਹਾਲਾਂਕਿ ਧਾਰਮਿਕ ਪ੍ਰੋਗਰਾਮ ਆਯੋਜਿਤ ਕਰਨ ਵਾਲੇ ਅਤੇ ਨਾਲ ਹੀ ਕਥਾਵਾਚਕ ਜਾਂ ਸੰਤ-ਮਹਾਤਮਾ ਉਨ੍ਹਾਂ ’ਚੋਂ ਚੰਗਾ-ਖ਼ਾਸਾ ਧਨ ਜੁਟਾਉਣ ਵਿਚ ਕਾਮਯਾਬ ਰਹਿੰਦੇ ਹਨ ਪਰ ਸ਼ਰਧਾਲੂਆਂ ਦੀ ਸੁਰੱਖਿਆ ਲਈ ਕੋਈ ਠੋਸ ਬੰਦੋਬਸਤ ਨਹੀਂ ਕਰਦੇ।

ਹਾਥਰਸ ਵਿਚ ਸਾਕਾਰ ਵਿਸ਼ਵ ਹਰੀ ਦੇ ਧਾਰਮਿਕ ਸਮਾਗਮ ਵਿਚ ਅਨੁਮਾਨ ਨਾਲੋਂ ਕਿਤੇ ਜ਼ਿਆਦਾ ਭੀੜ ਜੁਟੀ। ਇਸ ਆਯੋਜਨ ਦੀ ਆਗਿਆ ਦੇਣ ਵਾਲੇ ਅਧਿਕਾਰੀਆਂ ਨੇ ਵੀ ਇਸ ਦੀ ਚਿੰਤਾ ਨਹੀਂ ਕੀਤੀ ਕਿ ਜ਼ਰੂਰਤ ਤੋਂ ਵੱਧ ਵੱਡੀ ਭੀੜ ਤਾਂ ਨਹੀਂ ਇਕੱਠੀ ਹੋ ਰਹੀ ਹੈ? ਨਾ ਤਾਂ ਆਯੋਜਕਾਂ ਨੇ ਇਹ ਦੇਖਿਆ ਕਿ ਭਾਰੀ ਭੀੜ ਦੀ ਨਿਕਾਸੀ ਦੇ ਢੁੱਕਵੇਂ ਉਪਾਅ ਹਨ ਜਾਂ ਨਹੀਂ, ਨਾ ਹੀ ਪੁਲਿਸ ਪ੍ਰਸ਼ਾਸਨ ਨੇ। ਮੰਨਿਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ਵਿਚ ਭਾਜੜ ਇਸ ਲਈ ਮਚੀ ਕਿਉਂਕਿ ਵੱਡੀ ਗਿਣਤੀ ਵਿਚ ਇਕੱਠੇ ਹੋਏ ਸ਼ਰਧਾਲੂ ਸਾਕਾਰ ਵਿਸ਼ਵ ਹਰੀ ਦੇ ਦਰਸ਼ਨਾਂ ਲਈ ਉਸ ਕੋਲ ਜਾਣ ਲਈ ਧੱਕਾਮੁੱਕੀ ਕਰਨ ਲੱਗੇ।

ਆਯੋਜਕਾਂ ਨੇ ਇਹ ਸਮਝਣ ਤੋਂ ਇਨਕਾਰ ਕੀਤਾ ਕਿ ਇਹ ਧੱਕਾਮੁੱਕੀ ਭਾਜੜ ਵਿਚ ਤਬਦੀਲ ਹੋ ਸਕਦੀ ਹੈ। ਅਖ਼ੀਰ ਅਜਿਹਾ ਹੀ ਹੋਇਆ। ਇਸ ਤੋਂ ਵੀ ਖ਼ਰਾਬ ਗੱਲ ਇਹ ਰਹੀ ਕਿ ਭਾਜੜ ਮਚਣ ’ਤੇ ਉਸ ਨੂੰ ਕਾਬੂ ਕਰਨ ਦੇ ਕੋਈ ਕਦਮ ਨਹੀਂ ਚੁੱਕੇ ਗਏ। ਸਾਕਾਰ ਵਿਸ਼ਵ ਹਰੀ ਖ਼ੁਦ ਪੁਲਿਸ ਮੁਲਾਜ਼ਮ ਰਿਹਾ ਹੈ। ਇਸ ਨਾਤੇ ਉਸ ਨੂੰ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਸੀ ਕਿ ਭੀੜ ਦੇ ਬੇਕਾਬੂ ਹੋਣ ’ਤੇ ਕੀ ਸਥਿਤੀ ਬਣੇਗੀ, ਪਰ ਉਸ ਨੇ ਵੀ ਇਸ ਦੀ ਪਰਵਾਹ ਨਾ ਕੀਤੀ। ਬਾਬੇ ਦਾ ਗ਼ੈਰ-ਸੰਜੀਦਾ ਵਤੀਰਾ ਵੱਡੇ ਸਵਾਲ ਖੜ੍ਹੇ ਕਰਦਾ ਹੈ। ਹੈਰਾਨੀ ਨਹੀਂ ਕਿ ਇਸ ਦਾ ਕਾਰਨ ਇਹ ਰਿਹਾ ਹੋਵੇ ਕਿ ਖ਼ੁਦ ਨੂੰ ਸੰਤ-ਮਹਾਤਮਾ ਕਹਿਣ ਵਾਲੇ ਸਾਕਾਰ ਵਿਸ਼ਵ ਹਰੀ ਵਰਗੇ ਲੋਕ ਆਪਣੇ ਭਗਤਾਂ ਦਾ ਇਸਤੇਮਾਲ ਖ਼ੁਦ ਦੇ ਮਹਿਮਾ-ਮੰਡਨ ਅਤੇ ਧਨ ਇਕੱਠਾ ਕਰਨ ਲਈ ਕਰਦੇ ਹਨ।

ਅਜਿਹੇ ਸੰਤ-ਮਹਾਤਮਾਵਾਂ ਦਾ ਆਪਣੇ ਪੈਰੋਕਾਰਾਂ ਦੀ ਰੂਹਾਨੀ ਤਰੱਕੀ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਆਮ ਤੌਰ ’ਤੇ ਉਹ ਉਨ੍ਹਾਂ ਨੂੰ ਝੂਠਾ ਦਿਲਾਸਾ ਦਿੰਦੇ ਹਨ ਅਤੇ ਅੰਧਵਿਸ਼ਵਾਸੀ ਬਣਾਉਂਦੇ ਹਨ। ਉਹ ਉਨ੍ਹਾਂ ਨੂੰ ਸੰਜਮ ਅਤੇ ਅਨੁਸ਼ਾਸਨ ਦਾ ਪਾਠ ਵੀ ਨਹੀਂ ਪੜ੍ਹਾਉਂਦੇ। ਆਪਣੇ ਦੇਸ਼ ਵਿਚ ਸੰਤਾਂ ਪ੍ਰਤੀ ਇਕ ਆਕਰਸ਼ਣ ਅਤੇ ਆਦਰ ਰਹਿੰਦਾ ਹੈ। ਜ਼ਿਆਦਾਤਰ ਕਥਾਵਾਚਕ ਬਹੁਤ ਜਲਦ ਖ਼ੁਦ ਨੂੰ ਸੰਤ ਵਿਚ ਤਬਦੀਲ ਕਰ ਲੈਂਦੇ ਹਨ ਅਤੇ ਕੁਝ ਖ਼ੁਦ ਦੀ ਪੂਜਾ ਕਰਵਾਉਣ ਲੱਗਦੇ ਹਨ। ਕੁਝ ਤਾਂ ਖ਼ੁਦ ਨੂੰ ਈਸ਼ਵਰੀ ਜਾਂ ਅਲੌਕਿਕ ਸ਼ਕਤੀਆਂ ਨਾਲ ਲੈਸ ਕਰਾਰ ਦਿੰਦੇ ਹਨ। ਗ਼ਰੀਬ ਤੇ ਅਨਪੜ੍ਹ ਲੋਕ ਉਨ੍ਹਾਂ ਦੀਆਂ ਗੱਲਾਂ ਵਿਚ ਆ ਜਾਂਦੇ ਹਨ। ਹੌਲੀ-ਹੌਲੀ ਉਨ੍ਹਾਂ ਦੀ ਪ੍ਰਸਿੱਧੀ ਵਧਦੀ ਜਾਂਦੀ ਹੈ ਅਤੇ ਇਸੇ ਦੇ ਨਾਲ ਉਨ੍ਹਾਂ ਦੇ ਪੈਰੋਕਾਰ ਵੀ ਵਧਦੇ ਚਲੇ ਜਾਂਦੇ ਹਨ। ਸਾਕਾਰ ਵਿਸ਼ਵ ਹਰੀ ਦੇ ਪੈਰੋਕਾਰਾਂ ਦੀ ਵੀ ਚੰਗੀ-ਖ਼ਾਸੀ ਗਿਣਤੀ ਹੈ। ਹਾਥਰਸ ਵਿਚ ਉਸ ਦੇ ਆਯੋਜਨ ਵਿਚ ਕੁਝ ਸ਼ਰਧਾਲੂ ਤਾਂ ਦੂਜੇ ਸੂਬਿਆਂ ਤੋਂ ਵੀ ਆਏ ਸਨ। ਆਪਣੇ ਦੇਸ਼ ਵਿਚ ਸਾਕਾਰ ਹਰੀ ਵਰਗੇ ਕਥਾਵਾਚਕਾਂ ਜਾਂ ਸੰਤਾਂ ਦੀ ਕਮੀ ਨਹੀਂ ਹੈ।

ਕੋਈ ਵੀ ਕਥਾਵਾਚਕ ਧਰਮ-ਕਰਮ, ਈਸ਼ਵਰ ਆਦਿ ਦੀ ਆਪਣੇ ਤਰੀਕੇ ਨਾਲ ਵਿਆਖਿਆ ਕਰ ਕੇ ਲੋਕਾਂ ਨੂੰ ਆਕਰਸ਼ਿਤ ਕਰਨ ਅਤੇ ਅਖ਼ੀਰ ਉਨ੍ਹਾਂ ਨੂੰ ਆਪਣਾ ਪੈਰੋਕਾਰ ਬਣਾਉਣ ਵਿਚ ਸਫਲ ਹੋ ਜਾਂਦਾ ਹੈ। ਅਜਿਹੇ ਪੈਰੋਕਾਰ ਆਸਾਨੀ ਨਾਲ ਅੰਧਵਿਸ਼ਵਾਸ ਨਾਲ ਵੀ ਗ੍ਰਸਤ ਹੋ ਜਾਂਦੇ ਹਨ ਅਤੇ ਕਥਾਵਾਚਕ ਜਾਂ ਸੰਤ ਪ੍ਰਤੀ ਉਨ੍ਹਾਂ ਦੀ ਆਸਥਾ ਇੰਨੀ ਜ਼ਿਆਦਾ ਵਧ ਜਾਂਦੀ ਹੈ ਕਿ ਉਹ ਸਹੀ-ਗ਼ਲਤ ਦਾ ਫ਼ਰਕ ਕਰਨਾ ਛੱਡ ਦਿੰਦੇ ਹਨ ਅਤੇ ਤਰਕਾਂ ਤੋਂ ਦੂਰ ਹੁੰਦੇ ਜਾਂਦੇ ਹਨ। ਸਾਕਾਰ ਵਿਸ਼ਵ ਹਰੀ ਵਰਗੇ ਕਥਾਵਾਚਕ ਕਿਸ ਤਰ੍ਹਾਂ ਘੱਟ ਪੜ੍ਹੇ-ਲਿਖੇ ਅਤੇ ਗ਼ਰੀਬ ਤਬਕੇ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਹੋ ਜਾਂਦੇ ਹਨ, ਇਸ ਦਾ ਪਤਾ ਇਸ ਤੋਂ ਵੀ ਲੱਗਦਾ ਹੈ ਕਿ ਪੜ੍ਹੇ-ਲਿਖੇ ਲੋਕ ਮੁਸ਼ਕਲ ਨਾਲ ਹੀ ਉਨ੍ਹਾਂ ਦੇ ਪੈਰੋਕਾਰ ਬਣਦੇ ਹਨ ਕਿਉਂਕਿ ਉਹ ਤਰਕ ਦੇ ਆਧਾਰ ’ਤੇ ਸੋਚਦੇ ਅਤੇ ਫ਼ੈਸਲੇ ਕਰਦੇ ਹਨ।

ਜੇ ਕਦੇ ਉਹ ਪੈਰੋਕਾਰ ਬਣਦੇ ਵੀ ਹਨ ਤਾਂ ਭੀੜ ਭਰੇ ਆਯੋਜਨਾਂ ਵਿਚ ਜਾਣ ਤੋਂ ਬਚਦੇ ਹਨ। ਉਨ੍ਹਾਂ ਦਾ ਇਹ ਸੁਭਾਅ ਉਨ੍ਹਾਂ ਨੂੰ ਅਣਕਿਆਸੀ ਮੁਸੀਬਤ ਅਤੇ ਸੰਕਟ ਤੋਂ ਬਚਾਅ ਲੈਂਦਾ ਹੈ। ਪੜ੍ਹੇ-ਲਿਖੇ ਲੋਕਾਂ ਅਨਪੜ੍ਹਾਂ ਨਾਲੋਂ ਕਿਤੇ ਜ਼ਿਆਦਾ ਬੌਧਿਕ ਵਿਕਾਸ ਹੋ ਚੁੱਕਾ ਹੁੰਦਾ ਹੈ। ਇਸੇ ਲਈ ਉਹ ਵਹਿਮਾਂ-ਭਰਮਾਂ ਤੇ ਅੰਧਵਿਸ਼ਵਾਸਾਂ ਦਾ ਸ਼ਿਕਾਰ ਨਹੀਂ ਬਣਦੇ। ਅਨਪੜ੍ਹ-ਘੱਟ ਪੜ੍ਹੇ-ਲਿਖੇ ਲੋਕ ਇਸ ਧਾਰਨਾ ਨਾਲ ਵਧੇਰੇ ਗ੍ਰਸਤ ਹੁੰਦੇ ਹਨ ਕਿ ਉਨ੍ਹਾਂ ਦੇ ਜੀਵਨ ਵਿਚ ਜੋ ਸਮੱਸਿਆਵਾਂ ਹਨ, ਉਨ੍ਹਾਂ ਤੋਂ ਛੁਟਕਾਰਾ ਕਿਸੇ ਸੰਤ-ਮਹਾਤਮਾ ਦੇ ਅਸ਼ੀਰਵਾਦ ਜਾਂ ਸਨੇਹ ਜਾਂ ਉਨ੍ਹਾਂ ਦੇ ਉਪਦੇਸ਼ ਸਦਕਾ ਮਿਲ ਸਕਦਾ ਹੈ, ਇਸ ਲਈ ਉਹ ਵਿਗਿਆਨਕ ਚੇਤਨਾ ਦਾ ਸਬੂਤ ਨਹੀਂ ਦਿੰਦੇ। ਧਾਰਮਿਕ ਆਯੋਜਨਾਂ ਵਿਚ ਭਾਰੀ ਭੀੜ ਜੁਟਾਉਣ ਜਾਂ ਕਥਾ-ਪ੍ਰਚਵਨ ਆਦਿ ਦੇ ਪ੍ਰੋਗਰਾਮ ਸੁਣਨ ਵਿਚ ਕੋਈ ਬੁਰਾਈ ਨਹੀਂ ਹੈ ਪਰ ਇਹ ਦੇਖਿਆ ਹੀ ਜਾਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਆਯੋਜਨਾਂ ਵਿਚ ਬਦਇੰਤਜ਼ਾਮੀ ਕਿਸੇ ਦੁਰਘਟਨਾ ਨੂੰ ਸੱਦਾ ਨਾ ਦੇ ਸਕੇ।

ਆਪਣੇ ਦੇਸ਼ ਵਿਚ ਇਕ ਸਮੱਸਿਆ ਇਹ ਵੀ ਹੈ ਕਿ ਜੇ ਕੋਈ ਕਥਾਵਾਚਕ ਜਾਂ ਖ਼ੁਦ ਨੂੰ ਸੰਤ-ਮਹਾਤਮਾ ਕਹਿਣ ਵਾਲਾ ਵਿਅਕਤੀ ਭਾਰੀ ਭੀੜ ਇਕੱਠੀ ਕਰਨ ਵਿਚ ਸਮਰੱਥ ਹੋ ਜਾਂਦਾ ਹੈ ਤਾਂ ਨੇਤਾ ਵੋਟ ਬੈਂਕ ਬਣਨ ਦੇ ਲਾਲਚ ਵਿਚ ਉਸ ਨੂੰ ਸਮਰਥਨ ਅਤੇ ਸ਼ਹਿ ਦੇਣ ਲੱਗਦੇ ਹਨ। ਇਹ ਸਮਰਥਨ ਅਤੇ ਸ਼ਹਿ ਅਜਿਹੇ ਲੋਕਾਂ ਦੇ ਸਾਮਰਾਜ ਨੂੰ ਵਧਾਉਣ ਦਾ ਕੰਮ ਕਰਦੇ ਹਨ। ਇਸ ’ਤੇ ਹੈਰਾਨੀ ਨਹੀਂ ਕਿ ਸਾਕਾਰ ਵਿਸ਼ਵ ਹਰੀ ਦੇ ਅਨੇਕ ਆਸ਼ਰਮ ਹਨ ਅਤੇ ਉਸ ਦੇ ਕਈ ਨੇਤਾਵਾਂ ਨਾਲ ਸਬੰਧ-ਸੰਪਰਕ ਹਨ। ਇਸ ਦੀ ਵੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਹਾਲੇ ਤੱਕ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਮਾਇਆਵਤੀ ਨੂੰ ਛੱਡ ਕੇ ਕੋਈ ਵੀ ਨੇਤਾ ਇਹ ਨਹੀਂ ਕਹਿ ਪਾ ਰਿਹਾ ਹੈ ਕਿ ਲੋਕਾਂ ਨੂੰ ਅੰਧਵਿਸ਼ਵਾਸ ਅਤੇ ਪਾਖੰਡ ਤੋਂ ਬਚਣ ਦੀ ਜ਼ਰੂਰਤ ਹੈ।

ਉਲਟਾ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰਾਮ ਗੋਪਾਲ ਯਾਦਵ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਹੀ ਰਹਿੰਦੇ ਹਨ। ਨੇਤਾਵਾਂ ਦਾ ਇਹ ਵਤੀਰਾ ਜਾਣੇ-ਅਣਜਾਣੇ ਹੀ ਸਮਾਜ ਵਿਚ ਅੰਧਵਿਸ਼ਵਾਸਾਂ ਨੂੰ ਵਧਾਉਂਦਾ ਹੈ ਅਤੇ ਨਕਲੀ-ਪਾਖੰਡੀ ਸੰਤਾਂ ਨੂੰ ਉਤਸ਼ਾਹਤ ਕਰਦਾ ਹੈ। ਇਹ ਠੀਕ ਹੈ ਕਿ ਧਾਰਮਿਕ, ਸੰਸਕਿ੍ਤਕ ਤੇ ਸਮਾਜਿਕ ਆਯੋਜਨਾਂ ਵਿਚ ਲੋਕਾਂ ਨੂੰ ਜਾਣ ਤੋਂ ਰੋਕਿਆ ਨਹੀਂ ਜਾ ਸਕਦਾ ਪਰ ਘੱਟੋ-ਘੱਟ ਇੰਨਾ ਤਾਂ ਹੋਣਾ ਹੀ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਆਯੋਜਨਾਂ ਵਿਚ ਸੁਰੱਖਿਆ ਦੇ ਠੋਸ ਪ੍ਰਬੰਧ ਕੀਤੇ ਜਾਣ।

ਭੀੜ ਨੂੰ ਕਾਬੂ ਕਰਨ ਦੇ ਉਪਾਅ ਆਯੋਜਕਾਂ ਨੂੰ ਵੀ ਕਰਨੇ ਚਾਹੀਦੇ ਹਨ ਅਤੇ ਪੁਲਿਸ-ਪ੍ਰਸ਼ਾਸਨ ਨੂੰ ਵੀ। ਇਸ ਦੇ ਨਾਲ ਹੀ ਆਮ ਜਨਤਾ ਨੂੰ ਵੀ ਇਹ ਸਮਝਣਾ ਹੋਵੇਗਾ ਕਿ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਸੰਜਮ ਅਤੇ ਅਨੁਸ਼ਾਸਨ ਦਾ ਸਬੂਤ ਦਿੱਤਾ ਜਾਣਾ ਜ਼ਰੂਰੀ ਹੈ। ਜੇ ਅਜਿਹੀ ਸੋਝੀ ਵਿਕਸਤ ਨਹੀਂ ਕੀਤੀ ਜਾਂਦੀ ਤਾਂ ਹਾਥਰਸ ਵਰਗੇ ਹਾਦਸੇ ਹੁੰਦੇ ਹੀ ਰਹਿਣਗੇ ਤੇ ਬੇਕਸੂਰ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਰਹੇਗਾ।

ਸਾਂਝਾ ਕਰੋ

ਪੜ੍ਹੋ