ਤਵਾਰੀਖ਼ੀ ਫ਼ਤਵਾ

ਬਰਤਾਨੀਆ ਦੀਆਂ ਸੰਸਦੀ ਚੋਣਾਂ ਵਿਚ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਭਾਵੇਂ ਖ਼ੁਦ ਜਿੱਤ ਗਏ ਪਰ 14 ਸਾਲਾਂ ਤੋਂ ਰਾਜ ਸਿੰਘਾਸਨ ’ਤੇ ਬਿਰਾਜਮਾਨ ਕੰਜ਼ਰਵੇਟਿਵ ਪਾਰਟੀ ਦੀ ਨਮੋਸ਼ੀਜਨਕ ਹਾਰ ਪਿੱਛੋਂ ਉਨ੍ਹਾਂ ਨੂੰ ‘ਸੌਰੀ’ ਕਹਿਣ ਲਈ ਮਜਬੂਰ ਹੋਣਾ ਪਿਆ। ਰਿਸ਼ੀ ਦੇ ਦਾਦਾ ਰਾਮ ਦਾਸ ਸੁਨਕ ਗੁੱਜਰਾਂਵਾਲਾ (ਹੁਣ ਪਾਕਿਸਤਾਨ) ਦੇ ਜੰਮਪਲ ਸਨ ਜੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜਨਮ ਭੋਇੰ ਹੈ। ਚੌਵੀ ਅਕਤੂਬਰ 2022 ਨੂੰ ਜਦੋਂ ਉਹ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਿਆ ਤਾਂ ਮਗ਼ਰਬੀ-ਮਸ਼ਰਕੀ ਪੰਜਾਬਾਂ ਤੋਂ ਬਿਨਾਂ ਸਮੁੱਚੇ ਭਾਰਤ ਹੀ ਨਹੀਂ, ਏਸ਼ੀਆ ਦੇ ਕਈ ਦੇਸ਼ਾਂ ਵਿਚ ਵੀ ਜਸ਼ਨ ਮਨਾਏ ਗਏ ਸਨ। ਸਾਮਰਾਜੀ ਬਰਤਾਨੀਆ, ਜਿਸ ਦੇ ਰਾਜ ਵਿਚ ਕਦੇ ਸੂਰਜ ਨਹੀਂ ਸੀ ਡੁੱਬਦਾ, ਉਸ ਦਾ ਪ੍ਰਧਾਨ ਮੰਤਰੀ ਸਦੀਆਂ ਤੱਕ ਗ਼ੁਲਾਮ ਰਹੇ ਦੇਸ਼ ਦੇ ਪਿਛੋਕੜ ਵਾਲਾ ਬਾਸ਼ਿੰਦਾ ਬਣੇ, ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਕੋਵਿਡ ਮਹਾਮਾਰੀ ਵੇਲੇ ਆਪਣੀ ਸਰਕਾਰੀ ਰਿਹਾਇਸ਼ ’ਤੇ ਦਾਅਵਤਾਂ ਦੇਣ ਕਾਰਨ ਬਦਨਾਮ ਹੋਏ ਬੋਰਿਸ ਜੌਹਨਸਨ (24 ਜੁਲਾਈ 2019-6 ਸਤੰਬਰ 2022) ਨੂੰ ਜਦੋਂ ਸੱਤਾ ਤੋਂ ਲਾਂਭੇ ਕੀਤਾ ਗਿਆ ਤਾਂ ਗੁਣਾ ਗੋਰੀ ਸੰਸਦ ਮੈਂਬਰ ਲਿਜ਼ ਟਰੱਸ ’ਤੇ ਪੈ ਗਿਆ।

ਕੋਰੋਨਾ ਤੋਂ ਬਾਅਦ ਆਰਥਿਕ ਤੌਰ ’ਤੇ ਬੁਰੀ ਤਰ੍ਹਾਂ ਝੰਬੇ ਦੇਸ਼ ਦੀ ਵਾਗਡੋਰ ਸੰਭਾਲਣ ਦੇ ਦੋ ਮਹੀਨਿਆਂ ਦੇ ਅੰਦਰ-ਅੰਦਰ ਹੀ ਉਸ ਨੇ 25 ਅਕਤੂਬਰ 2022 ਨੂੰ ਅਸਤੀਫ਼ਾ ਦੇ ਦਿੱਤਾ। ਅਜਿਹੇ ਹਾਲਾਤ ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਾ ਵੱਡੀ ਚੁਣੌਤੀ ਸੀ। ਕੰਜ਼ਰਵੇਟਿਵ ਪਾਰਟੀ ਨੂੰ ਆਸ ਸੀ ਕਿ ਵਿੱਤੀ ਦੁਨੀਆ ਦਾ ਬੇਤਾਜ ਬਾਦਸ਼ਾਹ ਰਿਸ਼ੀ ਸੁਨਕ ਦੇਸ਼ ਦੇ ਲੀਹੋਂ ਲੱਥੇ ਅਰਥਚਾਰੇ ਨੂੰ ਮੁੜ ਪਟੜੀ ’ਤੇ ਲੈ ਆਵੇਗਾ। ਰਿਸ਼ੀ ਦੇ ਖ਼ੂਨ ਵਿਚ ਵਪਾਰ ਸੀ। ਉਸ ਦਾ ਦਾਦਾ-ਪੜਦਾਦਾ ਖੱਤਰੀ ਵਪਾਰੀ ਸਨ। ਮਾਇਆ ਨੂੰ ਜਰਬਾਂ ਦੇਣ ਦੀ ਆਸ ਵਿਚ ਉਸ ਦਾ ਦਾਦਾ ਗੁੱਜਰਾਂਵਾਲਾ ਨੂੰ ਅਲਵਿਦਾ ਕਹਿ ਕੇ ਨੈਰੋਬੀ (ਕੀਨੀਆ) ਪਹੁੰਚ ਗਿਆ ਸੀ। ਰਿਸ਼ੀ ਦੇ ਪਿਤਾ ਯਸ਼ਵੀਰ ਦਾ ਜਨਮ 1949 ’ਚ ਨੈਰੋਬੀ ਵਿਖੇ ਹੋਇਆ ਤੇ ਉਹ ਚੜ੍ਹਦੀ ਜਵਾਨੀ ਵਿਚ ਬਰਤਾਨੀਆ ਚਲੇ ਗਏ। ਰਿਸ਼ੀ ਦਾ ਜਨਮ ਭਾਵੇਂ ਇੰਗਲੈਂਡ ਵਿਚ ਹੋਇਆ ਪਰ ਉਸ ਨੂੰ ਆਪਣੇ ਹਿੰਦੂ ਹੋਣ ’ਤੇ ਫ਼ਖ਼ਰ ਸੀ। ਉਸ ਦੇ ਕਈ ਰਿਸ਼ਤੇਦਾਰ ਅੱਜ ਵੀ ਚੜ੍ਹਦੇ ਪੰਜਾਬ ਖ਼ਾਸ ਤੌਰ ’ਤੇ ਲੁਧਿਆਣਾ ਵਿਚ ਰਹਿੰਦੇ ਹਨ।

ਰਿਸ਼ੀ ਸੁਨਕ ਦੀ ਬੀਵੀ ਇੰਫੋਸਿਸ ਦੇ ਪਿਤਾਮਾ ਐੱਨ ਆਰ ਨਾਰਾਇਣਾ ਮੂਰਤੀ ਦੀ ਧੀ ਅਕਸ਼ਾਂਤਾ ਹੈ। ਰਿਸ਼ੀ ਜਦੋਂ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਿਆ ਤਾਂ ਉਸ ਨੇ ਹਰ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਕੀਤਾ ਸੀ। ਆਮ ਚੋਣਾਂ ਤੋਂ ਪਹਿਲਾਂ ਹੀ ਚੋਣਾਂ ਦੇ ਐਲਾਨ ਨੇ ਉਸ ਦੀ ਸਿਆਸੀ ਤਬਾਹੀ ਦਾ ਮੁੱਢ ਬੰਨ੍ਹ ਦਿੱਤਾ ਸੀ। ਉਸ ਦੇ ਥੋੜ੍ਹ-ਚਿਰੇ ਰਾਜ-ਕਾਲ ਵਿਚ ਬਰਤਾਨੀਆ ਵਿਚ ਰਹਿੰਦੇ ਭਾਰਤਵੰਸ਼ੀਆਂ ਨੂੰ ਨਵੇਂ ਪੈਸੇ ਦਾ ਲਾਭ ਨਾ ਹੋਇਆ। ਉਸ ਦੀਆਂ ਤਮਾਮ ਨੀਤੀਆਂ-ਬਦਨੀਤੀਆਂ ਖ਼ੁਦ ਨੂੰ ਬਰਤਾਨਵੀ ਸਿੱਧ ਕਰਨ ਵੱਲ ਸੇਧਿਤ ਸਨ। ਮਹਿੰਗਾਈ ਦੀ ਮਾਰ ਕਾਰਨ ਕਈ ਕੰਜ਼ਰਵੇਟਿਵ ਨੇਤਾ ਵੀ ਉਸ ਦੇ ਖ਼ਿਲਾਫ਼ ਹੋ ਗਏ ਸਨ। ਚੋਣ ਪ੍ਰਚਾਰ ਵਿਚ ਉਹ ਪਰਵਾਸੀਆਂ ਨੂੰ ਰਾਹਤ ਦੇਣ ਦੀ ਬਜਾਏ ਉਨ੍ਹਾਂ ਦਾ ਜੀਣਾ ਮੁਹਾਲ ਕਰਨ ਲੱਗਾ। ਉਹ ਵੋਟਰਾਂ ਨੂੰ ਕਹਿੰਦਾ ਕਿ ਜੇ ਲੇਬਰ ਪਾਰਟੀ ਸੱਤਾ ਵਿਚ ਆ ਗਈ ਤਾਂ ਉਹ ਸ਼ਰਨਾਰਥੀਆਂ ਲਈ ਲਾਲ ਗਲੀਚੇ ਵਿਛਾ ਦੇਵੇਗੀ।

ਖ਼ੁਦ ਨੂੰ ਮਾਨਵ-ਅਧਿਕਾਰਾਂ ਦਾ ਅੰਤਰ-ਰਾਸ਼ਟਰੀ ਰੱਖਿਅਕ ਕਹਿਣ ਵਾਲੀ ਬਰਤਾਨੀਆ ਸਰਕਾਰ ਨੇ 65,000 ਕਿੱਲੋਮੀਟਰ ਦੂਰ ਗ਼ਰੀਬ ਅਫ਼ਰੀਕੀ ਦੇਸ਼ ਰਵਾਂਡਾ ਦੀ ਸਰਕਾਰ ਨਾਲ ਲਿਖਤੀ ਸਮਝੌਤਾ ਕੀਤਾ ਸੀ ਕਿ ਉਹ ਗ਼ੈਰ-ਕਾਨੂੰਨੀ ਤਰੀਕੇ ਨਾਲ ਯੂਕੇ ਆਏ ਸ਼ਰਨਾਰਥੀਆਂ ਨੂੰ ਉੱਥੇ ਭੇਜੇਗੀ ਜਿਸ ਦੇ ਬਦਲੇ ਉਹ ਉਸ ਨੂੰ 11,000 ਕਰੋੜ ਦੇਵੇਗੀ। ਇਸ ਸਮਝੌਤੇ ਨੇ ਯੂਕੇ ਵਿਚ ਸਿਆਸੀ ਸ਼ਰਨ ਦੀ ਆਸ ਨਾਲ ਇੰਗਲਿਸ਼ ਚੈਨਲ ਪਾਰ ਕਰ ਕੇ ਆਏ ਅਣਗਿਣਤ ਸ਼ਰਨਾਰਥੀਆਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਸਨ। ਸੁਨਕ ਨਾ ਬਰਤਾਨਵੀ ਬਣ ਸਕਿਆ ਅਤੇ ਨਾ ਭਾਰਤਵੰਸ਼ੀ। ਉਹ ਗੱਦੀ ਤੋਂ ਹੀ ਨਹੀਂ ਉਤਰਿਆ ਸਗੋਂ ਦੋਨਾਂ ਭਾਈਚਾਰਿਆਂ ਦੇ ਦਿਲਾਂ ’ਚੋਂ ਵੀ ਉਤਰ ਚੁੱਕਾ ਹੈ। ਖੱਬੇ-ਪੱਖੀ ਸੁਰ ਵਾਲੀ ਕੀਰ ਸਟਾਰਮਰ ਦੀ ਲੇਬਰ ਪਾਰਟੀ ਨੇ ਭਾਵੇਂ ਸ਼ਰਨਾਰਥੀਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਤੋਂ ਸੰਕੋਚ ਕੀਤਾ ਫਿਰ ਵੀ ਇਸ ਦੇ ਏਜੰਡੇ ’ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨਾ ਫ਼ਰਜ਼ ਵਾਂਗ ਦਰਜ ਹੈ।

ਸੰਨ 2019 ਦੀਆਂ ਸੰਸਦੀ ਚੋਣਾਂ ਵੇਲੇ ਜਾਰੀ ਕੀਤੇ ਚੋਣ ਮਨੋਰਥ ਪੱਤਰ ’ਚ ਲੇਬਰ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਜੇ ਉਹ ਸੱਤਾ ਵਿਚ ਆਈ ਤਾਂ ਉਹ 1919 ਦੇ ਜਲਿ੍ਆਂਵਾਲਾ ਬਾਗ਼ ਦੇ ਖ਼ੂਨੀ ਕਾਂਡ ਲਈ ਜਨਤਕ ਤੌਰ ’ਤੇ ਮਾਫ਼ੀ ਮੰਗੇਗੀ। ਲੇਬਰ ਪਾਰਟੀ ਨੇ ਬਰਤਾਨਵੀ ਰਾਜ ਵਿਚ ਹੋਏ ਨਸਲੀ ਵਿਤਕਰਿਆਂ ਤੇ ਮਨੁੱਖੀ ਘਾਣ ਦੀ ਜਾਂਚ ਕਰਵਾਉਣ ਦਾ ਵੀ ਵਾਅਦਾ ਕੀਤਾ ਸੀ। ਚੋਣ ਮੈਨੀਫੈਸਟੋ ਵਿਚ ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਮਿਲਟਰੀ ਇਮਦਾਦ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ। ਇਸ ਦਾ ਆਧਾਰ 2014 ਵਿਚ ਡੀਕਲਾਸੀਫਾਈ ਕੀਤੇ ਗਏ ਦਸਤਾਵੇਜ਼ ਸਨ। ਸਪਸ਼ਟ ਹੈ ਕਿ ਬਰਤਾਨੀਆ ਦੀ ਲੇਬਰ ਪਾਰਟੀ ਦਾ ਗਠਨ ਟਰੇਡ ਯੂਨੀਅਨਾਂ ਨੂੰ ਮਿਲਾ ਕੇ ਕੀਤਾ ਗਿਆ ਸੀ ਜੋ ਉਨ੍ਹਾਂ ਦੀ ਹਾਊਸ ਆਫ ਕਾਮਨਜ਼ ਵਿਚ ਨੁਮਾਇੰਦਗੀ ਕਰਦੀ ਰਹੀ। ਹੁਣ ਤੱਕ ਇਸ ਦੇ ਸੱਤ ਪ੍ਰਧਾਨ ਮੰਤਰੀ ਹਲਫ਼ ਲੈ ਚੁੱਕੇ ਹਨ। ਭਾਰਤ ਦੀ ਆਜ਼ਾਦੀ ਵੇਲੇ ਵੀ ਲੇਬਰ ਪਾਰਟੀ ਦੀ ਹੀ ਹਕੂਮਤ ਸੀ।

ਲੰਡਨ ਦੀ 10, ਡਾਊਨਿੰਗ ਸਟਰੀਟ (ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼) ਦੇ ਬਾਹਰ ਰਿਸ਼ੀ ਸੁਨਕ ਦੀ ਥਾਂ ਕੀਰ ਸਟਾਰਮਰ ਦੇ ਨਾਂ ਦੀ ਤਖ਼ਤੀ ਲੱਗਣ ਤੋਂ ਬਾਅਦ ਬਰਤਾਨੀਆ ਵਿਚ ਉਤਸਵ ਵਰਗਾ ਮਾਹੌਲ ਹੈ। ਕਿੰਗ ਚਾਰਲਸ-3 ਨੂੰ ਅਸਤੀਫ਼ਾ ਸੌਂਪਣ ਤੋਂ ਬਾਅਦ ਉਸ ਨੇ ਆਪਣੇ ਦੇਸ਼ ਵਾਸੀਆਂ ਕੋਲੋਂ ਮਾਫ਼ੀ ਮੰਗੀ ਹੈ। ਉਸ ਨੇ ਕਿਹਾ ਹੈ ਕਿ 14 ਸਾਲ ਬਾਅਦ ਕੰਜ਼ਰਵੇਟਿਵ ਪਾਰਟੀ ਦੀ ਕਰਾਰੀ ਹਾਰ ਤੋਂ ਉਹ ਲੋਕਾਂ ਦੇ ਦਿਲਾਂ ਅੰਦਰੋਂ ਫੁੱਟੇ ਲਾਵੇ ਨੂੰ ਭਲੀ ਭਾਂਤ ਭਾਂਪ ਸਕਦਾ ਹੈ। ਭਾਰਤੀ ਮੂਲ ਦੇ ਲੋਕਾਂ ਨੂੰ ਵੀ ਰਿਸ਼ੀ ਨੇ ਨਿਰਾਸ਼ ਕੀਤਾ ਹੈ। ਉਹ ਸਮਝਦੇ ਹਨ ਕਿ ਜੇ ਰਿਸ਼ੀ ਦੇਸ਼ ਦੀ ਆਰਥਿਕਤਾ ਨੂੰ ਮੁੜ ਪਟੜੀ ’ਤੇ ਲੈ ਆਉਣ ਵਿਚ ਸਹਾਈ ਹੁੰਦਾ ਤਾਂ ਏਸ਼ਿਆਈ ਲੋਕਾਂ ਦੀ ਠੁੱਕ ਬਣਨੀ ਸੀ। ਰਿਸ਼ੀ ਦੇ ਫੇਲ੍ਹ ਹੋਣ ਨਾਲ ਭਾਰਤਵੰਸ਼ੀਆਂ ਦਾ ਇਸ ਉੱਚ ਪਦਵੀ ’ਤੇ ਬੈਠਣਾ ਹੁਣ ਸੁਪਨਾ ਬਣ ਜਾਵੇਗਾ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਚੋਣਾਂ ਵਿਚ 12 ਪੰਜਾਬੀਆਂ ਸਣੇ 26 ਭਾਰਤਵੰਸ਼ੀਆਂ ਨੇ ਜਿੱਤ ਦਰਜ ਕਰਵਾਈ ਹੈ।

ਇਨ੍ਹਾਂ ਪੰਜਾਬੀਆਂ ਵਿਚ ਚਾਰ ਦਸਤਾਰਧਾਰੀ ਹਨ ਜੋ ਸੱਤਾ ਧਿਰ ਦਾ ਹਿੱਸਾ ਬਣੇ ਹਨ। ਤਨਮਨਜੀਤ ਸਿੰਘ ਢੇਸੀ ਨੇ ਤੀਜੀ ਵਾਰ ਸਾਂਸਦ ਬਣ ਕੇ ਨਵਾਂ ਇਤਿਹਾਸ ਸਿਰਜਿਆ ਹੈ। ਲੇਬਰ ਪਾਰਟੀ ਨੇ ਕੁੱਲ 685 ’ਚੋਂ 412 ਸੀਟਾਂ ਜਿੱਤੀਆਂ ਹਨ ਜਦਕਿ ਜਾਦੂਈ ਅੰਕੜਾ 326 ਹੈ। ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ’ਤੇ ਹੀ ਜਿੱਤ ਹਾਸਲ ਹੋਈ ਹੈ। ਪ੍ਰਧਾਨ ਮੰਤਰੀ ਦੇ ਅਹੁਦੇ ਦਾ ਹਲਫ਼ ਲੈਂਦਿਆਂ ਸਾਰ ਕੀਰ ਸਟਾਰਮਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲਈ ਦੇਸ਼ ਪਹਿਲਾਂ ਤੇ ਪਾਰਟੀ ਬਾਅਦ ’ਚ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ਦੇ ਪੁਨਰ-ਨਿਰਮਾਣ ਲਈ ਪੂਰੀ ਵਾਹ ਲਾਉਣਗੇ ਤਾਂ ਜੋ ਆਮ ਲੋਕਾਂ ਦਾ ਸਿਆਸਤ ’ਚ ਭਰੋਸਾ ਬਹਾਲ ਹੋ ਸਕੇ। ਨੀਤੀਗਤ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਲੇਬਰ ਪਾਰਟੀ ਇਕਦਮ ਬਦਲੀ ਹੋਈ ਸਿਆਸੀ ਜਮਾਤ ਵਾਂਗ ਵਿਚਰੇਗੀ। ਇਸ ਐਲਾਨ ਦੇ ਦੂਰਗਾਮੀ ਮਾਅਨੇ ਹਨ। ਇਤਿਹਾਸ ਦੀਆਂ ਪਰਤਾਂ ਫਰੋਲੀਏ ਤਾਂ ਪਤਾ ਚੱਲਦਾ ਹੈ ਕਿ ਸ਼ੁਰੂ ਵਿਚ ਭਾਰਤਵੰਸ਼ੀਆਂ ਦਾ ਝੁਕਾਅ ਲੇਬਰ ਪਾਰਟੀ ਵੱਲ ਸੀ। ਜਦੋਂ ਉਨ੍ਹਾਂ ਦੀਆਂ ਜੜ੍ਹਾਂ ਚੰਗੀ ਤਰ੍ਹਾਂ ਲੱਗ ਗਈਆਂ ਤਾਂ ਉਹ ਖ਼ੁਦ ਨੂੰ ਬਰਤਾਨਵੀ ਅਖਵਾਉਣ ਵਿਚ ਮਾਣ ਮਹਿਸੂਸ ਕਰਨ ਲੱਗ ਪਏ।

ਇਸੇ ਕਰਕੇ ਉਹ ਭਾਰਤ ਸਣੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਸ਼ਰਨਾਰਥੀਆਂ ਦੇ ਖ਼ਿਲਾਫ਼ ਭੁਗਤਦੇ ਰਹੇ। ਕੰਜ਼ਰਵੇਟਿਵ ਪਾਰਟੀ ਵੱਲ ਉਨ੍ਹਾਂ ਦਾ ਝੁਕਾਅ ਵੀ ਇਸ ਵੱਲ ਇਸ਼ਾਰਾ ਕਰਦਾ ਸੀ। ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਹੀ ਕੀਰ ਸਟਾਰਮਰ ਨੇ ਕਿਹਾ ਹੈ ਕਿ ਹੁਣ ਲੇਬਰ ਪਾਰਟੀ ਇਕਦਮ ਬਦਲੀ ਹੋਈ ਪਾਰਟੀ ਹੈ। ਇਸ ਬਿਆਨ ਤੋਂ ਬਾਅਦ ਸ਼ਰਨਾਰਥੀਆਂ ਦੇ ਮਨਾਂ ’ਚ ਤੌਖ਼ਲੇ ਪੈਦਾ ਹੋਣੇ ਕੁਦਰਤੀ ਵਰਤਾਰਾ ਹੈ। ਨਵੇਂ ਪ੍ਰਧਾਨ ਮੰਤਰੀ ਸਨਮੁੱਖ ਵੀ ਢੇਰ ਸਾਰੀਆਂ ਚੁਣੌਤੀਆਂ ਹਨ। ਕੰਜ਼ਰਵੇਟਿਵ ਪਾਰਟੀ ਦੇ 14 ਸਾਲ ਦੇ ਸ਼ਾਸਨ ਦੌਰਾਨ ਸਿਹਤ, ਸਿੱਖਿਆ ਅਤੇ ਟੈਕਸੇਸ਼ਨ ਆਦਿ ਦੇ ਵਿਗਾੜ ਨੇ ਹੀ ਉਸ ਕੋਲੋਂ ਸੱਤਾ ਖੋਹ ਕੇ ਲੇਬਰ ਪਾਰਟੀ ਨੂੰ ਜਿਤਾਇਆ ਹੈ। ਲੇਬਰ ਪਾਰਟੀ ਨੇ ਭਾਵੇਂ ‘ਇਸ ਵਾਰ ਚਾਰ ਸੌ ਪਾਰ’ ਦਾ ਨਾਅਰਾ ਨਹੀਂ ਸੀ ਦਿੱਤਾ ਪਰ ਭਾਰੀ ਬਹੁਮਤ ਹਾਸਲ ਕਰ ਕੇ ਇਸ ਨੇ ਇਕ ਵਾਰ ਫਿਰ ਇਤਿਹਾਸ ਸਿਰਜਿਆ ਹੈ।

ਸਾਂਝਾ ਕਰੋ

ਪੜ੍ਹੋ